Rahul Gandhi Says New law: ਨਵੀਂ ਦਿੱਲੀ: ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਖੇਤੀ ਬਿੱਲਾਂ ਨੇ ਬੇਸ਼ੱਕ ਕਾਨੂੰਨ ਦਾ ਰੂਪ ਧਾਰ ਲਿਆ ਹੋਵੇ , ਪਰ ਉਨ੍ਹਾਂ ਖਿਲਾਫ ਗੁੱਸਾ ਅਜੇ ਵੀ ਜਾਰੀ ਹੈ। ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਲਗਾਤਾਰ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ । ਇਸ ਦੌਰਾਨ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਇੱਕ ਵਾਰ ਫਿਰ ਮੋਦੀ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ। ਰਾਹੁਲ ਨੇ ਕਿਹਾ ਹੈ ਕਿ ਨਵਾਂ ਖੇਤੀਬਾੜੀ ਕਾਨੂੰਨ ਕਿਸਾਨਾਂ ਲਈ ਮੌਤ ਦਾ ਫਰਮਾਨ ਹੈ।
ਰਾਜ ਸਭਾ ਵਿੱਚ ਵਿਰੋਧੀ ਧਿਰ ਦੀ ਗੱਲ ਸੁਣੇ ਬਗੈਰ ਖੇਤੀਬਾੜੀ ਬਿੱਲ ਨੂੰ ਪਾਸ ਕਰਨ ਦਾ ਦੋਸ਼ ਲਾਉਂਦਿਆਂ ਰਾਹੁਲ ਗਾਂਧੀ ਨੇ ਲਿਖਿਆ ਕਿ ਕਿਸਾਨਾਂ ਦੀ ਆਵਾਜ਼ ਨੂੰ ਸੰਸਦ ਅਤੇ ਸੰਸਦ ਦੇ ਬਾਹਰ ਦਬਾਇਆ ਜਾ ਰਿਹਾ ਹੈ। ਇਹ ਸਬੂਤ ਹੈ ਕਿ ਦੇਸ਼ ਵਿੱਚ ਲੋਕਤੰਤਰ ਮਰ ਚੁੱਕਿਆ ਹੈ।
ਦਰਅਸਲ, ਰਾਹੁਲ ਗਾਂਧੀ ਨੇ ਇੱਕ ਅੰਗ੍ਰੇਜ਼ੀ ਅਖਬਾਰ ਦੀ ਇੱਕ ਰਿਪੋਰਟ ਦਾ ਹਵਾਲਾ ਦਿੱਤਾ, ਜਿਸ ਵਿੱਚ ਦਾਅਵਾ ਕੀਤਾ ਗਿਆ ਕਿ ਵਿਰੋਧੀ ਧਿਰ ਵੱਲੋਂ ਸੀਟ ‘ਤੇ ਖੜ੍ਹੇ ਹੋ ਕੇ ਵੰਡ ਦੀ ਮੰਗ ਕਰਨ ਤੋਂ ਬਾਅਦ ਵੀ ਡਿਪਟੀ ਚੇਅਰਮੈਨ ਹਰੀਵੰਸ਼ ਨੇ ਇਸ ਦਾ ਆਦੇਸ਼ ਨਹੀਂ ਦਿੱਤਾ । ਇਸਦੇ ਨਾਲ ਹੀ ਵੰਡ ਤੋਂ ਬਿਨ੍ਹਾਂ ਖੇਤੀਬਾੜੀ ਬਿੱਲ ਪਾਸ ਕਰਵਾ ਦਿੱਤਾ। ਹਾਲਾਂਕਿ, ਉਪ ਚੇਅਰਮੈਨ ਦੁਆਰਾ ਇੱਕ ਸਪਸ਼ਟੀਕਰਨ ਵੀ ਜਾਰੀ ਕੀਤਾ ਗਿਆ ਜਿਸ ਵਿੱਚ ਉਨ੍ਹਾਂ ਨੇ ਇੱਕ ਮਿੰਟ ਬਾਅਦ ਉਸ ਸਾਰੀ ਘਟਨਾ ਬਾਰੇ ਜਾਣਕਾਰੀ ਦਿੱਤੀ। ਇਹ ਵੀ ਕਿਹਾ ਕਿ ਮੈਂ ਸਾਰੇ ਸਬੂਤ ਸਾਹਮਣੇ ਰੱਖੇ ਹਨ ਅਤੇ ਹੁਣ ਤੁਸੀਂ ਖੁਦ ਸੱਚਾਈ ਨੂੰ ਜਾਣ ਸਕਦੇ ਹੋ।
ਦੱਸ ਦੇਈਏ ਕਿ ਕਾਂਗਰਸ ਲਗਾਤਾਰ ਡਿਪਟੀ ਚੇਅਰਮੈਨ ਦਾ ਵਿਰੋਧ ਕਰ ਰਹੀ ਸੀ ਅਤੇ ਵਿਸ਼ਵਾਸ-ਪ੍ਰਸਤਾਵ ਵੀ ਲਿਆਈ ਸੀ ।ਉੱਥੇ ਹੀ, ਜੇ ਅਸੀਂ ਖੇਤੀਬਾੜੀ ਬਿੱਲ ਦੀ ਗੱਲ ਕਰੀਏ ਤਾਂ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਵਿਰੋਧ ਚੱਲ ਰਿਹਾ ਹੈ। ਸੋਮਵਾਰ ਨੂੰ ਦਿੱਲੀ, ਪੰਜਾਬ, ਤਾਮਿਲਨਾਡੂ ਅਤੇ ਕਰਨਾਟਕ ਵਿੱਚ ਕਿਸਾਨ ਸੜਕਾਂ ‘ਤੇ ਉਤਰ ਆਏ । ਦਿੱਲੀ ਵਿੱਚ ਯੂਥ ਕਾਂਗਰਸ ਦੇ ਵਰਕਰਾਂ ਨੇ ਰਾਜਪਥ ਵਿਖੇ ਇੱਕ ਟਰੈਕਟਰ ਨੂੰ ਅੱਗ ਦੇ ਹਵਾਲੇ ਕਰ ਦਿੱਤਾ।