Rahul Gandhi to govt on covid situation: ਨਵੀਂ ਦਿੱਲੀ: ਦੇਸ਼ ਵਿੱਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਕਾਰਨ ਪੈਦਾ ਹੋਏ ਗੰਭੀਰ ਸੰਕਟ ਕਾਰਨ ਕਾਂਗਰਸ ਨੇਤਾ ਰਾਹੁਲ ਗਾਂਧੀ ਕੇਂਦਰ ਦੀ ਮੋਦੀ ਸਰਕਾਰ ‘ਤੇ ਲਗਾਤਾਰ ਹਮਲਾ ਕਰ ਰਹੇ ਹਨ । ਵੀਰਵਾਰ ਨੂੰ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮੰਗਲਵਾਰ ਦੇ ਭਾਸ਼ਣ ਨੂੰ ਲੈ ਕੇ ਨਿਸ਼ਾਨਾ ਸਾਧਿਆ । ਰਾਹੁਲ ਨੇ ਕਿਹਾ ਕਿ ਦੇਸ਼ ਨੂੰ ‘ਖੋਖਲੇ ਭਾਸ਼ਣ’ ਦੀ ਬਜਾਏ ਹੱਲ ਦੀ ਜ਼ਰੂਰਤ ਹੈ । ਦੱਸ ਦੇਈਏ ਕਿ ਰਾਹੁਲ ਗਾਂਧੀ ਖ਼ੁਦ ਕੋਰੋਨਾ ਪੀੜਤ ਹਨ ਅਤੇ ਦਿੱਲੀ ਸਥਿਤ ਆਪਣੀ ਰਿਹਾਇਸ਼ ‘ਤੇ ਕੁਆਰੰਟੀਨ ਵਿੱਚ ਹਨ।
ਰਾਹੁਲ ਨੇ ਅੱਜ ਇੱਕ ਟਵੀਟ ਵਿੱਚ ਕਿਹਾ ਕਿ ‘ਮੈਂ ਘਰ ਵਿੱਚ ਕੁਆਰੰਟੀਨ ਹਾਂ ਅਤੇ ਲਗਾਤਾਰ ਦੁਖਦਾਈ ਖ਼ਬਰਾਂ ਆ ਰਹੀਆਂ ਹਨ। ਭਾਰਤ ਵਿੱਚ ਸੰਕਟ ਸਿਰਫ ਕੋਰੋਨਾ ਨਹੀਂ, ਬਲਕਿ ਕੇਂਦਰ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਹਨ । ਝੂਠੇ ਜਸ਼ਨਾਂ ਅਤੇ ਖੋਖਲੇ ਭਾਸ਼ਣ ਨਹੀਂ, ਦੇਸ਼ ਨੂੰ ਹੱਲ ਦਿਓ !’
ਦਰਅਸਲ, ਉਨ੍ਹਾਂ ਨੇ ਆਪਣੇ ਟਵੀਟ ਵਿੱਚ ਕੇਂਦਰ ਸਰਕਾਰ ਵੱਲੋਂ ਮਨਾਏ ਗਏ 4 ਦਿਨਾਂ ਟੀਕਾ ਉਤਸਵ ਦਾ ਵੀ ਜ਼ਿਕਰ ਕੀਤਾ ਗਿਆ ਹੈ, ਜਿਸ ਦੇ ਤਹਿਤ ਸਰਕਾਰ ਦੇਸ਼ ਵਿੱਚ ਟੀਕਾਕਰਨ ਦੀ ਦਰ ਵਧਾਉਣ ਦਾ ਟੀਚਾ ਲੈ ਕੇ ਚੱਲ ਰਹੀ ਸੀ। ਰਾਹੁਲ ਨੇ ਕੋਵਿਡ ਟੀਕੇ ਦੇ ਨਿਰਯਾਤ ‘ਤੇ ਵੀ ਸਰਕਾਰ ‘ਤੇ ਹਮਲਾ ਬੋਲਿਆ ਹੈ । ਉਨ੍ਹਾਂ ਕਿਹਾ ਸੀ ਕਿ ਜਦੋਂ ਦੇਸ਼ ਵਿੱਚ ਵੈਕਸੀਨ ਦੀ ਘਾਟ ਹੋ ਰਹੀ ਹੈ, ਤਾਂ ਅਜਿਹੇ ਵਿੱਚ ਦੇਸ਼ ਦੀ ਵੈਕਸੀਨ ਨੂੰ ਵਿਦੇਸ਼ਾਂ ਵਿੱਚ ਨਿਰਯਾਤ ਕਰਨਾ ਗੁਨਾਹ ਵਰਗਾ ਹੈ।
ਦੱਸ ਦੇਈਏ ਕਿ ਮੰਗਲਵਾਰ ਨੂੰ ਪ੍ਰਧਾਨ ਮੰਤਰੀ ਮੋਦੀ ਨੇ ਰਾਸ਼ਟਰ ਦੇ ਨਾਮ ਇੱਕ ਸੰਬੋਧਨ ਦਿੱਤਾ ਸੀ, ਜਿਸ ਵਿੱਚ ਉਨ੍ਹਾਂ ਨੇ ਦੇਸ਼ ਭਰ ਵਿੱਚ ਕੋਵਿਡ ਦੇ ਵੱਧ ਰਹੇ ਮਾਮਲਿਆਂ ਵਿੱਚ ਵਿਚਾਲੇ ਆਕਸੀਜਨ, ਹਸਪਤਾਲ ਬੈੱਡ ਅਤੇ ਵੈਕਸੀਨ ਨੂੰ ਲੈ ਕੇ ਤੇਜ਼ੀ ਨਾਲ ਪ੍ਰਬੰਧ ਹੋਣ ਦਾ ਭਰੋਸਾ ਦਿੱਤਾ ਸੀ।