Rahul Gandhi On RBI Report: ਨਵੀਂ ਦਿੱਲੀ: ਆਰਥਿਕਤਾ ਨੂੰ ਲੈ ਕੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਇੱਕ ਵਾਰ ਫਿਰ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਨੂੰ ਨਸੀਹਤ ਦਿੱਤੀ ਹੈ। ਰਾਹੁਲ ਗਾਂਧੀ ਨੇ ਕਿਹਾ ਹੈ ਕਿ ਜਿਸ ਖਤਰੇ ਬਾਰੇ ਮੈਂ ਕਈ ਮਹੀਨਿਆਂ ਤੋਂ ਚੇਤਾਵਨੀ ਦਿੰਦਾ ਆ ਰਿਹਾ ਸੀ, ਨੂੰ ਹੁਣ ਰਿਜ਼ਰਵ ਬੈਂਕ ਆਫ ਇੰਡੀਆ (RBI) ਨੇ ਵੀ ਸਵੀਕਾਰ ਕਰ ਲਿਆ ਹੈ । ਰਾਹੁਲ ਗਾਂਧੀ ਨੇ ਇੱਕ ਟਵੀਟ ਰਾਹੀਂ ਇਹ ਗੱਲ ਕਹੀ ਹੈ। ਬੁੱਧਵਾਰ ਸਵੇਰੇ ਰਾਹੁਲ ਨੇ ਆਪਣੇ ਟਵੀਟ ਨਾਲ ਇੱਕ ਅਖਬਾਰ ਦੀ ਖਬਰ ਵੀ ਸਾਂਝੀ ਕੀਤੀ ਹੈ । ਇਸ ਖ਼ਬਰ ਵਿੱਚ RBI ਦੀ ਰਿਪੋਰਟ ਬਾਰੇ ਲਿਖਿਆ ਗਿਆ ਹੈ।
ਦਰਅਸਲ, RBI ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਦੇਸ਼ ਵਿੱਚ ਖਪਤ ਨੂੰ ਭਾਰੀ ਝਟਕਾ ਲੱਗਿਆ ਹੈ, ਗਰੀਬਾਂ ਨੂੰ ਵਧੇਰੇ ਪ੍ਰੇਸ਼ਾਨੀ ਝੱਲਣੀ ਪਈ ਹੈ, ਇਸ ਲਈ ਆਰਥਿਕਤਾ ਨੂੰ ਮੁੜ ਲੀਹ ‘ਤੇ ਆਉਣ ਵਿੱਚ ਲੰਮਾ ਸਮਾਂ ਲੱਗੇਗਾ। ਇਸ ਤੋਂ ਇਲਾਵਾ ਰਾਹੁਲ ਗਾਂਧੀ ਵੱਲੋਂ ਸਾਂਝੀ ਕੀਤੀ ਗਈ ਖ਼ਬਰ ਵਿੱਚ ਇਹ ਵੀ ਲਿਖਿਆ ਗਿਆ ਹੈ ਕਿ ਸਰਕਾਰ ਨੇ ਕਾਰਪੋਰੇਟ ਟੈਕਸ ਦੀ ਦਰ ਵਿੱਚ ਜੋ ਨਿਵੇਸ਼ ਕੀਤਾ ਹੈ ਉਸ ਨਾਲ ਨਿਵੇਸ਼ ਨੂੰ ਵਧਾਵਾ ਨਹੀਂ ਮਿਲਿਆ ਹੈ, ਬਲਕਿ ਕੰਪਨੀਆਂ ਨੇ ਇਸਦਾ ਇਸਤੇਮਾਲ ਕਰਜ਼ੇ ਅਤੇ ਨਕਦ ਸੰਤੁਲਨ ਨੂੰ ਘਟਾਉਣ ਲਈ ਕੀਤਾ ਹੈ।
RBI ਦੀ ਇਸ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਰਾਹੁਲ ਗਾਂਧੀ ਨੇ ਇੱਕ ਵਾਰ ਫਿਰ ਸਰਕਾਰ ਨੂੰ ਸੁਝਾਅ ਦਿੱਤੇ ਹਨ। ਰਾਹੁਲ ਨੇ ਆਪਣੇ ਟਵੀਟ ਵਿੱਚ ਲਿਖਿਆ, “ਸਰਕਾਰ ਨੂੰ ਹੁਣ ਵਧੇਰੇ ਖਰਚ ਕਰਨ ਦੀ ਲੋੜ ਹੈ, ਲੋਨ ਦੇਣ ਦੀ ਜ਼ਰੂਰਤ ਨਹੀਂ ਹੈ । ਗਰੀਬਾਂ ਨੂੰ ਪੈਸੇ ਦਿਓ, ਉਦਯੋਗਪਤੀਆਂ ਦਾ ਟੈਕਸ ਮੁਆਫ਼ ਨਾ ਕਰੋ । ਆਰਥਿਕਤਾ ਨੂੰ ਖਪਤ ਨਾਲ ਮੁੜ ਸ਼ੁਰੂ ਕਰਵਾਓ।” ਇਹ ਸੁਝਾਅ ਦਿੰਦੇ ਹੋਏ ਰਾਹੁਲ ਗਾਂਧੀ ਨੇ ਕੇਂਦਰ ਸਰਕਾਰ ਨੂੰ ਸ਼ੀਸ਼ਾ ਦਿਖਾਉਣ ਦੀ ਕੋਸ਼ਿਸ਼ ਵੀ ਕੀਤੀ । ਰਾਹੁਲ ਨੇ ਕਿਹਾ ਕਿ ਮੀਡੀਆ ਰਾਹੀਂ ਭਟਕਣਾ ਗ਼ਰੀਬਾਂ ਦੀ ਸਹਾਇਤਾ ਨਹੀਂ ਕਰੇਗਾ ਅਤੇ ਨਾ ਹੀ ਆਰਥਿਕ ਤਬਾਹੀ ਅਲੋਪ ਹੋਵੇਗੀ।
ਗੌਰਤਲਬ ਹੈ ਕਿ ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਦੇਸ਼ ਵਿੱਚ ਲੰਬੇ ਸਮੇਂ ਤੱਕ ਲਾਕਡਾਊਨ ਰਿਹਾ ਹੈ। ਇਸ ਨਾਲ ਅਰਥਵਿਵਸਥਾ ਨੂੰ ਭਾਰੀ ਨੁਕਸਾਨ ਹੋਇਆ ਹੈ । ਸਰਕਾਰ ਨੇ ਆਰਥਿਕਤਾ ਨੂੰ ਹੁਲਾਰਾ ਦੇਣ ਦੇ ਮਕਸਦ ਨਾਲ ਇੱਕ ਵੱਡਾ ਬਜਟ ਜਾਰੀ ਕੀਤਾ ਹੈ ਅਤੇ ਕਾਰੋਬਾਰੀਆਂ ਨੂੰ ਕਰਜ਼ੇ ਦਿੱਤੇ ਜਾ ਰਹੇ ਹਨ । ਰਾਹੁਲ ਗਾਂਧੀ ਨੇ ਲਗਾਤਾਰ ਕਿਹਾ ਹੈ ਕਿ ਸਰਕਾਰ ਸਿਰਫ ਟੈਕਸ ਮੁਆਫ ਕਰਦੀ ਹੈ, ਕਰਜ਼ੇ ਦਿੰਦੀ ਹੈ ਜਦੋਂ ਕਿ ਲੋੜ ਇਸ ਗੱਲ ਦੀ ਹੈ ਕਿ ਖਪਤ ਵਧਾਈ ਜਾਵੇ ਅਤੇ ਜਦੋਂ ਤੱਕ ਗਰੀਬਾਂ ਕੋਲ ਪੈਸਾ ਨਹੀਂ ਹੁੰਦਾ, ਆਰਥਿਕਤਾ ਦੀ ਲੜੀ ਨਹੀਂ ਚੱਲ ਸਕਦੀ।