Rahul Gandhi Says Farmers Demand: ਕਾਂਗਰਸ ਪਾਰਟੀ ਲਗਾਤਾਰ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਨੂੰ ਵੱਖ-ਵੱਖ ਮੁੱਦਿਆਂ ‘ਤੇ ਨਿਸ਼ਾਨਾ ਬਣਾ ਰਹੀ ਹੈ। ਜਿੱਥੇ ਨਵੇਂ ਖੇਤੀਬਾੜੀ ਬਿੱਲਾਂ ਸਬੰਧੀ ਕਿਸਾਨ ਖੁਦ ਵੀ ਸੜਕਾਂ ‘ਤੇ ਉੱਤਰ ਕੇ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ ਉੱਥੇ ਹੀ ਵੱਖ-ਵੱਖ ਵਿਰੋਧੀ ਪਾਰਟੀਆਂ ਵੀ ਇਨ੍ਹਾਂ ਬਿੱਲਾਂ ਖਿਲਾਫ ਆਪਣਾ ਵਿਰੋਧ ਜ਼ਾਹਿਰ ਕਰ ਰਹੀਆਂ ਹਨ। ਇਸੇ ਸਬੰਧ ਵਿੱਚ ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਿਸਾਨਾਂ ਦੇ ਮੁੱਦੇ ‘ਤੇ ਇੱਕ ਵਾਰ ਫਿਰ ਨਿਸ਼ਾਨਾ ਬਣਾਇਆ ਹੈ। ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ‘ਤੇ ਨਿਸ਼ਾਨਾ ਸਾਧਦਿਆਂ ਟਵੀਟ ਕਰ ਕਿਹਾ ਕਿ, “ਦੇਸ਼ ਦੇ ਕਿਸਾਨਾਂ ਨੇ ਮੰਡੀ ਮੰਗੀ, ਤਾਂ ਪ੍ਰਧਾਨ ਮੰਤਰੀ ਨੇ ਭਿਆਨਕ ਮੰਦੀ ਦੇ ਦਿੱਤੀ।” ਕਾਂਗਰਸ ਪਾਰਟੀ ਜ਼ਰੂਰੀ ਵਸਤੂਆਂ ਦੀਆਂ ਕੀਮਤਾਂ ਵਿੱਚ ਵਾਧੇ, ਅਰਥ ਵਿਵਸਥਾਂ ਅਤੇ ਖੇਤੀ ਕਾਨੂੰਨਾਂ ਸੰਬੰਧੀ ਲਗਾਤਾਰ ਹਮਲਾਵਰ ਰੁੱਖ ਆਪਣਾ ਰਹੀ ਹੈ। ਜ਼ਿਕਰਯੋਗ ਹੈ ਕਿ ਪਿੱਛਲੇ ਕੁੱਝ ਦਿਨਾਂ ਵਿੱਚ ਜ਼ਰੂਰੀ ਵਸਤੂਆਂ ਦੀਆਂ ਕੀਮਤਾਂ ਵਿੱਚ ਕਾਫੀ ਵਾਧਾ ਹੋਇਆ ਹੈ, ਜਿਨ੍ਹਾਂ ਵਿੱਚ ਘਰਾਂ ਵਿੱਚ ਹਰ ਰੋਜ਼ ਵਰਤੋਂ ਵਿੱਚ ਆਉਣ ਵਾਲੀਆਂ ਸਬਜ਼ੀਆਂ ਵੀ ਹਨ।
ਐਤਵਾਰ ਨੂੰ ਕਾਂਗਰਸ ਦੇ ਬੁਲਾਰੇ ਗੌਰਵ ਵੱਲਭ ਨੇ ਸਬਜ਼ੀਆਂ ਦੀਆਂ ਕੀਮਤਾਂ ਵਿੱਚ ਹੋਏ ਵਾਧੇ ਸਬੰਧੀ ਮੋਦੀ ਸਰਕਾਰ ‘ਤੇ ਤਿੱਖਾ ਹਮਲਾ ਬੋਲਦਿਆਂ ਕਿਹਾ ਸੀ ਕਿ, ਆਲੂ ਅਤੇ ਪਿਆਜ਼ ਦੀਆ ਕੀਮਤਾਂ ਨੇ 10 ਸਾਲਾਂ ਦੇ ਆਪਣੇ ਰਿਕਾਰਡ ਨੂੰ ਤੋੜਿਆ ਹੈ। ਕਿਉਂਕ ਸਰਕਾਰ ਸਟੋਰ ਕੀਤੇ ਗਏ ਭੰਡਾਰ ਨੂੰ ਸੜਨ ਲਈ ਛੱਡ ਰਹੀ ਹੈ ਜਿਸਦਾ ਸਭ ਤੋਂ ਵੱਡਾ ਨੁਕਸਾਨ ਆਮ ਲੋਕਾਂ ਨੂੰ ਹੋ ਰਿਹਾ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਸਰਕਾਰ ਜਾਣ ਬੁੱਝ ਕੇ ਇਸ ਮਾਮਲੇ ਉੱਪਰ ਧਿਆਨ ਨਹੀਂ ਦੇ ਰਹੀ ਹੈ। ਕਾਂਗਰਸ ਨੇ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਮਹਿੰਗਾਈ ਨੂੰ ਰੋਕਣ ਲਈ ਬਾਜ਼ਾਰ ਵਿੱਚ ਖਾਣ ਪੀਣ ਦੀਆਂ ਵਸਤਾਂ ਦਾ ਢੁਕਵਾਂ ਸਟਾਕ ਮੁਹੱਈਆ ਕਰਵਾਏ। ਇਸ ਦੇ ਨਾਲ ਹੀ ਜੋ ਲੋਕ ਕਾਲਾ ਬਜ਼ਾਰੀ ਕਰਦੇ ਹਨ ਉਨ੍ਹਾਂ ਉੱਤੇ ਵੀ ਸਖਤ ਕਾਰਵਾਈ ਕੀਤੀ ਜਾਵੇ ਤਾਂ ਕਿ ਆਮ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਨਾ ਕਰਨਾ ਪਏ। ਆਲੂ ਅਤੇ ਪਿਆਜ਼ ਦੀਆਂ ਕੀਮਤਾਂ ਅੱਜ ਆਮ ਲੋਕਾਂ ਦੀ ਪਹੁੰਚ ਤੋਂ ਦੂਰ ਹੁੰਦੀਆਂ ਜਾ ਰਹੀਆਂ ਹਨ। ਕੋਵਿਡ -19 ਦੇ ਕਾਰਨ ਜਿੱਥੇ ਆਮ ਲੋਕ ਪਹਿਲਾਂ ਹੀ ਬਹੁਤ ਮੁਸੀਬਤ ਵਿੱਚ ਹਨ, ਹੁਣ ਇਨ੍ਹਾਂ ਸਬਜ਼ੀਆਂ ਦੇ ਭਾਅ ਵੱਧਣ ਕਾਰਨ ਉਨ੍ਹਾਂ ਦੀਆਂ ਮੁਸ਼ਕਿਲਾਂ ਹੋਰ ਵੀ ਵੱਧ ਗਈਆਂ ਹਨ।