Rahul attacks PM over VVIP aircraft: ਨਵੀਂ ਦਿੱਲੀ: ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਇੱਕ ਵੀਡੀਓ ਦੇ ਜ਼ਰੀਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਨਿਸ਼ਾਨਾ ਸਾਧਿਆ ਹੈ। ਸੋਸ਼ਲ ਮੀਡੀਆ ‘ਤੇ ਵੀਡੀਓ ਪੋਸਟ ਕਰਦਿਆਂ, ਕਾਂਗਰਸੀ ਨੇਤਾ ਨੇ ਪੁੱਛਿਆ ਹੈ ਕਿ ਇਹ ਕਿੱਥੇ ਦਾ ਨਿਆਂ ਹੈ ਕਿ 8400 ਕਰੋੜ ਰੁਪਏ ਖਰਚ ਕੇ ਪ੍ਰਧਾਨ ਮੰਤਰੀ ਲਈ ਇੱਕ ਆਲੀਸ਼ਾਨ ਹਵਾਈ ਜਹਾਜ਼ ਖਰੀਦਿਆ ਜਾਵੇ ਅਤੇ ਸੈਨਿਕਾਂ ਨੂੰ ਬਿਨਾਂ ਬੁਲੇਟ ਪਰੂਫ ਟਰੱਕਾਂ ਵਿੱਚ ਸ਼ਹੀਦ ਹੋਣ ਲਈ ਭੇਜ ਦਿੱਤਾ ਜਾਵੇ। ਉਨ੍ਹਾਂ ਨੇ ਟਵੀਟ ਕੀਤਾ, “ਸਾਡੇ ਸੈਨਿਕਾਂ ਨੂੰ ਨਾਨ-ਬੁਲੇਟ ਪਰੂਫ ਟਰੱਕ ਵਿੱਚ ਸ਼ਹੀਦ ਹੋਣ ਲਈ ਭੇਜਿਆ ਜਾ ਰਿਹਾ ਹੈ! ਅਤੇ PM ਲਈ 8400 ਕਰੋੜ ਦੇ ਜਹਾਜ਼! ਕੀ ਇਹ ਇਨਸਾਫ ਹੈ?” ਅੱਜ ਪੋਸਟ ਕੀਤੀ ਗਈ ਵੀਡੀਓ ਵਿੱਚ ਇੱਕ ਟਰੱਕ ‘ਚ ਜਵਾਨ ਬੈਠੇ ਹਨ ਜੋ ਆਪਸ ਵਿੱਚ ਗੱਲਾਂ ਕਰ ਰਹੇ ਹਨ। ਉਨ੍ਹਾਂ ਵਿੱਚੋਂ ਇੱਕ ਕਹਿੰਦਾ ਹੈ ਕਿ ਬਿਨਾਂ ਬੁਲੇਟ ਪਰੂਫ ਵਾਹਨਾਂ ਵਿੱਚ ਭੇਜਿਆ ਜਾ ਰਿਹਾ ਹੈ ਸਾਡੀ ਜ਼ਿੰਦਗੀ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਪਿੱਛਲੇ ਹਫ਼ਤੇ, ਕਿਸਾਨ ਵਿਰੋਧੀ ਬਿੱਲ ਵਿਰੁੱਧ ਪੰਜਾਬ ਵਿੱਚ ਇੱਕ ਰੋਸ ਪ੍ਰਦਰਸ਼ਨ ਦੌਰਾਨ ਰਾਹੁਲ ਗਾਂਧੀ ਨੇ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ ਵਿਰੋਧੀ ਨੀਤੀਆਂ ਅਤੇ ਕਾਰਵਾਈਆਂ ਨਾਲ ਦੇਸ਼ ਨੂੰ ਕਮਜ਼ੋਰ ਕੀਤਾ ਹੈ।
ਰਾਹੁਲ ਗਾਂਧੀ ਦੀ ਤਰਫੋਂ, ਚੀਨ ਨਾਲ ਸਰਹੱਦੀ ਵਿਵਾਦ ਅਤੇ ਸੈਨਿਕਾਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਦਾ ਮੁੱਦਾ ਲਗਾਤਾਰ ਉਠਾਇਆ ਜਾ ਰਿਹਾ ਹੈ। ਦੋ ਦਿਨ ਪਹਿਲਾਂ, ਰਾਹੁਲ ਗਾਂਧੀ ਨੇ ਟਵੀਟ ਕੀਤਾ, “ਪ੍ਰਧਾਨ ਮੰਤਰੀ ਨੇ ਆਪਣੇ ਲਈ 8400 ਕਰੋੜ ਰੁਪਏ ਦਾ ਇੱਕ ਜਹਾਜ਼ ਖਰੀਦਿਆ … ਇਨੇ ‘ਚ ਸੀਆਚਿਨ-ਲੱਦਾਖ ਸਰਹੱਦ ‘ਤੇ ਤਾਇਨਾਤ ਸਾਡੇ ਸੈਨਿਕਾਂ ਲਈ ਕਿੰਨਾ ਕੁੱਝ ਖਰੀਦਿਆ ਜਾ ਸਕਦਾ ਹੈ: ਗਰਮ ਕੱਪੜੇ: 30,00,000, ਜੈਕਟ, ਦਸਤਾਨੇ: 60,00,000..ਬੂਟ: 67,20,000.. ਆਕਸੀਜਨ ਸਿਲੰਡਰ: 16,80,000..ਪੀਐਮ ਸਿਰਫ ਆਪਣੇ ਅਕਸ ਬਾਰੇ ਚਿੰਤਤ ਹੈ, ਸੈਨਿਕਾਂ ਲਈ ਨਹੀਂ।”