Rahul Gandhi lashed out at PM: ਨਵੀਂ ਦਿੱਲੀ: ਕੇਂਦਰ ਦੇ ਖੇਤੀਬਾੜੀ ਕਾਨੂੰਨਾਂ ਖਿਲਾਫ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਅੰਦੋਲਨ ਦਾ ਅੱਜ 46ਵਾਂ ਦਿਨ ਹੈ। ਠੰਡ ਅਤੇ ਸੰਘਣੀ ਧੁੰਦ ਦੇ ਵਿਚਕਾਰ ਕਿਸਾਨ ਦਿੱਲੀ ਦੀਆਂ ਸਾਰੀਆਂ ਸਰਹੱਦਾਂ ‘ਤੇ ਡਟੇ ਹੋਏ ਹਨ । ਕੇਂਦਰ ਦੇ ਤਿੰਨ ਖੇਤੀਬਾੜੀ ਕਾਨੂੰਨਾਂ ਦੇ ਖਿਲਾਫ ਕਿਸਾਨਾਂ ਦੀ ਲਹਿਰ ਕੜਕਦੀ ਠੰਡ ਅਤੇ ਮੀਂਹ ਦੇ ਬਾਵਜੂਦ ਵੀ ਜਾਰੀ ਹੈ। ਖੇਤੀਬਾੜੀ ਕਾਨੂੰਨਾਂ ਵਿਰੁੱਧ ਦਿੱਲੀ ਦੀਆ ਸਰਹੱਦਾਂ ‘ਤੇ ਕਿਸਾਨ ਲਗਾਤਾਰ ਡਟੇ ਹੋਏ ਹਨ । ਇਸ ਦੌਰਾਨ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਐਤਵਾਰ ਨੂੰ ਇੱਕ ਵਾਰ ਫਿਰ ਮੋਦੀ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ । ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅੰਨਦਾਤਾ ਦਾ ਸਾਥ ਦੇਣ ਅਤੇ ਪੂੰਜੀਪਤੀਆਂ ਦਾ ਸਾਥ ਛੱਡਣ ਲਈ ਕਿਹਾ ਹੈ।
ਦਰਅਸਲ, ਰਾਹੁਲ ਗਾਂਧੀ ਵੱਲੋਂ ਸੰਸਦ ਵਿੱਚ ਆਪਣੇ ਭਾਸ਼ਣ ਦੀ ਇੱਕ ਪੁਰਾਣੀ ਵੀਡੀਓ ਟਵੀਟ ਕੀਤੀ ਗਈ ਹੈ । ਉਨ੍ਹਾਂ ਲਿਖਿਆ, “ਅਜੇ ਵੀ ਸਮਾਂ ਹੈ, ਮੋਦੀ ਜੀ, ਪੂੰਜੀਪਤੀਆਂ ਦਾ ਸਾਥ ਛੱਡ ਕੇ, ਅੰਨਦਾਤਾ ਦਾ ਸਾਥ ਦਿਓ।”
ਜਿਕਰਯੋਗ ਹੈ ਕਿ ਪੁਰਾਣੇ ਵੀਡੀਓ ਵਿੱਚ ਰਾਹੁਲ ਗਾਂਧੀ ਨੇ ਕਿਹਾ, “ਭਾਰਤ ਦੇ ਕਿਸਾਨਾਂ ਦੀ ਜ਼ਮੀਨ ਦੀ ਕੀਮਤ ਤੇਜ਼ੀ ਨਾਲ ਵੱਧ ਰਹੀ ਹੈ ਅਤੇ ਤੁਹਾਡੇ ਜੋ ਕਾਰਪੋਰੇਟ ਦੋਸਤ ਹਨ ਉਸ ਜ਼ਮੀਨ ਨੂੰ ਚਾਹੁੰਦੇ ਹਨ… ਅਤੇ ਤੁਸੀਂ ਕੀ ਕਰ ਰਹੇ ਹੋ ,ਇੱਕ ਪਾਸੇ ਤੋਂ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਕਮਜ਼ੋਰ ਕਰ ਰਹੇ ਹੋ । ਜਦੋਂ ਕਿਸਾਨ ਕਮਜ਼ੋਰ ਹੋਵੇਗਾ ਤੇ ਉਹ ਪੈਰਾਂ ‘ਤੇ ਖੜ੍ਹਾ ਨਹੀਂ ਹੋਵੇਗਾ, ਫਿਰ ਤੁਸੀਂ ਉਸ ‘ਤੇ ਆਪਣੀ ਆਰਡੀਨੈਂਸ ਦੀ ਕੁਲਹਾੜੀ ਮਾਰੋਗੇ।”
ਦੱਸ ਦੇਈਏ ਕਿ ਰਾਹੁਲ ਗਾਂਧੀ ਵੱਲੋਂ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਨ ਦੀ ਕਿਸਾਨਾਂ ਦੀ ਮੰਗ ਦਾ ਸਮਰਥਨ ਕੀਤਾ ਜਾ ਚੁੱਕਿਆ ਹੈ । ਖੇਤੀਬਾੜੀ ਕਾਨੂੰਨਾਂ ਨੂੰ ਲੈ ਕੇ ਸਰਕਾਰ ਅਤੇ ਕਿਸਾਨਾਂ ਦਰਮਿਆਨ ਇੱਕ ਡੈੱਡਲਾਕ ਹੈ। ਹਾਲ ਹੀ ਵਿੱਚ 8ਵੇਂ ਗੇੜ ਦੀ ਹੋਈ ਗੱਲਬਾਤ ਵੀ ਬੇਨਤੀਜਾ ਨਿਕਲੀ।