rahul gandhi attacks on modi govt: ਨਵੀਂ ਦਿੱਲੀ: ਦੇਸ਼ ਦੀ ਅਰਥਵਿਵਸਥਾ ਦੀ ਵਿਗੜ ਰਹੀ ਸਥਿਤੀ ਦੇ ਬਾਰੇ ਵਿੱਚ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਮੋਦੀ ਸਰਕਾਰ ਉੱਤੇ ਨਿਰੰਤਰ ਹਮਲਾਵਰ ਹਨ। ਅੰਤਰਰਾਸ਼ਟਰੀ ਮੁਦਰਾ ਫੰਡ ਯਾਨੀ ਆਈਐਮਐਫ ਨੇ ਹਾਲ ਹੀ ਵਿੱਚ ਅੰਦਾਜ਼ਾ ਲਗਾਇਆ ਹੈ ਕਿ ਪ੍ਰਤੀ ਜੀਡੀਪੀ ਦੇ ਮਾਮਲੇ ਵਿੱਚ ਭਾਰਤ ਹੁਣ ਬੰਗਲਾਦੇਸ਼ ਤੋਂ ਪਛੜ ਜਾਣ ਦੀ ਕਗਾਰ ’ਤੇ ਪਹੁੰਚ ਗਿਆ ਹੈ। ਆਈਐਮਐਫ ਦੀ ਇਸ ਰਿਪੋਰਟ ਨਾਲ ਰਾਹੁਲ ਗਾਂਧੀ ਨੇ ਹੁਣ ਕੇਂਦਰ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ। ਰਾਹੁਲ ਗਾਂਧੀ ਨੇ ਅੱਜ ਆਈਐਮਐਫ ਦੁਆਰਾ ਜਾਰੀ ਕੀਤੇ ਗਏ ਜੀਡੀਪੀ ਦੇ ਪ੍ਰਤੀ ਵਿਅਕਤੀ ਅੰਕੜਿਆਂ ‘ਤੇ ਟਵੀਟ ਕੀਤਾ ਹੈ। ਇਸ ਟਵੀਟ ਵਿੱਚ ਰਾਹੁਲ ਗਾਂਧੀ ਨੇ ਤੰਜ ਕਸਦਿਆਂ ਕਿਹਾ ਹੈ, “ਭਾਜਪਾ ਦੇ ਨਫ਼ਰਤ ਭਰੇ ਸੱਭਿਆਚਾਰਕ ਰਾਸ਼ਟਰਵਾਦ ਦੀ 6 ਸਾਲ ਦੀ ਠੋਸ ਪ੍ਰਾਪਤੀ। ਬੰਗਲਾਦੇਸ਼ ਭਾਰਤ ਨੂੰ ਪਛਾੜਨ ਲਈ ਤਿਆਰ ਹੈ।” ਦੱਸ ਦੇਈਏ ਕਿ ਅੰਤਰਰਾਸ਼ਟਰੀ ਮੁਦਰਾ ਫੰਡ ਨੇ ਅਨੁਮਾਨ ਲਗਾਇਆ ਹੈ ਕਿ ਬੰਗਲਾਦੇਸ਼ ਦੀ ਪ੍ਰਤੀ ਵਿਅਕਤੀ ਜੀਡੀਪੀ 2020 ਵਿੱਚ ਚਾਰ ਫ਼ੀਸਦੀ ਦੀ ਦਰ ਨਾਲ 1,877 ਡਾਲਰ ਦੇ ਪੱਧਰ ਤੇ ਵੱਧ ਰਹੀ ਹੈ।
ਉਸੇ ਸਮੇਂ, ਭਾਰਤ ਵਿੱਚ ਪ੍ਰਤੀ ਵਿਅਕਤੀ ਜੀਡੀਪੀ ਸਿਰਫ $ 1,888 ਹੈ, ਜੋ ਬੰਗਲਾਦੇਸ਼ ਨਾਲੋਂ 11 ਡਾਲਰ ਵਧੇਰੇ ਹੈ। ਜਦਕਿ ਭਾਰਤ ਦੇ ਗੁਆਂਢੀ ਦੇਸ਼ ਨੇਪਾਲ ਦੀ ਪ੍ਰਤੀ ਵਿਅਕਤੀ ਜੀਡੀਪੀ 1116 ਡਾਲਰ ਹੈ। ਕੋਰੋਨਾ ਵਾਇਰਸ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਭਾਰਤੀ ਅਰਥਵਿਵਸਥਾ ‘ਚ ਇਸ ਸਾਲ ਦੌਰਾਨ 10.3% ਦੀ ਵੱਡੀ ਗਿਰਾਵਟ ਦੀ ਉਮੀਦ ਕੀਤੀ ਜਾ ਰਹੀ ਹੈ। ਆਈਐਮਐਫ ਨੇ ‘ਵਰਲਡ ਆਰਥਿਕ ਸਥਿਤੀ’ ਬਾਰੇ ਆਪਣੀ ਤਾਜ਼ਾ ਰਿਪੋਰਟ ਵਿੱਚ ਇਹ ਅਨੁਮਾਨ ਜ਼ਾਹਿਰ ਕੀਤੇ ਹਨ। ਆਈਐਮਐਫ ਅਤੇ ਵਰਲਡ ਬੈਂਕ ਦੀ ਸਾਲਾਨਾ ਬੈਠਕ ਤੋਂ ਪਹਿਲਾਂ ਇਹ ਰਿਪੋਰਟਾਂ ਜਾਰੀ ਕੀਤੀਆਂ ਗਈਆਂ ਹਨ। ਇਸ ਵਿੱਚ ਕਿਹਾ ਗਿਆ ਹੈ ਕਿ 2020 ‘ਚ ਗਲੋਬਲ ਆਰਥਿਕਤਾ ‘ਚ 4.4 ਫ਼ੀਸਦ ਦੀ ਗਿਰਾਵਟ ਆਵੇਗੀ ਅਤੇ ਇਹ 2021 ‘ਚ 5.2 ਫ਼ੀਸਦੀ ਦੇ ਮਜ਼ਬੂਤ ਵਿਕਾਸ ਨੂੰ ਪ੍ਰਾਪਤ ਕਰੇਗੀ। ਇਸਦੇ ਨਾਲ, ਆਈਐਮਐਫ ਨੇ ਕਿਹਾ ਹੈ ਕਿ 2021 ਵਿੱਚ, ਭਾਰਤੀ ਆਰਥਿਕਤਾ ਸ਼ਾਇਦ 8.8 ਫ਼ੀਸਦੀ ਦੀ ਮਜ਼ਬੂਤ ਬੜ੍ਹਤ ਦਰਜ਼ ਕਰੇਗੀ ਅਤੇ ਇਹ ਚੀਨ ਨੂੰ ਪਿੱਛੇ ਛੱਡ ਰਹੀ ਤੇਜ਼ੀ ਨਾਲ ਵੱਧ ਰਹੀ ਉੱਭਰ ਰਹੀ ਆਰਥਿਕਤਾ ਦੀ ਸਥਿਤੀ ਮੁੜ ਪ੍ਰਾਪਤ ਕਰੇਗੀ। ਚੀਨ ਦੇ 2021 ‘ਚ 8.2 ਪ੍ਰਤੀਸ਼ਤ ਵਿਕਾਸ ਦਰ ਪ੍ਰਾਪਤ ਕਰਨ ਦਾ ਅਨੁਮਾਨ ਹੈ।