ਪੰਜਾਬ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਨੇ 86 ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਜਿਸ ਵਿੱਚ ਸੀ.ਐਮ ਚਰਨਜੀਤ ਚੰਨੀ, ਸੁਖਜਿੰਦਰ ਰੰਧਾਵਾ, ਪ੍ਰਤਾਪ ਬਾਜਵਾ ਸਮੇਤ ਕਈ ਦਿੱਗਜਾਂ ਦੇ ਨਾਂ ਸ਼ਾਮਿਲ ਹਨ।
ਸੂਚੀ ਜਾਰੀ ਕਰਨ ਤੋਂ ਬਾਅਦ ਕਾਂਗਰਸ ਨੂੰ ਮੋਗਾ ਤੋਂ ਇੱਕ ਵੱਡਾ ਝਟਕਾ ਲੱਗਿਆ ਹੈ। ਦਰਅਸਲ ਮੋਗਾ ਤੋਂ ਮੌਜੂਦਾ ਵਿਧਾਇਕ ਹਰਜੋਤ ਕਮਲ ਟਿਕਟ ਕੱਟੇ ਜਾਣ ਮਗਰੋਂ ਕਾਂਗਰਸ ਛੱਡ ਭਾਜਪਾ ਦੇ ਵਿੱਚ ਸ਼ਾਮਿਲ ਹੋ ਗਏ ਹਨ। ਜ਼ਿਕਰਯੋਗ ਹੈ ਕਿ ਪਿਛਲੇ ਕੁੱਝ ਦਿਨਾਂ ਤੋਂ ਚਰਚਾ ਦਾ ਵਿਸ਼ਾ ਬਣੇ ਮੋਗਾ ਅਤੇ ਮਾਨਸਾ ਵਿਧਾਨ ਸਭਾ ਹਲਕਿਆਂ ‘ਚ ਵੀ ਕਾਂਗਰਸ ਨੇ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਇਸ ਦੌਰਾਨ ਪਿਛਲੇ ਕੁੱਝ ਦਿਨਾਂ ਤੋਂ ਚਰਚਾ ਦਾ ਵਿਸ਼ਾ ਬਣੀ ਮੋਗਾ ਸੀਟ ਤੋਂ ਕਾਂਗਰਸ ਨੇ ਮੌਜੂਦਾ ਵਿਧਾਇਕ ਹਰਜੋਤ ਕਮਲ ਦੀ ਟਿਕਟ ਕੱਟ ਕੇ ਅਦਾਕਾਰ ਸੋਨੂ ਸੂਦ ਦੀ ਭੈਣ ਮਾਲਵਿਕਾ ਸੂਦ ਨੂੰ ਚੋਣ ਮੈਦਾਨ ‘ਚ ਉਤਾਰਿਆ ਹੈ। ਜਿਸ ਤੋਂ ਬਾਅਦ ਹੁਣ ਵਿਧਾਇਕ ਹਰਜੋਤ ਕਮਲ ਚੰਡੀਗੜ੍ਹ ਵਿਖੇ ਭਾਜਪਾ ਦੇ ਦਫਤਰ ਪਹੁੰਚੇ ਸਨ। ਹਰਜੋਤ ਕਮਲ ਟਿਕਟ ਕੱਟਣ ਤੋਂ ਬਾਅਦ ਹੁਣ ਕਾਂਗਰਸ ਨੂੰ ਅਲਵਿਦਾ ਆਖ ਕੇ ਭਾਜਪਾ ਦੇ ਵਿੱਚ ਸ਼ਾਮਿਲ ਹੋ ਗਏ ਹਨ।
ਇਸ ਤੋਂ ਪਹਿਲਾ ਵਿਧਾਇਕ ਵੱਲੋਂ ਬਗਾਵਤ ਵੀ ਕੀਤੀ ਗਈ ਸੀ। ਹਰਜੋਤ ਕਮਲ ਦਾ ਕਹਿਣਾ ਸੀ ਕਿ ਉਨ੍ਹਾਂ ਨੇ ਪਾਰਟੀ ਲਈ ਤੇ ਹਲਕੇ ਦੇ ਲੋਕਾਂ ਲਈ ਬਹੁਤ ਕੁਝ ਕੀਤਾ ਹੈ, ਜਿਸ ਕਾਰਨ ਉਹ ਮੋਗਾ ਦੀ ਸੀਟ ਨੂੰ ਆਪਣੇ ਹੱਥੋਂ ਨਹੀਂ ਗੁਆਉਣਾ ਚਾਹੁੰਦੇ। ਉਨ੍ਹਾਂ ਨੇ ਚੇਤਾਵਨੀ ਦਿੰਦਿਆਂ ਵੀ ਕਿਹਾ ਸੀ ਕਿ ਜੇਕਰ ਪਾਰਟੀ ਵੱਲੋਂ ਕਿਸੇ ਹੋਰ ਨੂੰ ਇਸ ਸੀਟ ਲਈ ਉਮੀਦਵਾਰ ਐਲਾਨਿਆ ਗਿਆ ਤਾਂ ਉਹ ਘੜੇ ਤੋਂ ਕੌਲਾ ਚੁੱਕ ਦੇਣਗੇ ਤੇ ਪੂਰੀ ਤਰ੍ਹਾਂ ਵਿਰੋਧ ਕਰਨਗੇ। ਉਨ੍ਹਾਂ ਕਿਹਾ ਸੀ ਕਿ ਮੈਂ ਮੋਗਾ ਤੋਂ ਚੋਣ ਲੜਾਂਗਾ ਵੀ ਤੇ ਜਿੱਤਾਂਗੇ ਵੀ। ਹੁਣ ਦੇਖਣਾ ਹੋਵੇਗਾ ਕਿ ਕੀ ਮੋਗੇ ਦੇ ਲੋਕ ਹਰਜੋਤ ਕਮਲ ਦਾ ਸਾਥ ਦੇਣਗੇ ਜਾ ਨਹੀਂ।
ਵੀਡੀਓ ਲਈ ਕਲਿੱਕ ਕਰੋ -: