Rahul attacks Govt on India: ਨਵੀਂ ਦਿੱਲੀ: ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਕੇਂਦਰ ਸਰਕਾਰ ‘ਤੇ ਹਮਲਾ ਕਰਦਿਆਂ ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਗਲੋਬਲ ਹੰਗਰ ਇੰਡੈਕਸ 2020 ਵਿੱਚ ਭਾਰਤ ਦੀ ਸਥਿਤੀ ਨੂੰ ਲੈ ਕੇ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ । ਗਲੋਬਲ ਹੰਗਰ ਇੰਡੈਕਸ ਵਿੱਚ ਭੁੱਖਮਰੀ ਦੀ ਸਥਿਤੀ ਵਿੱਚ 107 ਦੇਸ਼ਾਂ ਵਿੱਚੋਂ ਭਾਰਤ 94ਵੇਂ ਨੰਬਰ ‘ਤੇ ਹੈ। ਰਾਹੁਲ ਗਾਂਧੀ ਨੇ ਸਰਕਾਰ ‘ਤੇ ਇਸ ਗਲੋਬਲ ਇੰਡੈਕਸ ਦੀ ਮਦਦ ਨਾਲ ਆਪਣੇ ਕੁਝ ਦੋਸਤਾਂ ਦੀਆਂ ਜੇਬਾਂ ਭਰਨ ਦਾ ਦੋਸ਼ ਲਾਇਆ ਹੈ।
ਰਾਹੁਲ ਗਾਂਧੀ ਨੇ ਸ਼ਨੀਵਾਰ ਨੂੰ ਆਪਣੇ ਟਵੀਟ ਵਿੱਚ ਲਿਖਿਆ, “ਭਾਰਤ ਦੇ ਗਰੀਬ ਭੁੱਖੇ ਹਨ ਕਿਉਂਕਿ ਸਰਕਾਰ ਕੁਝ ਖਾਸ ਦੋਸਤਾਂ ਦੀਆਂ ਜੇਬਾਂ ਭਰ ਰਹੀ ਹੈ।” ਦਰਅਸਲ, ਜਿੱਥੋਂ ਤੱਕ ਭੁੱਖਮਰੀ ਅਤੇ ਕੁਪੋਸ਼ਣ ਦੀ ਗੱਲ ਹੈ, ਭਾਰਤ ਆਪਣੇ ਛੋਟੇ ਗੁਆਂਢੀ ਦੇਸ਼ਾਂ ਨੇਪਾਲ, ਬੰਗਲਾਦੇਸ਼ ਅਤੇ ਪਾਕਿਸਤਾਨ ਤੋਂ ਵੀ ਪਛੜ ਗਿਆ ਹੈ। 107 ਦੇਸ਼ਾਂ ਦੀ ਇਸ ਸੂਚੀ ਵਿੱਚ ਭਾਰਤ 94ਵੇਂ ਨੰਬਰ ‘ਤੇ ਹੈ । ਰਿਪੋਰਟ ਅਨੁਸਾਰ, ਭਾਰਤ ਭੁੱਖਮਰੀ ਦੇ ਅਜਿਹੇ ਪੱਧਰ ਦਾ ਸਾਹਮਣਾ ਕਰ ਰਿਹਾ ਹੈ, ਜਿਸ ਨੂੰ ਗੰਭੀਰ ਮੰਨਿਆ ਜਾਂਦਾ ਹੈ।
GHI ਵਿੱਚ ਸਾਲ 2014 ਵਿੱਚ 55ਵੇਂ ਨੰਬਰ ‘ਤੇ ਮੌਜੂਦ ਰਿਹਾ। ਭਾਰਤ 2019 ਵਿੱਚ 102ਵੇਂ ਸਥਾਨ ‘ਤੇ ਸੀ। ਹਾਲਾਂਕਿ, ਸੂਚੀ ਵਿੱਚ ਦਰਜ ਦੇਸ਼ਾਂ ਦੀ ਗਿਣਤੀ ਹਰ ਸਾਲ ਵੱਧ ਰਹੀ ਹੈ। ਸਾਲ 2014 ਵਿੱਚ ਭਾਰਤ 76 ਦੇਸ਼ਾਂ ਦੀ ਸੂਚੀ ਵਿੱਚ 55 ਵੇਂ ਨੰਬਰ ‘ਤੇ ਸੀ। ਸਾਲ 2017 ਵਿੱਚ ਇਹ 119 ਦੇਸ਼ਾਂ ਦੀ ਸੂਚੀ ਵਿੱਚ 100ਵੇਂ ਸਥਾਨ ‘ਤੇ ਸੀ ਅਤੇ ਸਾਲ 2018 ਵਿੱਚ ਇਹ 119 ਦੇਸ਼ਾਂ ਦੀ ਸੂਚੀ ਵਿੱਚ 103ਵੇਂ ਸਥਾਨ ‘ਤੇ ਸੀ।