Rahul Gandhi attacks Centre: ਨਵੀਂ ਦਿੱਲੀ: ਕਾਂਗਰਸ ਨੇਤਾ ਰਾਹੁਲ ਗਾਂਧੀ ਵੱਲੋਂ ਲਗਾਤਾਰ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ‘ਤੇ ਹਮਲਾ ਬੋਲਿਆ ਜਾ ਰਿਹਾ ਹੈ। ਹੁਣ ਮੰਗਲਵਾਰ ਨੂੰ ਰਾਹੁਲ ਗਾਂਧੀ ਨੇ ਮੋਦੀ ਸਰਕਜਰ ‘ਤੇ LIC ਵਿੱਚ ਹਿੱਸੇਦਾਰੀ ਵੇਚਣ ਨੂੰ ਲੈ ਕੇ ਨਿਸ਼ਾਨਾ ਸਾਧਿਆ ਹੈ। ਕਾਂਗਰਸੀ ਨੇਤਾ ਦਾ ਕਹਿਣਾ ਹੈ ਕਿ ਮੋਦੀ ਜੀ ‘ਸਰਕਾਰੀ ਕੰਪਨੀ ਵੇਚੋ’ ਮੁਹਿੰਮ ਚਲਾ ਰਹੇ ਹਨ।
ਰਾਹੁਲ ਗਾਂਧੀ ਨੇ ਆਪਣੇ ਟਵੀਟ ਵਿੱਚ ਲਿਖਿਆ ਹੈ ਕਿ ਖੁਦ ਦੀ ਬਣਾਈ ਆਰਥਿਕ ਬੇਹਾਲੀ ਦੀ ਭਰਪਾਈ ਲਈ ਦੇਸ਼ ਦੀ ਜਾਇਦਾਦ ਨੂੰ ਥੋੜ੍ਹਾ-ਥੋੜ੍ਹਾ ਕਰ ਕੇ ਵੇਚਿਆ ਜਾ ਰਿਹਾ ਹੈ। ਜਨਤਾ ਦੇ ਭਵਿੱਖ ਅਤੇ ਭਰੋਸੇ ਨੂੰ ਤਾਕ ‘ਤੇ ਰੱਖ ਕੇ LIC ਨੂੰ ਵੇਚਣਾ ਮੋਦੀ ਸਰਕਾਰ ਦੀ ਇੱਕ ਸ਼ਰਮਨਾਕ ਕੋਸ਼ਿਸ਼ ਹੈ। ਦਰਅਸਲ, ਬੀਤੇ ਦਿਨ ਇਹ ਖ਼ਬਰ ਸਾਹਮਣੇ ਆਈ ਸੀ ਕਿ ਭਾਰਤ ਸਰਕਾਰ LIC ਵਿੱਚ ਆਪਣਾ 25 ਪ੍ਰਤੀਸ਼ਤ ਹਿੱਸੇਦਾਰੀ ਵੇਚ ਸਕਦੀ ਹੈ। ਜਿਸ ‘ਤੇ ਰਾਹੁਲ ਗਾਂਧੀ ਨੇ ਹਮਲਾ ਬੋਲਿਆ ਹੈ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਭਾਰਤ ਸਰਕਾਰ ਨੇ ਕੁਝ ਸਰਕਾਰੀ ਕੰਪਨੀਆਂ ਵਿੱਚ ਆਪਣੀ ਹਿੱਸੇਦਾਰੀ ਘਟਾ ਦਿੱਤੀ ਹੈ, ਜਦਕਿ ਏਅਰ ਇੰਡੀਆ ਨੂੰ ਵੀ ਵੇਚਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਅਜਿਹੀ ਸਥਿਤੀ ਵਿੱਚ ਕਾਂਗਰਸ ਇਸ ਮੁੱਦੇ ‘ਤੇ ਲਗਾਤਾਰ ਸਰਕਾਰ ਨੂੰ ਘੇਰ ਰਹੀ ਹੈ।
ਦੱਸ ਦੇਈਏ ਕਿ ਕਾਂਗਰਸ ਨੇਤਾ ਰਾਹੁਲ ਗਾਂਧੀ ਲਗਭਗ ਹਰ ਦਿਨ ਆਰਥਿਕ ਮੋਰਚੇ ‘ਤੇ ਕੇਂਦਰ ਸਰਕਾਰ ਦਾ ਘਿਰਾਓ ਕਰ ਰਹੇ ਹਨ। ਆਰਥਿਕਤਾ ਦੇ ਮੁੱਦੇ ‘ਤੇ ਰਾਹੁਲ ਗਾਂਧੀ ਵੱਲੋਂ ਇੱਕ ਵੀਡੀਓ ਸੀਰੀਜ਼ ਵੀ ਕੱਢੀ ਗਈ ਸੀ, ਜਿਸ ਵਿੱਚ ਉਨ੍ਹਾਂ ਨੇ ਡਿੱਗਦੀ GDP, ਰੁਜ਼ਗਾਰ ਦੇ ਮੁੱਦੇ ‘ਤੇ ਕੇਂਦਰ ਨੂੰ ਘੇਰਿਆ ਹੈ । ਰਾਹੁਲ ਨੇ ਦੋਸ਼ ਲਾਇਆ ਕਿ ਨੋਟਬੰਦੀ, GST ਅਤੇ ਗਲਤ ਤਾਲਾਬੰਦੀ ਦੇ ਫੈਸਲੇ ਅਰਥ ਵਿਵਸਥਾ ਨੂੰ ਲੈ ਡੁੱਬੇ ਹਨ।