rahul gandhi slam modi goverment: ਬੇਰੁਜ਼ਗਾਰੀ ਦਾ ਮੁੱਦਾ ਭਾਰਤ ਵਿੱਚ ਇੱਕ ਵੱਡਾ ਮੁੱਦਾ ਹੈ। ਹੁਣ ਇਸੇ ਵਿਸ਼ੇ ਦੇ ਉੱਪਰ ਕਾਂਗਰਸ ਪਾਰਟੀ ਦੇ ਨੇਤਾ ਅਤੇ ਸਾਬਕਾ ਰਾਸ਼ਟਰੀ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰ ਸਰਕਾਰ ਨੂੰ ਨਿਸ਼ਾਨਾ ਬਣਾਇਆ ਹੈ। ਬੇਰੁਜ਼ਗਾਰੀ ਰੋਕਣ ਦੇ ਮੁੱਦੇ ‘ਤੇ ਕਾਂਗਰਸ ਪ੍ਰਧਾਨ ਨੇ ਕੇਂਦਰ ਸਰਕਾਰ ਨੂੰ ਅਸਫ਼ਲ ਦੱਸਿਆ ਹੈ। ਰਾਹੁਲ ਗਾਂਧੀ ਨੇ ਬੇਰੁਜ਼ਗਾਰੀ ਨੂੰ ਕੌਮੀ ਤਬਾਹੀ ਦੱਸਦਿਆਂ ਕਿਹਾ ਹੈ ਕਿ ਕੇਂਦਰ ਸਰਕਾਰ ਵੱਲੋਂ ਰੁਜ਼ਗਾਰ ਲਈ ਕੀਤੇ ਵਾਅਦੇ ਵੀ ਖੋਖਲੇ ਹਨ। ਉਨ੍ਹਾਂ ਨੇ ਕੇਂਦਰ ਦੀ ਮੋਦੀ ਸਰਕਾਰ ਨੂੰ ਜਲਦ ਤੋਂ ਜਲਦ ਇਸ ਦਾ ਹੱਲ ਲੱਭਣ ਲਈ ਵੀ ਕਿਹਾ ਹੈ। ਰਾਹੁਲ ਗਾਂਧੀ ਨੇ ਇੱਕ ਟਵੀਟ ਕਰ ਕਿਹਾ ਕਿ, “ਰੁਜ਼ਗਾਰ ਦੀ ਘਾਟ ਇੱਕ ਰਾਸ਼ਟਰੀ ਤਬਾਹੀ ਹੈ ਜੋ ਡੂੰਘੀ ਹੁੰਦੀ ਜਾ ਰਹੀ ਹੈ। ਮੋਦੀ ਸਰਕਾਰ ਸਿਰਫ ਖੋਖਲੇ ਵਾਅਦੇ ਕਰਨਾ ਜਾਣਦੀ ਹੈ, ਉਹਨਾਂ ਨੂੰ ਹੱਲ ਕਰਨਾ ਨਹੀਂ।” ਇਸਦੇ ਨਾਲ ਰਾਹੁਲ ਗਾਂਧੀ ਨੇ ਇੱਕ ਅਖਬਾਰ ਦੀ ਰਿਪੋਰਟ ਦਾ ਹਵਾਲਾ ਦਿੱਤਾ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਸਤੰਬਰ ਦੇ ਮੁਕਾਬਲੇ ਅਕਤੂਬਰ ਵਿੱਚ ਨੌਕਰੀਆਂ ਦੀ ਘਾਟ ਹੈ। ਇਹ ਘਾਟ ਯੂਪੀ-ਬਿਹਾਰ ਸਮੇਤ ਕਈ ਰਾਜਾਂ ਵਿੱਚ ਆਈ ਹੈ।
ਇਸ ਤੋਂ ਪਹਿਲਾ ਵੀ ਰਾਹੁਲ ਗਾਂਧੀ ਨੇ ਬਿਹਾਰ ਵਿੱਚ ਚੋਣ ਰੈਲੀਆ ਨੂੰ ਸੰਬੋਧਨ ਕਰਦਿਆਂ ਨਿਤੀਸ਼ ਕੁਮਾਰ ਅਤੇ ਪ੍ਰਧਾਨ ਮੰਤਰੀ ਮੋਦੀ ‘ਤੇ ਤਿੱਖੇ ਨਿਸ਼ਾਨੇ ਸਾਧੇ ਸੀ। ਕਿਸ਼ਨਗੰਜ ਰੈਲੀ ਵਿੱਚ ਰਾਹੁਲ ਗਾਂਧੀ ਨੇ ਕਿਹਾ ਸੀ ਕਿ ਨਿਤੀਸ਼ ਅਤੇ ਮੋਦੀ ਨੇ ਮਿਲ ਕੇ ਬਿਹਾਰ ਨੂੰ ਲੁੱਟਿਆ ਹੈ। ਬਿਹਾਰ ਦੇ ਕਿਸਾਨ, ਮਜ਼ਦੂਰ, ਛੋਟੇ ਦੁਕਾਨਦਾਰ ਤਬਾਹ ਹੋ ਗਏ ਹਨ। ਰਾਹੁਲ ਗਾਂਧੀ ਨੇ ਕਿਹਾ ਸੀ ਕਿ ਪ੍ਰਧਾਨ ਮੰਤਰੀ ਅਤੇ ਆਰਐਸਐਸ ਨੇ ਕਿਸਾਨਾਂ ਅਤੇ ਗਰੀਬਾਂ ‘ਤੇ ਸਭ ਤੋਂ ਵੱਧ ਹਮਲਾ ਕੀਤਾ ਹੈ। ਭਾਜਪਾ-ਆਰਐਸਐਸ ਦਾ ਕੰਮ ਨਫ਼ਰਤ ਫੈਲਾਉਣਾ ਹੈ। ਬੇਰੁਜ਼ਗਾਰੀ ਦੇ ਨਾਲ-ਨਾਲ ਰਾਹੁਲ ਗਾਂਧੀ ਮਹਿੰਗਾਈ ਅਤੇ ਕਿਸਾਨਾਂ ਦੀ ਘੱਟ ਆਮਦਨੀ ਦਾ ਮੁੱਦਾ ਵੀ ਚੁੱਕ ਰਹੇ ਹਨ। ਉਨ੍ਹਾਂ ਕਿਹਾ ਕਿ ਸਰਬਪੱਖੀ ਮਹਿੰਗਾਈ ਲਈ ਕੇਂਦਰ ਸਰਕਾਰ ਜ਼ਿੰਮੇਵਾਰ ਹੈ। ਰਾਹੁਲ ਗਾਂਧੀ ਨੇ ਇੱਕ ਦਿਨ ਪਹਿਲਾਂ ਹੀ ਮੋਦੀ ਸਰਕਾਰ ‘ਤੇ ਹਮਲਾ ਬੋਲਦਿਆਂ ਇੱਕ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਦਾਅਵਾ ਕੀਤਾ ਸੀ ਕਿ ਪਿਆਜ਼ ਅਤੇ ਬੀਜ ਦੀਆਂ ਕੀਮਤਾਂ ਵਿੱਚ ਹੋਏ ਵਾਧੇ ਤੋਂ ਕਿਸਾਨ ਪ੍ਰੇਸ਼ਾਨ ਹਨ। ਰਾਹੁਲ ਗਾਂਧੀ ਨੇ ਕਿਹਾ, “ਇੱਕ ਪਾਸੇ, ਕਿਸਾਨਾਂ ‘ਤੇ ਦੋਹਰੀ ਮਾਰ ਹੈ – ਮਹਿੰਗੇ ਬੀਜ ਅਤੇ ਫ਼ਸਲ ਦੀ ਘੱਟ ਕੀਮਤ। ਦੂਜੇ ਪਾਸੇ, ਮਹਿੰਗਾਈ ਨਾਲ ਖਪਤਕਾਰ ਸਾਰੇ ਪਾਸਿਓਂ ਮਾਰਿਆ ਜਾਂਦਾ ਹੈ। ਇਸ ਮਹਿੰਗਾਈ ਲਈ ਮੋਦੀ ਸਰਕਾਰ ਹੀ ਜ਼ਿੰਮੇਵਾਰ ਹੈ!”