Rahul Gandhi Puducherry visit: ਕਿਸਾਨਾਂ ਦੇ ਮੁੱਦੇ ‘ਤੇ ਕਾਂਗਰਸ ਦੀ ਅਗਵਾਈ ਕਰ ਰਹੇ ਰਾਹੁਲ ਗਾਂਧੀ ਅੱਜ ਪੁਡੂਚੇਰੀ ਦੌਰੇ ‘ਤੇ ਜਾ ਰਹੇ ਹਨ। ਰਾਹੁਲ ਗਾਂਧੀ ਦੇ ਉੱਥੇ ਪਹੁੰਚਣ ਤੋਂ ਪਹਿਲਾਂ ਹੀ ਉਨ੍ਹਾਂ ਦੀ ਪਾਰਟੀ ਨੂੰ ਵੱਡਾ ਝਟਕਾ ਲੱਗਿਆ ਹੈ। ਮੁੱਖ ਮੰਤਰੀ ਵੀ ਨਰਾਇਣਸਾਮੀ ਦੇ ਨਜ਼ਦੀਕੀ ਮੰਨੇ ਜਾਂਦੇ ਵਿਧਾਇਕ ਏ ਜਾਨ ਕੁਮਾਰ ਨੇ ਅਸਤੀਫਾ ਦੇ ਦਿੱਤਾ ਹੈ । ਏ ਜਾਨ 2019 ਦੀਆਂ ਉਪ ਚੋਣਾਂ ਵਿੱਚ ਕਾਮਰਾਜ ਨਗਰ ਸੀਟ ਤੋਂ ਵਿਧਾਇਕ ਚੁਣੇ ਗਏ ਸਨ। ਜਾਨ ਦੇ ਅਸਤੀਫ਼ੇ ਤੋਂ ਬਾਅਦ ਪੁਡੂਚੇਰੀ ਵਿੱਚ ਇੱਕ ਸੰਵਿਧਾਨਕ ਸੰਕਟ ਪੈਦਾ ਹੋ ਗਿਆ ਹੈ ਕਿਉਂਕਿ ਰਾਜ ਵਿੱਚ ਕਾਂਗਰਸ ਦੀ ਗੱਠਜੋੜ ਦੀ ਸਰਕਾਰ ਹੁਣ ਘੱਟਗਿਣਤੀ ਵਿੱਚ ਆ ਗਈ ਹੈ ।
ਦਰਅਸਲ, ਚਾਰ ਵਿਧਾਇਕਾਂ ਦੇ ਅਸਤੀਫ਼ੇ ਤੋਂ ਬਾਅਦ 33 ਮੈਂਬਰੀ ਵਿਧਾਨ ਸਭਾ ਵਿੱਚ ਕਾਂਗਰਸ ਦੀ ਤਾਕਤ 10 ਰਹਿ ਗਈ ਹੈ, ਜਿਸ ਵਿੱਚ ਮੈਂਬਰ ਵੀ ਸ਼ਾਮਿਲ ਹਨ । ਕਾਂਗਰਸ ਦੇ ਨਾਲ ਸਰਕਾਰ ਵਿੱਚ ਸ਼ਾਮਿਲ ਸਹਿਯੋਗੀ ਡੀਐਮਕੇ ਦੇ ਤਿੰਨ ਮੈਂਬਰ ਹਨ। ਜਦੋਂ ਕਿ ਸਰਕਾਰ ਨੂੰ ਇੱਕ ਸੁਤੰਤਰ ਵਿਧਾਇਕ ਦਾ ਸਮਰਥਨ ਵੀ ਹਾਸਿਲ ਹੈ। ਵਿਰੋਧੀ ਧਿਰ ਦੇ 14 ਵਿਧਾਇਕ ਹਨ ਅਰਥਾਤ ਸਰਕਾਰ ਅਤੇ ਵਿਰੋਧੀ ਧਿਰ ਦੇ ਵਿਧਾਇਕਾਂ ਦੀ ਗਿਣਤੀ ਹੁਣ ਬਰਾਬਰ ਹੋ ਗਈ ਹੈ।
ਦੱਸ ਦੇਈਏ ਕਿ ਪੁਡੂਚੇਰੀ ਵਿੱਚ ਪੈਦਾ ਹੋਏ ਰਾਜਨੀਤਿਕ ਸੰਕਟ ਦੇ ਵਿਚਕਾਰ ਉਪ ਰਾਜਪਾਲ ਕਿਰਨ ਬੇਦੀ ਨੂੰ ਮੰਗਲਵਾਰ ਰਾਤ ਅਚਾਨਕ LG ਅਹੁਦੇ ਤੋਂ ਹਟਾ ਦਿੱਤਾ ਗਿਆ। ਰਾਸ਼ਟਰਪਤੀ ਭਵਨ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਰਾਸ਼ਟਰਪਤੀ ਨੇ ਨਿਰਦੇਸ਼ ਦਿੱਤਾ ਹੈ ਕਿ ਕਿਰਨ ਬੇਦੀ ਹੁਣ ਪੁਡੂਚੇਰੀ ਦੇ ਉਪ ਰਾਜਪਾਲ ਨਹੀਂ ਰਹਿਣਗੇ। ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਪੁਡੂਚੇਰੀ ਦੇ ਲੈਫਟੀਨੈਂਟ ਰਾਜਪਾਲ ਦੇ ਅਹੁਦੇ ਦਾ ਵਾਧੂ ਚਾਰਜ ਤੇਲੰਗਾਨਾ ਦੇ ਰਾਜਪਾਲ ਤਾਮਿਲਸਾਈ ਸੌਂਦਰਿਆਰਾਜਨ ਨੂੰ ਦਿੱਤਾ ਹੈ। ਉਪ ਰਾਜਪਾਲ ਦਾ ਅਹੁਦਾ ਸੰਭਾਲਣ ਤੋਂ ਬਾਅਦ ਉਨ੍ਹਾਂ ਦੀ ਨਵੀਂ ਜ਼ਿੰਮੇਵਾਰੀ ਅਮਲ ਵਿੱਚ ਆਵੇਗੀ ਅਤੇ ਉਹ ਉਦੋਂ ਤੱਕ ਇਸ ਅਹੁਦੇ ‘ਤੇ ਬਣੇ ਰਹਿਣਗੇ ਜਦੋਂ ਤੱਕ ਪੁਡੂਚੇਰੀ ਦੇ ਉਪ ਰਾਜਪਾਲ ਦਾ ਨਿਯਮਤ ਪ੍ਰਬੰਧ ਨਹੀਂ ਹੁੰਦਾ।
ਇਸ ਦੌਰਾਨ ਨਰਾਇਣਸਾਮੀ ਨੇ ਬੇਦੀ ਨੂੰ ਹਟਾਉਣ ਦੇ ਫੈਸਲੇ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਹ ਲੋਕਾਂ ਦੇ ਅਧਿਕਾਰਾਂ ਦੀ ਜਿੱਤ ਹੈ। ਕਾਂਗਰਸ ਦੀ ਵਿਦਿਆਰਥੀ ਇਕਾਈ ਨੇ ਬੇਦੀ ਨੂੰ ਹਟਾਉਣ ਦਾ ਸਵਾਗਤ ਕਰਦਿਆਂ ਸ਼ਹਿਰ ਵਿੱਚ ਪਟਾਕੇ ਚਲਾਏ ।