Rahul Gandhi fires fresh salvo: ਨਵੀਂ ਦਿੱਲੀ: ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਇੱਕ ਵਾਰ ਫਿਰ ਮੋਦੀ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ । ਉਨ੍ਹਾਂ ਨੇ ਆਪਣੇ ਅਧਿਕਾਰਤ ਅਕਾਊਂਟ ਤੋਂ ਟਵੀਟ ਕਰਦਿਆਂ ਕਿਹਾ ਕਿ ਰਾਫੇਲ ਲਈ ਭਾਰਤ ਦੇ ਖਜ਼ਾਨੇ ਤੋਂ ਪੈਸੇ ਚੋਰੀ ਕੀਤੇ ਗਏ ਹਨ। ਉਸ ਤੋਂ ਬਾਅਦ ਉਨ੍ਹਾਂ ਨੇ ਮਹਾਤਮਾ ਗਾਂਧੀ ਦਾ ਇੱਕ ਕਥਨ ਵੀ ਲਿਖਿਆ ਹੈ … ਸੱਚ ਇੱਕ ਹੈ, ਰਸਤੇ ਕਈ ਹਨ। ਰਾਹੁਲ ਨੇ ਜੋ ਰਿਪੋਰਟ ਸਾਂਝੀ ਕੀਤੀ ਹੈ ਉਸ ਵਿੱਚ ਕਿਹਾ ਗਿਆ ਹੈ ਕਿ ਰੱਖਿਆ ਮੰਤਰਾਲੇ ਨੇ ਰਾਫੇਲ ਸੌਦੇ ਨਾਲ ਸਬੰਧਤ ਕੋਈ ਵੀ ਜਾਣਕਾਰੀ CAG ਨੂੰ ਦੇਣ ਤੋਂ ਇਨਕਾਰ ਕਰ ਦਿੱਤਾ ਹੈ।
ਸੁਪਰੀਮ ਕੋਰਟ ਨੇ 59 ਹਜ਼ਾਰ ਕਰੋੜ ਰੁਪਏ ਵਿੱਚ 36 ਲੜਾਕੂ ਜਹਾਜ਼ਾਂ ਦੀ ਖਰੀਦ ਦੇ ਮਾਮਲੇ ਵਿੱਚ ਅਦਾਲਤ ਦੀ ਨਿਗਰਾਨੀ ਹੇਠ ਜਾਂਚ ਕਰਨ ਵਾਲੀਆਂ ਜਨਹਿੱਤ ਪਟੀਸ਼ਨਾਂ ਨੂੰ ਦਸੰਬਰ 2018 ਵਿੱਚ ਖਾਰਿਜ ਕਰ ਦਿੱਤਾ। ਇਸਦੇ ਨਾਲ ਇਹ ਵੀ ਕਿਹਾ ਕਿ ਉਸਨੂੰ ਇਸ ਵਿੱਚ ਕੋਈ ਗਲਤ ਨਹੀਂ ਦਿਖਾਈ ਦਿੱਤਾ । ਇਸ ਤੋਂ ਬਾਅਦ ਵੀ ਰਾਜਨੀਤਿਕ ਇਲਜ਼ਾਮਾਂ ਦਾ ਦੌਰ ਜਾਰੀ ਰਿਹਾ । ਸਾਲ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਤਤਕਾਲੀ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਰਾਫੇਲ ਸੌਦੇ ਵਿੱਚ ਰਿਸ਼ਵਤਖੋਰੀ ਦੇ ਦੋਸ਼ ਲਗਾਏ ਸਨ ਅਤੇ ਇਸ ਨੂੰ ਚੋਣ ਮੁੱਦਾ ਬਣਾਇਆ ਸੀ।
ਦੱਸ ਦੇਈਏ ਕਿ NDA ਸਰਕਾਰ ਨੇ 23 ਸਤੰਬਰ, 2016 ਨੂੰ ਫਰਾਂਸ ਦੀ ਏਰੋਸਪੇਸ ਕੰਪਨੀ ਡਾਸਾਲਟ ਐਵੀਏਸ਼ਨ ਨਾਲ 59,000 ਕਰੋੜ ਰੁਪਏ ਦੇ 36 ਲੜਾਕੂ ਜਹਾਜ਼ ਖਰੀਦਣ ਲਈ ਸੌਦਾ ਕੀਤਾ ਸੀ। ਰਾਫੇਲ ਏਅਰਕ੍ਰਾਫਟ ਅਸਮਾਨ ਵਿੱਚ ਉਨ੍ਹਾਂ ਦੀ ਉੱਤਮ ਸਮਰੱਥਾ ਅਤੇ ਨਿਸ਼ਚਤ ਨਿਸ਼ਾਨੇ ਲਈ ਜਾਣੇ ਜਾਂਦੇ ਹਨ। ਤਕਰੀਬਨ 23 ਸਾਲ ਪਹਿਲਾਂ ਰੂਸ ਨੇ ਸੁਖੋਈ ਜਹਾਜ਼ਾਂ ਦੀ ਖਰੀਦ ਤੋਂ ਬਾਅਦ ਭਾਰਤ ਨੇ ਪਹਿਲੀ ਵਾਰ ਲੜਾਕੂ ਜਹਾਜ਼ਾਂ ਦੀ ਇੰਨੀ ਵੱਡੀ ਖੇਪ ਖਰੀਦੀ ਹੈ।