Rahul Gandhi Says Covid-19: ਭਾਰਤ ਵਿੱਚ ਕੋਰੋਨਾ ਵਾਇਰਸ ਦੇ ਮਾਮਲੇ ਹੁਣ ਤੇਜ਼ੀ ਨਾਲ ਵੱਧ ਰਹੇ ਹਨ ਅਤੇ ਹਰ ਦਿਨ ਤਕਰੀਬਨ 25 ਹਜ਼ਾਰ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਭਾਰਤ ਹੁਣ ਕੋਰੋਨਾ ਵਾਇਰਸ ਨਾਲ ਪ੍ਰਭਾਵਿਤ ਦੇਸ਼ਾਂ ਦੀ ਸੂਚੀ ਵਿੱਚ ਤੀਜੇ ਨੰਬਰ ‘ਤੇ ਆ ਗਿਆ ਹੈ । ਇਸ ਮਾਮਲੇ ਵਿੱਚ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਸੋਮਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇੱਕ ਵੀਡੀਓ ਸਾਂਝੀ ਕਰਦਿਆਂ ਸਰਕਾਰ ਦਾ ਘਿਰਾਓ ਕੀਤਾ ਹੈ । ਰਾਹੁਲ ਨੇ ਲਿਖਿਆ ਕਿ ਇਹ ਗੱਲਾਂ ਭਵਿੱਖ ਵਿੱਚ ਉਦੋਂ ਦੱਸੀਆਂ ਜਾਣਗੀਆਂ ਜਦੋਂ ਅਸਫਲਤਾ ਬਾਰੇ ਅਧਿਐਨ ਕੀਤਾ ਜਾਵੇਗਾ । ਰਾਹੁਲ ਗਾਂਧੀ ਨੇ ਆਪਣੀ ਵੀਡੀਓ ਦੇ ਕੈਪਸ਼ਨ ਵਿੱਚ ਤਿੰਨ ਮੁੱਦਿਆਂ ਦਾ ਜ਼ਿਕਰ ਕੀਤਾ ਹੈ । ਜਿਸ ਵਿੱਚ ਕੋਵਿਡ -19, ਨੋਟਬੰਦੀ ਅਤੇ ਜੀ.ਐੱਸ.ਟੀ. ਲਾਗੂ ਕਰਨਾ ਆਦਿ ਸ਼ਾਮਿਲ ਹਨ। ਰਾਹੁਲ ਨੇ ਕਿਹਾ ਕਿ ਉਸਨੂੰ ਹਾਰਵਰਡ ਦੇ ਬਿਜ਼ਨਸ ਸਕੂਲ ਵਿੱਚ ਅਸਫਲਤਾ ਵਜੋਂ ਪੜ੍ਹਾਇਆ ਜਾਵੇਗਾ ।
ਕਾਂਗਰਸ ਨੇਤਾ ਨੇ ਇਸ ਦੇ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇੱਕ ਵੀਡੀਓ ਸਾਂਝੀ ਕੀਤੀ, ਜਿਸ ਵਿੱਚ ਉਨ੍ਹਾਂ ਨੇ ਦੇਸ਼ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਕੋਰੋਨਾ ਵਾਇਰਸ ਖ਼ਿਲਾਫ਼ ਜੰਗ 21 ਦਿਨਾਂ ਵਿਚ ਜਿੱਤੀ ਜਾਵੇਗੀ। ਵੀਡੀਓ ਵਿੱਚ ਦਿਖਾਇਆ ਗਿਆ ਹੈ ਕਿ ਹੁਣ ਕੋਰੋਨਾ ਵਾਇਰਸ ਨਾਲ ਜਾਰੀ ਲੜਾਈ ਨੂੰ ਸੌ ਦਿਨ ਹੋ ਚੁੱਕੇ ਹਨ, ਜਦੋਂ ਕਿ ਭਾਰਤ ਕੋਰੋਨਾ ਵਾਇਰਸ ਦੀ ਰੈਂਕਿੰਗ ਵਿੱਚ ਤੀਜੇ ਸਥਾਨ ‘ਤੇ ਪਹੁੰਚ ਗਿਆ ਹੈ।
ਗੌਰਤਲਬ ਹੈ ਕਿ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਰੋਨਾ ਸੰਕਟ ਦੇ ਸਬੰਧ ਵਿੱਚ ਦੇਸ਼ ਨੂੰ ਸੰਬੋਧਿਤ ਕੀਤਾ ਸੀ ਤਾਂ 21 ਦਿਨਾਂ ਦੇ ਲਾਕਡਾਊਨ ਦਾ ਐਲਾਨ ਕੀਤਾ ਸੀ ਅਤੇ ਲੋਕਾਂ ਨੂੰ ਨਿਯਮਾਂ ਦੀ ਪਾਲਣਾ ਕਰਨ ਲਈ ਕਿਹਾ ਗਿਆ ਸੀ । ਹਾਲਾਂਕਿ, ਲਾਕਡਾਊਨ ਲਗਭਗ ਤਿੰਨ ਮਹੀਨਿਆਂ ਤੱਕ ਚੱਲਿਆ ਅਤੇ ਹੁਣ ਵੀ ਅਨਲੌਕ ਦੇ ਦੌਰਾਨ ਸਭ ਕੁਝ ਆਮ ਨਹੀਂ ਹੈ।
ਜੇਕਰ ਅਸੀਂ ਕੋਰੋਨਾ ਵਾਇਰਸ ਦੇ ਮਾਮਲਿਆਂ ਦੀ ਗੱਲ ਕਰੀਏ ਤਾਂ ਦੇਸ਼ ਵਿੱਚ ਤਕਰੀਬਨ ਸੱਤ ਲੱਖ ਕੋਰੋਨਾ ਵਾਇਰਸ ਦੇ ਕੇਸ ਹਨ ਅਤੇ 19 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਪਿਛਲੇ ਕੁਝ ਦਿਨਾਂ ਤੋਂ ਹਰ ਦਿਨ ਤਕਰੀਬਨ 25 ਹਜ਼ਾਰ ਕੇਸ ਸਾਹਮਣੇ ਆ ਰਹੇ ਹਨ, ਭਾਵ ਹਰ ਚਾਰ ਦਿਨਾਂ ਵਿੱਚ ਤਕਰੀਬਨ ਇੱਕ ਲੱਖ ਕੇਸ। ਭਾਰਤ ਹੁਣ ਦੁਨੀਆ ਦੇ ਕੁੱਲ ਕੇਸਾਂ ਦੇ ਮਾਮਲੇ ਵਿੱਚ ਤੀਜੇ ਸਥਾਨ ‘ਤੇ ਆ ਗਿਆ ਹੈ, ਭਾਰਤ ਤੋਂ ਅੱਗੇ ਸਿਰਫ ਅਮਰੀਕਾ ਅਤੇ ਬ੍ਰਾਜ਼ੀਲ ਹੀ ਬਚੇ ਹਨ।