Rahul gandhi on gdp: ਨਵੀਂ ਦਿੱਲੀ : ਇੱਕ ਪਾਸੇ ਕੋਰੋਨਾ ਵਾਇਰਸ ਮਹਾਂਮਾਰੀ ਦਾ ਪ੍ਰਕੋਪ ਅਜੇ ਘੱਟ ਨਹੀਂ ਹੋਇਆ ਹੈ, ਕਿ ਦੂਜੇ ਪਾਸੇ ਮਹਿੰਗਾਈ ਨੇ ਲੋਕਾਂ ਦੀਆਂ ਮੁਸ਼ਕਿਲਾਂ ਵਿੱਚ ਹੋਰ ਵਾਧਾ ਕਰ ਦਿੱਤਾ ਹੈ। ਮਹਿੰਗਾਈ ਸਣੇ ਸਾਰੇ ਮੁੱਦਿਆਂ ਦੇ ਸਬੰਧੀ ਵਿਰੋਧੀ ਧਿਰ ਕਾਂਗਰਸ ਲਗਾਤਾਰ ਕੇਂਦਰ ਸਰਕਾਰ ‘ਤੇ ਹਮਲੇ ਕਰ ਰਹੀ ਹੈ। ਕਾਂਗਰਸ ਦੀ ਤਰਫੋਂ, ਰਾਹੁਲ ਗਾਂਧੀ ਸਮੇਤ ਹੋਰ ਨੇਤਾਵਾਂ ਨੇ ਇੱਕ ਮੋਰਚਾ ਖੋਲ੍ਹ ਦਿੱਤਾ ਹੈ। ਇਸ ਦੌਰਾਨ ਰਾਹੁਲ ਗਾਂਧੀ ਨੇ ਮਹਿੰਗਾਈ, ਬੇਰੁਜ਼ਗਾਰੀ ਨੂੰ ਲੈ ਕੇ ਮੋਦੀ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ ਕਿ ਬੈਂਕਾਂ ਮੁਸੀਬਤ ਵਿੱਚ ਹਨ ਅਤੇ ਜੀਡੀਪੀ ਵੀ, ਕਦੇ ਇੰਨੀ ਜਿਆਦਾ ਮਹਿੰਗਾਈ ਨਹੀਂ ਸੀ ਅਤੇ ਨਾ ਹੀ ਬੇਰੁਜ਼ਗਾਰੀ ਸੀ। ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਟਵੀਟ ਕਰ ਕਿਹਾ ਕਿ, “ਬੈਂਕ ਮੁਸੀਬਤ ਵਿੱਚ ਹਨ ਅਤੇ GDP ਵੀ, ਮਹਿੰਗਾਈ ਕਦੇ ਇੰਨੀ ਉੱਚੀ ਨਹੀਂ ਸੀ, ਨਾ ਹੀ ਬੇਰੁਜ਼ਗਾਰੀ ਸੀ। ਜਨਤਾ ਦਾ ਮਨੋਬਲ ਡਿੱਗ ਰਿਹਾ ਹੈ ਅਤੇ ਸਮਾਜਿਕ ਨਿਆਂ ਦਿਨੋ ਦਿਨ ਕੁਚਲਿਆ ਜਾ ਰਿਹਾ ਹੈ। ਇਹ ਵਿਕਾਸ ਜਾਂ ਵਿਨਾਸ਼?
ਮਹੱਤਵਪੂਰਨ ਗੱਲ ਇਹ ਹੈ ਕਿ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਇਸ ਤੋਂ ਪਹਿਲਾਂ ਕਾਰੋਬਾਰੀ ਗੌਤਮ ਅਡਾਨੀ ਦੀ ਵੱਧ ਰਹੀ ਦੌਲਤ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਿੱਖੇ ਸ਼ਬਦਾਂ ਵਿੱਚ ਨਿੰਦਾ ਕੀਤੀ ਸੀ। ਇੱਕ ਵੈਬਸਾਈਟ ਦੀ ਖ਼ਬਰ ਸਾਂਝੀ ਕਰਦਿਆਂ ਰਾਹੁਲ ਨੇ ਲਿਖਿਆ ਸੀ ਕਿ ਅਡਾਨੀ ਦੀ ਜਾਇਦਾਦ ਵਿੱਚ 230 ਫ਼ੀਸਦੀ ਦਾ ਵਾਧਾ ਹੋਇਆ ਹੈ ਅਤੇ ਤੁਹਾਡੀ? ਜ਼ਿਕਰਯੋਗ ਹੈ ਕਿ RBI ਨੇ 24 ਘੰਟਿਆਂ ‘ਚ ਦੋ ਬੈਂਕਾਂ ‘ਤੇ ਐਕਸ਼ਨ ਲੈਂਦਿਆਂ ਪਬੰਦੀ ਲਗਾਈ ਹੈ। ਰਿਜ਼ਰਵ ਬੈਂਕ ਆਫ ਇੰਡੀਆ (RBI) ਨੇ ਲਕਸ਼ਮੀ ਵਿਲਾਸ ਤੋਂ ਬਾਅਦ ਇੱਕ ਹੋਰ ਬੈਂਕ ‘ਤੇ ਪਾਬੰਦੀ ਲਗਾ ਦਿੱਤੀ ਹੈ । ਹਾਲਾਂਕਿ, ਇਹ ਪਾਬੰਦੀ ਮਹਾਂਰਾਸ਼ਟਰ ਦੇ ਜਾਲਨਾ ਜ਼ਿਲ੍ਹੇ ਵਿੱਚ ਮੰਤਾ ਅਰਬਨ ਕੋ-ਆਪ੍ਰੇਟਿਵ ਬੈਂਕ ‘ਤੇ ਲੱਗੀ ਹੈ। RBI ਅਨੁਸਾਰ ਉਸਨੇ ਇਸ ਬੈਂਕ ਨੂੰ ਕੁੱਝ ਨਿਰਦੇਸ਼ ਦਿੱਤੇ ਹਨ, ਜੋ 17 ਨਵੰਬਰ 2020 ਨੂੰ ਬੈਂਕ ਦੇ ਬੰਦ ਹੋਣ ਤੋਂ ਛੇ ਮਹੀਨਿਆਂ ਲਈ ਪ੍ਰਭਾਵੀ ਹੋਣਗੇ। ਇਨ੍ਹਾਂ ਨਿਰਦੇਸ਼ਾਂ ਅਨੁਸਾਰ ਇਹ ਬੈਂਕ RBI ਦੀ ਆਗਿਆ ਤੋਂ ਬਿਨ੍ਹਾਂ ਕੋਈ ਕਰਜ਼ਾ ਜਾਂ ਉਧਾਰ ਨਹੀਂ ਦੇ ਸਕੇਗਾ ਅਤੇ ਨਾ ਹੀ ਪੁਰਾਣੇ ਕਰਜ਼ਿਆਂ ਦਾ ਨਵੀਨੀਕਰਣ ਜਾਂ ਕੋਈ ਨਿਵੇਸ਼ ਕਰ ਸਕੇਗਾ । ਬੈਂਕ ‘ਤੇ ਨਵੀਂ ਜਮ੍ਹਾ ਰਾਸ਼ੀ ਨੂੰ ਸਵੀਕਾਰ ਕਰਨ ‘ਤੇ ਵੀ ਪਾਬੰਦੀ ਲਗਾ ਦਿੱਤੀ ਹੈ। ਉਹ ਕੋਈ ਭੁਗਤਾਨ ਵੀ ਨਹੀਂ ਕਰ ਸਕੇਗਾ ਅਤੇ ਨਾ ਹੀ ਭੁਗਤਾਨ ਕਰਨ ਲਈ ਕੋਈ ਸਮਝੌਤਾ ਕਰ ਸਕਦਾ ਹੈ। ਹਾਲਾਂਕਿ, RBI ਨੇ ਪਾਬੰਦੀ ਦਾ ਅਧਾਰ ਨਹੀਂ ਦੱਸਿਆ ਹੈ।