Rahul Gandhi slams Centre: ਨਵੀਂ ਦਿੱਲੀ: ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਵਾਯਨਾਡ ਤੋਂ ਸੰਸਦ ਮੈਂਬਰ ਰਾਹੁਲ ਗਾਂਧੀ ਕੋਰਨਾ ਦੇ ਵੱਧ ਰਹੇ ਕੇਸਾਂ, ਭਾਰਤ-ਚੀਨ ਸਰਹੱਦੀ ਵਿਵਾਦ ਸਮੇਤ ਕਈ ਮੁੱਦਿਆਂ ‘ਤੇ ਕੇਂਦਰ ਸਰਕਾਰ ‘ਤੇ ਲਗਾਤਾਰ ਹਮਲੇ ਕਰ ਰਹੇ ਹਨ। ਰਾਹੁਲ ਨੇ ਕੁਝ ਸਮਾਂ ਪਹਿਲਾਂ ਕੋਵਿਡ-19 ਵੈਕਸੀਨ ਬਾਰੇ ਟਵੀਟ ਕੀਤਾ ਅਤੇ ਮੋਦੀ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਕੋਲ ਕੋਰੋਨਾ ਵੈਕਸੀਨ ਬਾਰੇ ਅਜੇ ਕੋਈ ਰਣਨੀਤੀ ਨਹੀਂ ਹੈ। ਸਰਕਾਰ ਦੀ ਲਾਪ੍ਰਵਾਹੀ ਚਿੰਤਾਜਨਕ ਹੈ।
ਦਰਅਸਲ, ਰਾਹੁਲ ਗਾਂਧੀ ਨੇ ਟਵੀਟ ਕਰਦਿਆਂ ਲਿਖਿਆ ਕਿ ‘ਕੋਰੋਨਾ ਦੀ ਵੈਕਸੀਨ ਬਣਾਏ ਜਾਣ ਦੀ ਇੱਕ ਨਿਰਪੱਖ ਅਤੇ ਸੰਮਲਿਤ ਰਣਨੀਤੀ ਹੋਣੀ ਚਾਹੀਦੀ ਸੀ, ਪਰ ਅਜੇ ਵੀ ਇਸ ਦੇ ਸੰਕੇਤ ਨਹੀਂ ਹਨ । ਭਾਰਤ ਸਰਕਾਰ ਦੀ ਲਾਪ੍ਰਵਾਹੀ ਚਿੰਤਾਜਨਕ ਹੈ । ਦੱਸ ਦੇਈਏ ਕਿ ਰਾਹੁਲ ਨੇ ਆਪਣੇ 14 ਅਗਸਤ ਦੇ ਟਵੀਟ ਨੂੰ ਰੀਟਵੀਟ ਕਰਦਿਆਂ ਇਹ ਲਿਖਿਆ ਹੈ।
ਉਸ ਟਵੀਟ ਵਿੱਚ ਰਾਹੁਲ ਗਾਂਧੀ ਨੇ ਲਿਖਿਆ ਸੀ ਕਿ ਭਾਰਤ ਕੋਵਿਡ-19 ਵੈਕਸੀਨ ਉਤਪਾਦਕ ਦੇਸ਼ਾਂ ਵਿੱਚੋਂ ਇੱਕ ਹੋਵੇਗਾ। ਉਪਲਬਧਤਾ, ਕਿਫਾਇਤੀ ਅਤੇ ਨਿਰਪੱਖ ਵੰਡ ਨੂੰ ਯਕੀਨੀ ਬਣਾਉਣ ਲਈ ਇੱਕ ਸਪੱਸ਼ਟ ਤੌਰ ‘ਤੇ ਪਰਿਭਾਸ਼ਤ, ਸੰਮਿਲਿਤ ਅਤੇ ਬਰਾਬਰ ਵੈਕਸੀਨ ਬਣਾਉਣ ਲਈ ਇੱਕ ਰਣਨੀਤੀ ਦੀ ਜ਼ਰੂਰਤ ਹੈ। ਭਾਰਤ ਸਰਕਾਰ ਨੂੰ ਹੁਣ ਇਹ ਕਰਨਾ ਚਾਹੀਦਾ ਹੈ।
ਦੱਸ ਦੇਈਏ ਕਿ ਬਹੁਤ ਸਾਰੇ ਦੇਸ਼ ਕੋਰੋਨਾ ਵੈਕਸੀਨ ਬਣਾਉਣ ਵਿੱਚ ਲੱਗੇ ਹੋਏ ਹਨ। ਰੂਸ ਇਹ ਵੈਕਸੀਨ ਬਣਾਉਣ ਦਾ ਦਾਅਵਾ ਕਰ ਚੁੱਕਿਆ ਹੈ। ਇਸ ਦੌਰਾਨ ਭਾਰਤ ਵਿੱਚ ਕੋਰੋਨਾ ਦੇ ਕੇਸ ਵੀ ਵੱਧ ਰਹੇ ਹਨ । ਸਿਹਤ ਮੰਤਰਾਲੇ ਵੱਲੋਂ ਵੀਰਵਾਰ ਸਵੇਰੇ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਦੇਸ਼ ਵਿੱਚ ਕੋਰੋਨਾ ਦੀ ਲਾਗ ਦੀ ਗਿਣਤੀ ਵੱਧ ਕੇ 33,10,234 ਹੋ ਗਈ ਹੈ। ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਦੇ 75,760 ਨਵੇਂ ਕੇਸ ਸਾਹਮਣੇ ਆਏ ਹਨ। ਇਸ ਸਮੇਂ ਦੌਰਾਨ 1,023 ਲੋਕਾਂ ਦੀ ਇਸ ਲੱਗ ਨਾਲ ਮੌਤ ਹੋ ਗਈ ।