Rahul Gandhi Adviceing to Pm: ਨਵੀਂ ਦਿੱਲੀ: ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦੇਸ਼ ਅਤੇ ਕਿਸਾਨਾਂ ਦੇ ਹਿੱਤ ਵਿੱਚ ਫਾਰਮਰ ਬਿੱਲਾਂ ਨੂੰ ਤੁਰੰਤ ਵਾਪਿਸ ਲੈਣ ਦੀ ਨਸੀਹਤ ਦਿੱਤੀ ਹੈ। ਰਾਹੁਲ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਕਿਹਾ ਹੈ ਕਿ ਉਹ ਕਿਸਾਨਾਂ ਨੂੰ ਘੱਟੋ ਘੱਟ ਸਮਰਥਨ ਮੁੱਲ ਦੀ ਗਰੰਟੀ ਦੇਣ। ਉਨ੍ਹਾਂ ਕਿਹਾ ਕਿ ਦੇਸ਼ ਭਰ ਦੇ ਕਿਸਾਨਾਂ ਦੀਆਂ ਮੰਗਾਂ ਜਾਇਜ਼ ਹਨ। ਇੱਕ ਵੀਡੀਓ ਸੰਦੇਸ਼ ਜਾਰੀ ਕਰਦਿਆਂ ਰਾਹੁਲ ਨੇ ਟਵੀਟ ਕੀਤਾ, “ਜਾਇਜ਼ ਮੰਗਾਂ ਹਨ ਕਿਸਾਨਾਂ ਦੀਆਂ, ਦੇਸ਼ ਦੀ ਆਵਾਜ਼ ਸੁਣੋ, ਮੋਦੀ ਜੀ। ਜੈ ਕਿਸਾਨ, ਜੈ ਹਿੰਦੋਸਤਾਨ। #SpeakUpForFarmers।” ਤਕਰੀਬਨ ਡੇਢ ਮਿੰਟ ਦੇ ਇੱਕ ਵੀਡੀਓ ਸੰਦੇਸ਼ ਵਿੱਚ, ਰਾਹੁਲ ਨੇ ਕਿਸਾਨਾਂ ਨੂੰ ਸੰਬੋਧਿਤ ਕਰਦਿਆਂ ਕਿਹਾ, “ਕਿਸਾਨ ਭਰਾਵੋ, ਤੁਹਾਡੇ ਉੱਤੇ ਇੱਕ ਤੇਜ਼ ਹਮਲਾ ਚੱਲ ਰਿਹਾ ਹੈ। ਸਭ ਤੋਂ ਪਹਿਲਾਂ ਨੋਟਬੰਦੀ ਫਿਰ ਜੀਐਸਟੀ ਅਤੇ ਫਿਰ ਕੋਰੋਨਾ ਦੇ ਸਮੇਂ ਤੁਹਾਨੂੰ ਇੱਕ ਰੁਪਿਆ ਵੀ ਨਹੀਂ ਦਿੱਤਾ ਗਿਆ, ਤੁਹਾਨੂੰ ਮਾਰਨ ਦੀ ਕੋਸ਼ਿਸ ਕੀਤੀ ਜਾ ਰਹੀ ਹੈ। ਤੁਹਾਨੂੰ ਗ਼ੁਲਾਮ ਬਣਾਇਆ ਜਾ ਰਿਹਾ ਹੈ। ਕਾਰਪੋਰੇਟਸ ਦਾ ਗ਼ੁਲਾਮ ਬਣਾਇਆ ਜਾ ਰਿਹਾ ਹੈ। ਅਤੇ ਹੁਣ ਇਹ ਤਿੰਨ ਭਿਆਨਕ ਕਾਨੂੰਨ, ਤੁਹਾਨੂੰ ਖਤਮ ਕਰਨ ਲਈ ਕਾਨੂੰਨ, ਤੁਹਾਡੇ ਪੈਰਾਂ ‘ਤੇ ਕੁਹਾੜੀ ਮਾਰਨ ਵਾਲੇ ਕਾਨੂੰਨ ਲਿਆਂਦੇ ਗਏ ਹਨ, ਅਸੀਂ ਤੁਹਾਡੇ ਨਾਲ ਖੜੇ ਹਾਂ ਅਤੇ ਅਸੀਂ ਇਨ੍ਹਾਂ ਕਾਨੂੰਨਾਂ ਨੂੰ ਰੋਕਾਂਗੇ ਅਤੇ ਇਨ੍ਹਾਂ ਨੂੰ ਇਕੱਠੇ ਹੋ ਕੇ ਰੋਕਾਂਗੇ।”
ਰਾਹੁਲ ਗਾਂਧੀ ਨੇ ਵੀਡੀਓ ਵਿੱਚ ਕਿਹਾ, “ਅਸੀਂ ਸਰਕਾਰ ਨੂੰ ਕਹਿਣਾ ਚਾਹੁੰਦੇ ਹਾਂ ਕਿ ਤੁਸੀਂ ਵੱਡੀ ਗਲਤੀ ਕੀਤੀ ਹੈ। ਜੇਕਰ ਕਿਸਾਨ ਸੜਕ ‘ਤੇ ਉਤਰਦਾ ਹੈ ਤਾਂ ਬਹੁਤ ਨੁਕਸਾਨ ਹੋਣ ਵਾਲਾ ਹੈ। ਇਸ ਕਾਨੂੰਨ ਨੂੰ ਵਾਪਿਸ ਲਓ। ਸਮਾਂ ਬਰਬਾਦ ਨਾ ਕਰੋ ਅਤੇ ਕਿਸਾਨਾਂ ਨੂੰ ਐਮ.ਐੱਸ.ਪੀ. ਦੀ ਗਰੰਟੀ ਦਿਓ।” ਹਾਲ ਹੀ ਵਿੱਚ, ਸੰਸਦ ਨੇ ਵਿਰੋਧੀਆਂ ਦੇ ਹੰਗਾਮੇ ਦਰਮਿਆਨ ਤਿੰਨ ਕਿਸਾਨ ਬਿੱਲ ਪਾਸ ਕੀਤੇ ਹਨ। ਦੇਸ਼ ਭਰ ਦੇ ਕਿਸਾਨ ਵੀ ਇਨ੍ਹਾਂ ਬਿੱਲਾਂ ਦਾ ਵਿਰੋਧ ਕਰ ਰਹੇ ਹਨ। ਖ਼ਾਸਕਰ ਪੰਜਾਬ ਅਤੇ ਹਰਿਆਣਾ ਦੇ ਕਿਸਾਨ ਇਨ੍ਹਾਂ ਬਿੱਲਾਂ ਦਾ ਵਿਰੋਧ ਕਰ ਰਹੇ ਹਨ। ਪਿੱਛਲੇ ਤਿੰਨ ਦਿਨਾਂ ਤੋਂ ਪੰਜਾਬ ਵਿੱਚ ਰੇਲ ਰੋਕੋ ਅੰਦੋਲਨ ਚੱਲ ਰਿਹਾ ਹੈ। ਕਿਸਾਨਾਂ ਨੂੰ ਡਰ ਹੈ ਕਿ ਨਵਾਂ ਕਾਨੂੰਨ ਉਨ੍ਹਾਂ ਨੂੰ ਮਿਲਣ ਵਾਲੇ ਘੱਟੋ ਘੱਟ ਸਮਰਥਨ ਮੁੱਲ ਤੋਂ ਵਾਂਝਾ ਕਰ ਦੇਵੇਗਾ। ਇਸ ਤੋਂ ਇਲਾਵਾ ਸਰਕਾਰੀ ਏਜੰਸੀਆਂ ਉਨ੍ਹਾਂ ਦੇ ਉਤਪਾਦਾਂ ਨਹੀਂ ਖਰੀਦ ਸਕਣਗੀਆਂ ਅਤੇ ਨਿੱਜੀ ਨਿਵੇਸ਼ਕ , ਕਾਰਪੋਰੇਟ ਦੀ ਘੁਸਪੈਠ ਹੋਵੇਗੀ। ਇਸ ਕਾਰਨ, ਕਿਸਾਨ ਆਪਣੀ ਉਪਜ ਦਾ ਉਚਿਤ ਮੁੱਲ ਪ੍ਰਾਪਤ ਨਹੀਂ ਕਰ ਸਕਣਗੇ।