Rahul Gandhi Slams PM Modi: ਖੇਤੀਬਾੜੀ ਕਾਨੂੰਨਾਂ ਵਿਰੁੱਧ ਦਿੱਲੀ ਦੀਆ ਸਰਹੱਦਾਂ ‘ਤੇ ਕਿਸਾਨ ਲਗਾਤਾਰ ਡਟੇ ਹੋਏ ਹਨ। ਕੇਂਦਰ ਦੇ ਖੇਤੀਬਾੜੀ ਕਾਨੂੰਨਾਂ ਖਿਲਾਫ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਅੰਦੋਲਨ ਦਾ ਅੱਜ 29ਵਾਂ ਦਿਨ ਹੈ। ਠੰਡ ਅਤੇ ਸੰਘਣੀ ਧੁੰਦ ਦੇ ਵਿਚਕਾਰ ਕਿਸਾਨ ਦਿੱਲੀ ਦੀਆਂ ਸਾਰੀਆਂ ਸਰਹੱਦਾਂ ‘ਤੇ ਡਟੇ ਹੋਏ ਹਨ । ਇੱਕ ਪਾਸੇ ਜਿੱਥੇ ਕਿਸਾਨ ਤਿੰਨੋਂ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਜ਼ਿੱਦ ‘ਤੇ ਅੜੇ ਹੋਏ ਹਨ ਤੇ ਉੱਥੇ ਹੀ ਦੂਜੇ ਪਾਸੇ ਸਰਕਾਰ ਵੱਲੋਂ ਸੋਧਾਂ ਦੇ ਲਈ ਨਵੇਂ ਪ੍ਰਸਤਾਵ ਭੇਜੇ ਜਾ ਰਹੇ ਹਨ। ਸਰਕਾਰ ਦੇ ਤਾਜ਼ਾ ਸੋਧਾਂ ਦੇ ਪ੍ਰਸਤਾਵ ਨੂੰ ਕਿਸਾਨਾਂ ਨੇ ਠੁਕਰਾ ਦਿੱਤਾ ਹੈ, ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਬਿਨਾਂ ਕਿਸੇ ਸ਼ਰਤ ਤੋਂ ਗੱਲਬਾਤ ਦੇ ਟੇਬਲ ’ਤੇ ਆਵੇ, ਅਤੇ ਤਿੰਨੋਂ ਕਾਨੂੰਨਾਂ ਨੂੰ ਵਾਪਿਸ ਲਏ। ਦੂਜੇ ਪਾਸੇ ਕਿਸਾਨਾਂ ਦੇ ਮੁੱਦੇ ‘ਤੇ ਸਿਆਸੀ ਪਾਰਾ ਵੀ ਕਾਫੀ ਵੱਧ ਗਿਆ ਹੈ। ਅੱਜ ਕਾਂਗਰਸ ਨੇਤਾ ਰਾਹੁਲ ਗਾਂਧੀ ਦੀ ਅਗਵਾਈ ਹੇਠ ਵਿਰੋਧੀ ਧਿਰ ਮਾਰਚ ਕੱਢ ਰਿਹਾ ਹੈ।
ਖੇਤੀਬਾੜੀ ਕਾਨੂੰਨ ਦੇ ਮੁੱਦੇ ‘ਤੇ ਕਾਂਗਰਸ ਪਾਰਟੀ ਦਾ ਹੱਲਾ ਬੋਲ ਲਗਾਤਾਰ ਜਾਰੀ ਹੈ। ਇਸ ਵਿਚਾਲੇ ਰਾਹੁਲ ਗਾਂਧੀ ਨੇ ਇੱਕ ਵਾਰ ਫਿਰ ਮੋਦੀ ਸਰਕਾਰ ‘ਤੇ ਨਿਸ਼ਾਨ ਸਾਧਿਆ ਹੈ। ਮੀਡੀਆ ਨਾਲ ਗੱਲਬਾਤ ਕਰਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਜੋ ਵੀ ਮੋਦੀ ਸਰਕਾਰ ਖਿਲਾਫ ਬੋਲਦਾ ਹੈ, ਇਹ ਉਨ੍ਹਾਂ ਨੂੰ ਅੱਤਵਾਦੀ ਕਹਿਣਾ ਸ਼ੁਰੂ ਕਰ ਦਿੰਦੇ ਹਨ । ਰਾਹੁਲ ਨੇ ਇਸ ਦੌਰਾਨ ਕਿਹਾ ਕਿ ਜੇ RSS ਦੇ ਮੁਖੀ ਮੋਹਨ ਭਾਗਵਤ ਵੀ ਉਨ੍ਹਾਂ ਦੇ ਵਿਰੁੱਧ ਹੋ ਜਾਂਦੇ ਹਨ ਤਾਂ ਉਨ੍ਹਾਂ ਨੂੰ ਵੀ ਅੱਤਵਾਦੀ ਕਿਹਾ ਦਿੱਤਾ ਜਾਵੇਗਾ।
ਭਾਰਤੀ ਜਨਤਾ ਪਾਰਟੀ ਦੇ ਨੇਤਾਵਾਂ ਵੱਲੋਂ ਲਗਾਏ ਗਏ ਕਿਸਾਨ ਅੰਦੋਲਨ ਵਿੱਚ ਖਾਲਿਸਤਾਨੀ ਸਮਰਥਕਾਂ ਦਾ ਹੱਥ ਹੋਣ ਦੇ ਦੋਸ਼ ‘ਤੇ ਰਾਹੁਲ ਗਾਂਧੀ ਨੇ ਜਵਾਬ ਦਿੱਤਾ । ਕਾਂਗਰਸ ਆਗੂ ਰਾਹੁਲ ਗਾਂਧੀ ਨੇ ਆਪਣੇ ਸੰਬੋਧਨ ਵਿੱਚ ਕਿਹਾ, ‘ਭਾਜਪਾ, ਨਰਿੰਦਰ ਮੋਦੀ ਜੀ ਦਾ ਸਿਰਫ ਇੱਕ ਹੀ ਟੀਚਾ ਹੈ ਅਤੇ ਉਹ ਕਿਸਾਨ-ਮਜ਼ਦੂਰਾਂ ਨੂੰ ਸਮਝ ਆ ਗਿਆ ਹੈ । ਉਨ੍ਹਾਂ ਦਾ ਟੀਚਾ ਉਨ੍ਹਾਂ ਦੇ ਅਮੀਰ ਦੋਸਤਾਂ ਨੂੰ ਲਾਭ ਪਹੁੰਚਾਉਣਾ ਹੈ, ਜਿਹੜਾ ਵੀ ਨਰਿੰਦਰ ਮੋਦੀ ਦੇ ਵਿਰੁੱਧ ਖੜਾ ਹੈ, ਉਹ ਉਨ੍ਹਾਂ ਬਾਰੇ ਕੁਝ ਗਲਤ ਕਹਿੰਦੇ ਰਹਿੰਦੇ ਹਨ।’
ਇਸ ਤੋਂ ਅੱਗੇ ਰਾਹੁਲ ਗਾਂਧੀ ਨੇ ਕਿਹਾ, “ਜੇਕਰ ਕਿਸਾਨ ਖੜੇ ਹੋ ਜਾਂਦੇ ਹਨ ਤਾਂ ਉਨ੍ਹਾਂ ਨੂੰ ਅੱਤਵਾਦੀ ਕਹਿਣਗੇ, ਮਜ਼ਦੂਰ ਖੜ੍ਹੇ ਹੋਣਗੇ ਤਾਂ ਉਨ੍ਹਾਂ ਨੂੰ ਅੱਤਵਾਦੀ ਕਹਿਣਗੇ ਅਤੇ ਇੱਕ ਦਿਨ ਜੇ ਮੋਹਨ ਭਾਗਵਤ ਖੜੇ ਹੋ ਜਾਣਗੇ ਤਾਂ ਇਹ ਉਨ੍ਹਾਂ ਨੂੰ ਵੀ ਅੱਤਵਾਦੀ ਕਹਿਣਗੇ। ਜਿਹੜਾ ਵੀ ਨਰਿੰਦਰ ਮੋਦੀ ਨੂੰ ਸਵਾਲ ਪੁੱਛਣ ਦੀ ਕੋਸ਼ਿਸ਼ ਕਰਦਾ ਹੈ ਉਹ ਅੱਤਵਾਦੀ ਹੈ ਅਤੇ ਨਰਿੰਦਰ ਮੋਦੀ ਸਿਰਫ ਉਨ੍ਹਾਂ ਦੇ ਦੋ-ਤਿੰਨ ਲੋਕਾਂ ਲਈ ਕੰਮ ਕਰ ਰਹੇ ਹਨ, ਜਿਨ੍ਹਾਂ ਨੂੰ ਉਹ ਪੂਰਾ ਭਾਰਤ ਫੜ੍ਹਾ ਰਹੇ ਹਨ।’
ਦੱਸ ਦੇਈਏ ਕਿ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਵੀਰਵਾਰ ਨੂੰ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ ਅਤੇ ਖੇਤੀਬਾੜੀ ਕਾਨੂੰਨ ਦੇ ਖਿਲਾਫ ਇੱਕ ਮੰਗ ਪੱਤਰ ਵੀ ਸੌਂਪਿਆ। ਇਸ ਤੋਂ ਪਹਿਲਾਂ ਵੀ ਰਾਹੁਲ ਗਾਂਧੀ ਵਿਰੋਧੀ ਧਿਰ ਦੇ ਨੇਤਾਵਾਂ ਦੇ ਨਾਲ ਰਾਸ਼ਟਰਪਤੀ ਨਾਲ ਮੁਲਾਕਾਤ ਕਰ ਚੁੱਕੇ ਹਨ । ਰਾਹੁਲ ਨੇ ਵੀਰਵਾਰ ਨੂੰ ਆਪਣੇ ਬਿਆਨ ਵਿੱਚ ਕਿਹਾ ਕਿ ਦੇਸ਼ ਦਾ ਕਿਸਾਨ ਉਦੋਂ ਤੱਕ ਪਿੱਛੇ ਨਹੀਂ ਹਟੇਗਾ, ਜਦ ਤੱਕ ਤਿੰਨ ਖੇਤੀਬਾੜੀ ਕਾਨੂੰਨ ਵਾਪਸ ਨਹੀਂ ਲਏ ਜਾਣਗੇ ।
ਇਹ ਵੀ ਦੇਖੋ: ਦਿੱਲੀ ਮੋਰਚੇ ਦੀ ਸਟੇਜ਼ ਤੋਂ ਲਗਾਤਾਰ ਮੋਦੀ ਤੇ ਕੇਂਦਰ ਨੂੰ ਪੈਂਦੀ ਝਾੜ, Live ਤਸਵੀਰਾਂ…