Rahul Gandhi On Modi Govt: ਭਾਰਤ ਅਤੇ ਚੀਨ ਦੀਆਂ ਫੌਜਾਂ ਇਸ ਸਮੇਂ ਲੱਦਾਖ ਵਿੱਚ ਆਹਮੋ-ਸਾਹਮਣੇ ਹਨ । ਗਲਵਾਨ ਘਾਟੀ ਵਿੱਚ ਵਾਪਰੀ ਇਸ ਘਟਨਾ ਤੋਂ ਬਾਅਦ ਦੋਵਾਂ ਫੌਜਾਂ ਵਿਚਾਲੇ ਮਾਹੌਲ ਸ਼ਾਂਤ ਕਰਨ ਲਈ ਬੈਠਕਾਂ ਚੱਲ ਰਹੀਆਂ ਹਨ । ਇਸ ਦੌਰਾਨ ਕਾਂਗਰਸ ਪਾਰਟੀ ਲਗਾਤਾਰ ਮੋਦੀ ਸਰਕਾਰ ‘ਤੇ ਹਮਲਾ ਬੋਲ ਰਹੀ ਹੈ ਅਤੇ ਸੱਚ ਦੱਸਣ ਦੀ ਅਪੀਲ ਕੀਤੀ ਜਾ ਰਹੀ ਹੈ । ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਮੰਗਲਵਾਰ ਨੂੰ ਇੱਕ ਵਾਰ ਫਿਰ ਸਰਕਾਰ ਨੂੰ ਨਿਸ਼ਾਨੇ ‘ਤੇ ਲਿਆ ਅਤੇ ਪੁੱਛਿਆ ਕਿ ਕੀ ਚੀਨ ਨੇ ਭਾਰਤੀ ਧਰਤੀ ‘ਤੇ ਕਬਜ਼ਾ ਕਰ ਲਿਆ ਹੈ?
ਮੰਗਲਵਾਰ ਨੂੰ ਰਾਹੁਲ ਗਾਂਧੀ ਨੇ ਜੋ ਟਵੀਟ ਕੀਤਾ ਉਹ ਕੁਝ ਖਾਸ ਹੈ । ਦਰਅਸਲ, ਚੀਨ ਦੇ ਮੁੱਦੇ ‘ਤੇ ਰਾਹੁਲ ਨੇ ਸਰਕਾਰ ਨੂੰ ਸਵਾਲ ਪੁੱਛੇ । ਉਨ੍ਹਾਂ ਲਿਖਿਆ ਕਿ ਚੀਨੀ ਹਮਲੇ ਦੇ ਵਿਰੁੱਧ ਅਸੀਂ ਇੱਕਜੁੱਟ ਹੋ ਕੇ ਖੜੇ ਹਾਂ, ਕੀ ਚੀਨ ਨੇ ਭਾਰਤੀ ਧਰਤੀ ‘ਤੇ ਕਬਜ਼ਾ ਕਰ ਲਿਆ ਹੈ? ਇਸਦੇ ਨਾਲ ਹੀ ਰਾਹੁਲ ਗਾਂਧੀ ਨੇ ਇੱਕ ਤਸਵੀਰ ਸਾਂਝੀ ਕੀਤੀ, ਜੋ ਗਲਵਾਨ ਘਾਟੀ, ਪੈਨਗੋਂਗ ਲੇਕ ਦੀ ਲੱਗ ਰਹੀ ਹੈ। ਇਸ ਫੋਟੋ ਦਾ ਸਿਹਰਾ ਰਾਜੀਵ ਗਾਂਧੀ ਨੂੰ ਦਿੱਤਾ ਗਿਆ ਹੈ, ਯਾਨੀ ਇਹ ਤਸਵੀਰ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੇ ਖਿੱਚੀ ਹੈ । ਦੱਸ ਦੇਈਏ ਕਿ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਪਾਇਲਟ ਤਾਂ ਹੈ ਹੀ ਸੀ, ਪਰ ਉਨ੍ਹਾਂ ਨੂੰ ਫੋਟੋਗ੍ਰਾਫੀ ਵਿੱਚ ਵੀ ਬਹੁਤ ਦਿਲਚਸਪੀ ਸੀ ।
ਦੱਸ ਦੇਈਏ ਕਿ ਚੀਨ ਦੇ ਮੁੱਦੇ ‘ਤੇ ਕਾਂਗਰਸ ਵੱਲੋਂ ਸਰਕਾਰ ‘ਤੇ ਲਗਾਤਾਰ ਹਮਲਾ ਬੋਲਿਆ ਜਾ ਰਿਹਾ ਹੈ। ਸੋਮਵਾਰ ਨੂੰ ਹੀ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦਾ ਬਿਆਨ ਸਾਹਮਣੇ ਆਇਆ, ਜਿਸ ਵਿੱਚ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਨਿਸ਼ਾਨਾ ਸਾਧਿਆ। ਮਨਮੋਹਨ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵਿਦੇਸ਼ ਨੀਤੀ ਦੇ ਮਾਮਲੇ ਵਿੱਚ ਆਪਣੇ ਸ਼ਬਦਾਂ ਦੀ ਵਰਤੋਂ ਸਾਵਧਾਨੀ ਨਾਲ ਕਰਨੀ ਚਾਹੀਦੀ ਹੈ, ਕਿਉਂਕਿ ਚੀਨ ਉਨ੍ਹਾਂ ਦੀ ਵਰਤੋਂ ਆਪਣੇ ਪ੍ਰੋਪੋਗੰਡੇ ਵਿੱਚ ਕਰ ਸਕਦਾ ਹੈ ।