Rahul Gandhi slams Centre: ਕਾਂਗਰਸ ਨੇਤਾ ਰਾਹੁਲ ਗਾਂਧੀ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਹਮਲਾ ਜਾਰੀ ਹੈ । ਸੋਮਵਾਰ ਨੂੰ ਕਾਂਗਰਸ ਨੇਤਾ ਨੇ ਕੇਂਦਰ ਵੱਲੋਂ ਰਾਜਾਂ ਨੂੰ ਦਿੱਤੇ ਜਾਣ ਵਾਲੇ GST ਮਾਲੀਆ ਨੂੰ ਲੈ ਕੇ ਪੀਐਮ ਮੋਦੀ ਦਾ ਘਿਰਾਓ ਕੀਤਾ। ਰਾਹੁਲ ਗਾਂਧੀ ਨੇ ਦੋਸ਼ ਲਾਇਆ ਕਿ ਪਹਿਲਾਂ ਕੇਂਦਰ ਸਰਕਾਰ ਨੇ ਮਾਲੀਆ ਦੇਣ ਦਾ ਵਾਅਦਾ ਕੀਤਾ ਸੀ, ਪਰ ਜਦੋਂ ਅਰਥ ਵਿਵਸਥਾ ਰੁੱਕ ਗਈ ਤਾਂ ਹੁਣ ਕੇਂਦਰ ਆਪਣੇ ਵਾਅਦੇ ਤੋਂ ਪਿੱਛੇ ਹਟ ਰਿਹਾ ਹੈ । ਰਾਹੁਲ ਗਾਂਧੀ ਨੇ ਆਪਣੇ ਟਵੀਟ ਵਿੱਚ ਕੁਝ ਨੁਕਤੇ ਦੱਸਦੇ ਹੋਏ ਕੇਂਦਰ ਨੂੰ ਘੇਰਿਆ।
ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਲਿਖਿਆ ਕਿ ਤੁਹਾਡੇ ਮੁੱਖ ਮੰਤਰੀ ਤੁਹਾਡਾ ਭਵਿੱਖ ਨਰਿੰਦਰ ਮੋਦੀ ਕੋਲ ਗਿਰਵੀ ਕਿਉਂ ਰੱਖ ਰਹੇ ਹਨ? ਰਾਹੁਲ ਨੇ ਆਪਣੇ ਟਵੀਟ ਵਿੱਚ ਇਨ੍ਹਾਂ ਗੱਲਾਂ ਦਾ ਮੁੱਦਾ ਚੁੱਕਿਆ…..
• ਕੇਂਦਰ ਸਰਕਾਰ ਨੇ ਰਾਜਾਂ ਨੂੰ ਜੀਐਸਟੀ ਮਾਲੀਆ ਦੇਣ ਦਾ ਵਾਅਦਾ ਕੀਤਾ ਸੀ ।
• ਕੋਰੋਨਾ ਸੰਕਟ ਅਤੇ ਪੀਐਮ ਮੋਦੀ ਦੇ ਕਾਰਨ ਆਰਥਿਕਤਾ ਰੁੱਕ ਗਈ।
• ਪ੍ਰਧਾਨ ਮੰਤਰੀ ਮੋਦੀ ਨੇ ਕਾਰਪੋਰੇਟ ਨੂੰ 1.4 ਲੱਖ ਕਰੋੜ ਦੀ ਟੈਕਸ ਕਟੌਤੀ ਦਿੱਤੀ, ਆਪਣੇ ਲਈ 8400 ਕਰੋੜ ਦੇ ਦੋ ਜਹਾਜ਼ ਖਰੀਦੇ।
• ਹੁਣ ਕੇਂਦਰ ਕੋਲ ਰਾਜਾਂ ਨੂੰ ਦੇਣ ਲਈ ਪੈਸੇ ਨਹੀਂ ਹਨ।
• ਵਿੱਤ ਮੰਤਰੀ ਰਾਜਾਂ ਨੂੰ ਉਧਾਰ ਲੈਣ ਲਈ ਕਹਿੰਦੀ ਹੈ ।
ਗੌਰਤਲਬ ਹੈ ਕਿ ਇਹ ਜੀਐਸਟੀ ਦੇ ਪਾਸ ਹੋਣ ਤੋਂ ਬਾਅਦ ਕੇਂਦਰ ਸਰਕਾਰ ਵੱਲੋਂ ਰਾਜਾਂ ਨੂੰ ਜੀਐਸਟੀ ਸੰਗ੍ਰਹਿ ਦਾ ਹਿੱਸਾ ਦੇਣ ਲਈ ਕਿਹਾ ਗਿਆ ਸੀ। ਪਰ ਕੁਝ ਸਮੇਂ ਲਈ ਕੁਝ ਰਾਜਾਂ ਦਾ ਸੰਗ੍ਰਹਿ ਕੇਂਦਰ ਨਾਲ ਅਟਕਿਆ ਰਿਹਾ। ਉਸ ਤੋਂ ਬਾਅਦ ਜਦੋਂ ਕੋਰੋਨਾ ਦਾ ਸੰਕਟ, GDP ‘ਚ ਗਿਰਾਵਟ ਆਈ ਤਾਂ ਇਹ ਸੰਕਟ ਹੋਰ ਡੂੰਘਾ ਹੋ ਗਿਆ।
ਦੱਸ ਦੇਈਏ ਕਿ ਅਜਿਹੀ ਸਥਿਤੀ ਵਿੱਚ ਕੇਂਦਰ ਸਰਕਾਰ ਵੱਲੋਂ ਰਾਜਾਂ ਨੂੰ ਖਰਚੇ ਦੀ ਭਰਪਾਈ ਉਧਾਰ ਲੈ ਕੇ ਕਰਨ ਦਾ ਪ੍ਰਸਤਾਵ ਦਿੱਤਾ ਗਿਆ ਹੈ। ਕਈ ਰਾਜਾਂ ਨੇ ਇਸ ਪ੍ਰਸਤਾਵ ਨੂੰ ਸਵੀਕਾਰ ਕਰ ਲਿਆ ਹੈ। ਇਨ੍ਹਾਂ ਰਾਜਾਂ ਵਿੱਚ ਆਂਧਰਾ ਪ੍ਰਦੇਸ਼, ਅਰੁਣਾਚਲ ਪ੍ਰਦੇਸ਼, ਅਸਾਮ, ਬਿਹਾਰ, ਗੋਆ, ਗੁਜਰਾਤ, ਹਰਿਆਣਾ, ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ, ਕਰਨਾਟਕ, ਮੱਧ ਪ੍ਰਦੇਸ਼, ਮਣੀਪੁਰ, ਮੇਘਾਲਿਆ, ਮਿਜ਼ੋਰਮ, ਨਾਗਾਲੈਂਡ, ਓਡੀਸ਼ਾ, ਸਿੱਕਮ, ਤ੍ਰਿਪੁਰਾ, ਉਤਰਾਖੰਡ ਅਤੇ ਉੱਤਰ ਪ੍ਰਦੇਸ਼ ਸ਼ਾਮਿਲ ਹਨ। ਇਨ੍ਹਾਂ ਵਿੱਚ ਕਾਂਗਰਸ ਸ਼ਾਸਿਤ ਕੇਂਦਰ ਸ਼ਾਸਤ ਪ੍ਰਦੇਸ਼ ਪੁਡੂਚੇਰੀ ਵੀ ਸ਼ਾਮਿਲ ਹੈ। ਹਾਲਾਂਕਿ, ਪੰਜਾਬ, ਪੱਛਮੀ ਬੰਗਾਲ ਅਤੇ ਕੇਰਲ ਵਰਗੇ ਕਈ ਰਾਜਾਂ ਨੇ ਇਸ ਯੋਜਨਾ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਹੈ।