Rahul Gandhi reached Guwahati: ਕਾਂਗਰਸ ਨੇਤਾ ਰਾਹੁਲ ਗਾਂਧੀ ਬੁੱਧਵਾਰ ਨੂੰ ਅਸਾਮ ਦੇ ਸਾਬਕਾ ਮੁੱਖ ਮੰਤਰੀ ਤਰੁਣ ਗੋਗੋਈ ਨੂੰ ਸ਼ਰਧਾਂਜਲੀ ਦੇਣਗੇ । ਤਰੁਣ ਗੋਗੋਈ ਨੇ ਸੋਮਵਾਰ ਨੂੰ ਆਖਰੀ ਸਾਹ ਲਿਆ ਸੀ, ਜਿਸ ਤੋਂ ਬਾਅਦ ਕਾਂਗਰਸ ਵੱਲੋਂ ਸ਼ੋਕ ਪ੍ਰਗਟ ਕੀਤਾ ਗਿਆ ਸੀ । ਬੁੱਧਵਾਰ ਨੂੰ ਕਾਂਗਰਸ ਨੇਤਾ ਰਾਹੁਲ ਗਾਂਧੀ ਵੀ ਗੁਹਾਟੀ ਪਹੁੰਚੇ ਅਤੇ ਸਾਬਕਾ ਸੀਐੱਮ ਨੂੰ ਸ਼ਰਧਾਂਜਲੀ ਦਿੱਤੀ। ਤਰੁਣ ਗੋਗੋਈ ਦਾ ਅੰਤਿਮ ਸੰਸਕਾਰ 26 ਨਵੰਬਰ ਨੂੰ ਕੀਤਾ ਜਾਣਾ ਹੈ, ਇਸ ਤੋਂ ਪਹਿਲਾਂ ਉਨ੍ਹਾਂ ਦੀ ਦੇਹ ਨੂੰ ਅੰਤਮ ਦਰਸ਼ਨਾਂ ਲਈ ਗੁਹਾਟੀ ਵਿੱਚ ਰੱਖਿਆ ਗਿਆ ਹੈ ।
ਇਸ ਸਬੰਧੀ ਅਸਾਮ ਕਾਂਗਰਸ ਦੇ ਸੂਬਾ ਪ੍ਰਧਾਨ ਰਿਪੁਨ ਬੋਰਾ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਬੁੱਧਵਾਰ ਸਵੇਰੇ ਗੁਹਾਟੀ ਪਹੁੰਚਣਗੇ, ਜਿਨ੍ਹਾਂ ਨਾਲ ਕਾਂਗਰਸੀ ਚੋਟੀ ਦੇ ਨੇਤਾ ਮੌਜੂਦ ਰਹਿਣਗੇ।
ਜ਼ਿਕਰਯੋਗ ਹੈ ਕਿ ਤਰੁਣ ਗੋਗੋਈ ਲਗਭਗ ਡੇਢ ਦਹਾਕੇ ਤੱਕ ਅਸਾਮ ਦੇ ਮੁੱਖ ਮੰਤਰੀ ਰਹੇ ਅਤੇ ਰਾਜ ਵਿੱਚ ਕਾਂਗਰਸ ਪਾਰਟੀ ਨੂੰ ਮਜਬੂਤ ਕੀਤਾ । ਤਰੁਣ ਗੋਗੋਈ ਦੀ ਦਿੱਲੀ ਦੀ ਰਾਜਨੀਤੀ ਵਿੱਚ ਚੰਗੀ ਪਕੜ ਸੀ ਅਤੇ ਉਨ੍ਹਾਂ ਨੂੰ ਹਮੇਸ਼ਾ ਗਾਂਧੀ ਪਰਿਵਾਰ ਦਾ ਨਜ਼ਦੀਕੀ ਮੰਨਿਆ ਜਾਂਦਾ ਰਿਹਾ। ।ਕਾਂਗਰਸ ਪ੍ਰਧਾਨ ਸੋਨੀਆ ਗਾਂਧੀ, ਰਾਹੁਲ ਗਾਂਧੀ, ਪ੍ਰਿਯੰਕਾ ਗਾਂਧੀ ਸਮੇਤ ਪ੍ਰਮੁੱਖ ਨੇਤਾਵਾਂ ਨੇ ਤਰੁਣ ਗੋਗੋਈ ਦੇ ਦਿਹਾਂਤ ‘ਤੇ ਸੋਗ ਕੀਤਾ ਸੀ।
ਦੱਸ ਦੇਈਏ ਕਿ ਕਾਂਗਰਸ ਪਾਰਟੀ ਨੂੰ ਪਿਛਲੇ ਦੋ ਦਿਨਾਂ ਵਿੱਚ ਦੋ ਵੱਡੇ ਝਟਕੇ ਲੱਗੇ ਹਨ। ਤਰੁਣ ਗੋਗੋਈ ਦੀ ਮੌਤ ਤੋਂ ਬਾਅਦ ਬੁੱਧਵਾਰ ਨੂੰ ਕਾਂਗਰਸ ਨੇਤਾ ਅਹਿਮਦ ਪਟੇਲ ਦੀ ਮੌਤ ਹੋ ਗਈ। ਅਹਿਮਦ ਪਟੇਲ ਪਿਛਲੇ ਇੱਕ ਮਹੀਨੇ ਤੋਂ ਬਿਮਾਰ ਸੀ ਅਤੇ ਗੁਰੂਗਰਾਮ ਦੇ ਮੇਦਾਂਤਾ ਹਸਪਤਾਲ ਵਿੱਚ ਆਖਰੀ ਸਾਹ ਲਿਆ । ਅਜਿਹੀ ਸਥਿਤੀ ਵਿੱਚ ਰਾਹੁਲ ਗਾਂਧੀ ਦੇ ਗੁਹਾਟੀ ਤੋਂ ਜਲਦੀ ਹੀ ਵਾਪਸ ਦਿੱਲੀ ਪਰਤਣ ਦੇ ਕਿਆਸ ਵੀ ਲਗਾਏ ਜਾ ਰਹੇ ਹਨ।