rahul gandhi takes jibe at pm modi: ਨਵੀਂ ਦਿੱਲੀ: ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਇੱਕ ਵਾਰ ਫਿਰ ਮੋਦੀ ਸਰਕਾਰ ‘ਤੇ ਜ਼ੋਰਦਾਰ ਹਮਲਾ ਬੋਲਿਆ ਹੈ। ਪੈਟਰੋਲ ਅਤੇ ਡੀਜ਼ਲ ‘ਤੇ ਟੈਕਸ ਵਧਾਉਣ ਦੀਆਂ ਯੋਜਨਾਵਾਂ ਦੀ ਖ਼ਬਰ ਸਾਂਝੀ ਕਰਦਿਆਂ ਰਾਹੁਲ ਗਾਂਧੀ ਨੇ ਕਿਹਾ, “ਪ੍ਰਧਾਨ ਮੰਤਰੀ ਜੀ, ਲੋਕਾਂ ਨੂੰ ਲੁੱਟਣਾ ਬੰਦ ਕਰੋ, ਆਪਣੇ ਦੋਸਤਾਂ ਨੂੰ ਪੈਸੇ ਦੇਣਾ ਬੰਦ ਕਰੋ, ਆਤਮ ਨਿਰਭਰ ਬਣੋ।” ਰਾਹੁਲ ਗਾਂਧੀ ਨਿਰੰਤਰ ਮੋਦੀ ਸਰਕਾਰ ‘ਤੇ ਹਮਲਾ ਬੋਲ ਰਹੇ ਹਨ। ਹਾਲ ਹੀ ਵਿੱਚ ਬਿਹਾਰ ਵਿੱਚ ਇੱਕ ਚੋਣ ਮੀਟਿੰਗ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਦੋਸ਼ ਲਾਇਆ ਕਿ ਮੋਦੀ ਸਰਕਾਰ ਨੂੰ ਕਿਸਾਨਾਂ, ਛੋਟੇ ਵਪਾਰੀਆਂ ਅਤੇ ਆਮ ਲੋਕਾਂ ਦੀ ਕੋਈ ਚਿੰਤਾ ਨਹੀਂ ਹੈ। ਉਹ ਸਿਰਫ ਕੁੱਝ ਉਦਯੋਗਪਤੀਆਂ ਲਈ ਕੰਮ ਕਰਦੇ ਹਨ। ਸਾਬਕਾ ਕਾਂਗਰਸ ਪ੍ਰਧਾਨ ਨੇ ਕਿਹਾ, “ਨਰਿੰਦਰ ਮੋਦੀ ਅੰਬਾਨੀ ਅਤੇ ਅਡਾਨੀ ਲਈ ਰਸਤਾ ਸਾਫ ਕਰ ਰਹੇ ਹਨ ਅਤੇ ਕਿਸਾਨਾਂ, ਮਜ਼ਦੂਰਾਂ, ਦੁਕਾਨਦਾਰਾਂ ਨੂੰ ਹਟਾ ਰਹੇ ਹਨ। ਆਉਣ ਵਾਲੇ ਸਮੇਂ ਵਿੱਚ, ਤੁਹਾਡੇ ਸਾਰੇ ਪੈਸੇ ਭਾਰਤ ਦੇ ਦੋ-ਤਿੰਨ ਪੂੰਜੀਪਤੀਆਂ ਦੇ ਹੱਥ ਵਿੱਚ ਜਾਣਗੇ।” ਹਾਲ ਹੀ ਵਿੱਚ ਬਣਾਏ ਗਏ ਤਿੰਨ ਖੇਤੀਬਾੜੀ ਕਾਨੂੰਨਾਂ ਦਾ ਜ਼ਿਕਰ ਕਰਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਮੰਡੀਆਂ ਖਤਮ ਕੀਤੀਆਂ ਜਾ ਰਹੀਆਂ ਹਨ, ਘੱਟੋ ਘੱਟ ਸਮਰਥਨ ਮੁੱਲ ਦੀਆਂ ਕੀਮਤਾਂ ਖਤਮ ਕੀਤੀਆਂ ਜਾ ਰਹੀਆਂ ਹਨ ਅਤੇ ਆਉਣ ਵਾਲੇ ਦਿਨਾਂ ਵਿੱਚ ਤੁਹਾਡੇ ਖੇਤ ਵੀ ਖੋਹ ਲਏ ਜਾਣਗੇ।
ਇਸ ਤੋਂ ਪਹਿਲਾ ਵੀ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਇੱਕ ਖਬਰ ਸਾਂਝੀ ਕੀਤੀ ਸੀ, ਜਿਸ ਵਿੱਚ ਕਿਹਾ ਗਿਆ ਸੀ ਕਿ ਪੰਜਾਬ ‘ਚ ਕਿਸਾਨਾਂ ਨੇ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਵਿੱਚ ਪ੍ਰਧਾਨ ਮੰਤਰੀ ਅਤੇ ਕਾਰੋਬਾਰੀ ਦਿੱਗਜਾਂ ਦੇ ਪੁਤਲੇ ਸਾੜੇ ਹਨ। ਰਾਹੁਲ ਗਾਂਧੀ ਨੇ ਆਪਣੇ ਟਵੀਟ ਵਿੱਚ ਲਿਖਿਆ ਸੀ, “ਕੱਲ ਪੰਜਾਬ ‘ਚ ਇਹ ਹੋਇਆ। ਦੁਖ ਦੀ ਗੱਲ ਹੈ ਕਿ ਪ੍ਰਧਾਨ ਮੰਤਰੀ ਲਈ ਪੰਜਾਬ ਵਿੱਚ ਬਹੁਤ ਗੁੱਸਾ ਹੈ। ਇਹ ਇੱਕ ਖ਼ਤਰਨਾਕ ਉਦਾਹਰਣ ਹੈ ਅਤੇ ਦੇਸ਼ ਲਈ ਚੰਗਾ ਨਹੀਂ ਹੈ। ਪ੍ਰਧਾਨ ਮੰਤਰੀ ਨੂੰ ਉਨ੍ਹਾਂ ਕੋਲ ਜਾਣਾ ਚਾਹੀਦਾ ਹੈ, ਉਨ੍ਹਾਂ ਨਾਲ ਗੱਲਬਾਤ ਕਰਨੀ ਚਾਹੀਦੀ ਹੈ ਅਤੇ ਉਨ੍ਹਾਂ ਨੂੰ ਤੁਰੰਤ ਰਾਹਤ ਦਿੱਤੀ ਜਾਣੀ ਚਾਹੀਦੀ।” ਪੰਜਾਬ ਦੇ ਕਿਸਾਨਾਂ ਦਾ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਵਿੱਚ ਗੁੱਸਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਪੰਜਾਬ ਵਿੱਚ ਕਿਸਾਨ ਇਸ ਕਾਨੂੰਨ ਖਿਲਾਫ ਲਗਾਤਾਰ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ ਅਤੇ ਇਸ ਕਾਨੂੰਨ ਨੂੰ ਵਾਪਿਸ ਲੈਣ ਦੀ ਮੰਗ ਕਰ ਰਹੇ ਹਨ।