Rahul and Priyanka Gandhi to visit: ਹਾਥਰਸ ਸਮੂਹਿਕ ਬਲਾਤਕਾਰ ਦੀ ਘਟਨਾ ਨੂੰ ਲੈ ਕੇ ਕਾਂਗਰਸ ਹਮਲਾਵਰ ਹੈ । ਪਾਰਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਅਤੇ ਜਨਰਲ ਸੈਕਟਰੀ ਪ੍ਰਿਯੰਕਾ ਗਾਂਧੀ ਪੀੜਤ ਦੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਲਈ ਦੋ ਦਿਨ ਪਹਿਲਾਂ ਹੀ ਹਾਥਰਸ ਲਈ ਰਵਾਨਾ ਹੋਏ ਸੀ। ਉਦੋਂ ਪੁਲਿਸ ਨੇ ਦੋਵਾਂ ਨੂੰ ਗ੍ਰੇਟਰ ਨੋਇਡਾ ਦੇ ਪਰੀ ਚੌਕ ਵਿਖੇ ਰੋਕ ਲਿਆ ਅਤੇ ਉਨ੍ਹਾਂ ਨੂੰ ਵਾਪਸ ਦਿੱਲੀ ਭੇਜ ਦਿੱਤਾ ਸੀ । ਜਿਸ ਤੋਂ ਬਾਅਦ ਰਾਹੁਲ ਗਾਂਧੀ ਅੱਜ ਫਿਰ ਹਾਥਰਸ ਲਈ ਰਵਾਨਾ ਹੋਣਗੇ।
ਦੱਸਿਆ ਜਾ ਰਿਹਾ ਹੈ ਕਿ ਉਹ ਦੁਪਹਿਰ ਦੇ ਸਮੇਂ ਹਾਥਰਸ ਲਈ ਰਵਾਨਾ ਹੋਣਗੇ। ਕਾਂਗਰਸ ਦੇ ਸੰਸਦ ਮੈਂਬਰਾਂ ਦੀ ਇੱਕ ਪਾਰਟੀ ਵੀ ਉਨ੍ਹਾਂ ਦੇ ਨਾਲ ਹੋਵੇਗੀ । ਰਾਹੁਲ ਗਾਂਧੀ ਦੀ ਅਗਵਾਈ ਹੇਠ ਇਹ ਵਫ਼ਦ ਪੀੜਤ ਪਰਿਵਾਰ ਦੇ ਮੈਂਬਰਾਂ ਨਾਲ ਮੁਲਾਕਾਤ ਕਰੇਗਾ ਅਤੇ ਉਨ੍ਹਾਂ ਦਾ ਦੁੱਖ ਸਾਂਝਾ ਕਰੇਗਾ । ਪੀੜਤ ਪਰਿਵਾਰ ਨੂੰ ਇਨਸਾਫ ਤੋਂ ਇਨਕਾਰ ਕਰਨ ਦਾ ਦੋਸ਼ ਲਾਉਂਦਿਆਂ, ਕਾਂਗਰਸ ਨੇ ਕਿਹਾ ਹੈ ਕਿ ਸਰਕਾਰ ਭਾਰੀ ਪੁਲਿਸ ਫੋਰਸ ਤਾਇਨਾਤ ਕਰਕੇ ਅਤੇ ਮੀਡੀਆ ਨੂੰ ਰੋਕ ਕੇ ਪੀੜਤ ਪਰਿਵਾਰ ਨੂੰ ਨਿਰਾਸ਼ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
ਗੌਰਤਲਬ ਹੈ ਕਿ ਰਾਹੁਲ ਗਾਂਧੀ ਨੇ ਹਾਥਰਾਸ ਦੀ ਘਟਨਾ ਨੂੰ ਲੈ ਕੇ ਯੂਪੀ ਸਰਕਾਰ ਖਿਲਾਫ ਸੋਸ਼ਲ ਮੀਡੀਆ ‘ਤੇ ਇੱਕ ਮੋਰਚਾ ਖੋਲ੍ਹ ਦਿੱਤਾ ਹੈ । ਪਿੰਡ ਵਿੱਚ ਭਾਰੀ ਪੁਲਿਸ ਫੋਰਸ ਦੀ ਤਾਇਨਾਤੀ ਤੋਂ ਲੈ ਕੇ ਪਿੰਡ ਦੀ ਸਰਹੱਦ ਦੀ ਸੀਲਿੰਗ ਤੱਕ ਰਾਹੁਲ ਨੇ ਹਰ ਵਿਸ਼ੇ ‘ਤੇ ਟਵੀਟ ਕਰਕੇ ਜਵਾਬ ਦਿੱਤਾ ਅਤੇ ਸੀਐਮ ਯੋਗੀ ਦੀ ਅਗਵਾਈ ਵਾਲੀ ਯੂਪੀ ਸਰਕਾਰ ਦਾ ਘਿਰਾਓ ਕੀਤਾ। ਇਸ ਦੇ ਨਾਲ ਹੀ ਪ੍ਰਿਅੰਕਾ ਗਾਂਧੀ ਨੇ ਦਿੱਲੀ ਦੇ ਵਾਲਮੀਕਿ ਮੰਦਿਰ ਵਿੱਚ ਹਾਥਰਸ ਦੀ ਪੀੜਤ ਲਈ ਆਯੋਜਿਤ ਇੱਕ ਪ੍ਰੋਗਰਾਮ ਵਿੱਚ ਵੀ ਸ਼ਿਰਕਤ ਕੀਤੀ ਸੀ ।
ਦੱਸ ਦੇਈਏ ਕਿ ਰਾਹੁਲ ਦੋ ਦਿਨ ਪਹਿਲਾਂ ਵੀ ਭੈਣ ਪ੍ਰਿਯੰਕਾ ਨਾਲ ਹਾਥਰਸ ਲਈ ਰਵਾਨਾ ਹੋਏ ਸਨ, ਪਰ ਪੁਲਿਸ ਨੇ ਉਨ੍ਹਾਂ ਨੂੰ ਗ੍ਰੇਟਰ ਨੋਇਡਾ ਦੇ ਪਰੀ ਚੌਕ ਖੇਤਰ ਵਿੱਚ ਰੋਕ ਲਿਆ ਅਤੇ ਉਨ੍ਹਾਂ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਵਾਪਸ ਦਿੱਲੀ ਭੇਜ ਦਿੱਤਾ ਸੀ । ਇਸ ਦੌਰਾਨ ਰਾਹੁਲ ਗਾਂਧੀ, ਉਨ੍ਹਾਂ ਦੇ ਸਮਰਥਕਾਂ ਅਤੇ ਪੁਲਿਸ ਵਿਚਾਲੇ ਹਾਥਰਸ ਜਾਣ ਦੀ ਜ਼ਿੱਦ ‘ਤੇ ਤਿੱਖਾ ਵਿਵਾਦ ਹੋਇਆ ਸੀ । ਇਸ ਮਾਮਲੇ ਵਿੱਚ ਨੋਇਡਾ ਪੁਲਿਸ ਨੇ 153 ਕਾਂਗਰਸੀ ਨੇਤਾਵਾਂ, ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਸਮੇਤ 50 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਵੀ FIR ਦਰਜ ਕੀਤੀ ਸੀ। ਇਹ FIR ਮਹਾਂਮਾਰੀ ਐਕਟ ਅਤੇ ਧਾਰਾ 144 ਦੀ ਉਲੰਘਣਾ ਕਰਨ ਲਈ ਦਰਜ ਕੀਤੀ ਗਈ ਸੀ।