Rahul Gandhi tractor rally: ਖੇਤੀ ਕਾਨੂੰਨ ਨੂੰ ਲੈ ਕੇ ਮੋਦੀ ਸਰਕਾਰ ਖਿਲਾਫ ਵਿਰੋਧੀ ਪਾਰਟੀਆਂ ਦਾ ਅੰਦੋਲਨ ਜ਼ੋਰ ਫੜਦਾ ਜਾ ਰਿਹਾ ਹੈ। ਕਾਂਗਰਸ ਪਾਰਟੀ ਐਤਵਾਰ ਯਾਨੀ ਕਿ ਅੱਜ ਤੋਂ ਪੰਜਾਬ ਦੇ ਮੋਗਾ ਜ਼ਿਲ੍ਹੇ ਤੋਂ ‘ਖੇਤੀ ਬਚਾਓ’ ਮੁਹਿੰਮ ਦੀ ਸ਼ੁਰੂਆਤ ਕਰਨ ਜਾ ਰਹੀ ਹੈ। ਇਸ ਤਿੰਨ ਦਿਨਾ ਮੁਹਿੰਮ ਦੀ ਅਗਵਾਈ ਪਾਰਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਕਰਨਗੇ। ‘ਖੇਤੀ ਬਚਾਓ’ ਮੁਹਿੰਮ ਦੌਰਾਨ ਰਾਹੁਲ ਗਾਂਧੀ ਖੁਦ ਟ੍ਰੈਕਟਰ ਚਲਾਉਣਗੇ ਅਤੇ ਪਿੰਡਾਂ ਦੇ ਕਿਸਾਨਾਂ ਨਾਲ ਮੁਲਾਕਾਤ ਕਰਨਗੇ। ਦੱਸਿਆ ਜਾ ਰਿਹਾ ਹੈ ਕਿ ਟ੍ਰੈਕਟਰ ਰੈਲੀ ਵਿੱਚ ਲਗਭਗ ਤਿੰਨ ਹਜ਼ਾਰ ਕਿਸਾਨ ਹਿੱਸਾ ਲੈ ਰਹੇ ਹਨ । ਰਾਹੁਲ ਗਾਂਧੀ ਪੰਜਾਬ ਦੌਰੇ ਦੇ ਪਹਿਲੇ ਦਿਨ ਮੋਗਾ ਜ਼ਿਲ੍ਹੇ ਵਿੱਚ ਹੋਣਗੇ । ਐਤਵਾਰ ਸਵੇਰੇ 11 ਵਜੇ ਰਾਹੁਲ ਗਾਂਧੀ ਬੱਧਨੀਕਲਾਂ ਵਿੱਚ ਇੱਕ ਜਨਸਭਾ ਨੂੰ ਸੰਬੋਧਿਤ ਕਰਨਗੇ ਅਤੇ ਦਸਤਖਤ ਮੁਹਿੰਮ ਦੀ ਸ਼ੁਰੂਆਤ ਕਰਨਗੇ । ਇਸ ਤੋਂ ਬਾਅਦ ਰਾਹੁਲ ਗਾਂਧੀ ਕਲਾਂ ਤੋਂ ਜੱਟਪੁਰਾ ਤੱਕ ਟ੍ਰੈਕਟਰ ਰੈਲੀ ਦੀ ਅਗਵਾਈ ਕਰਨਗੇ।
ਕਿਸਾਨਾਂ ਵੱਲੋਂ ਪਿੰਡ ਲੋਪੋਂ ਅਤੇ ਚਕਰ ਪਿੰਡ ਵਿੱਚ ਰਾਹੁਲ ਦਾ ਸਵਾਗਤ ਕੀਤਾ ਜਾਵੇਗਾ। ਇੱਕ ਹੋਰ ਸਵਾਗਤ ਸਮਾਰੋਹ ਦਾ ਆਯੋਜਨ ਪਿੰਡ ਮਾਣੂਕੇ ਵਿਖੇ ਹੋਵੇਗਾ । ਮੁਹਿੰਮ ਦੀ ਸਮਾਪਤੀ ਲੁਧਿਆਣਾ ਦੇ ਜੱਟਪੁਰਾ ਵਿੱਚ ਇੱਕ ਹੋਰ ਜਨਤਕ ਮੀਟਿੰਗ ਨਾਲ ਹੋਵੇਗੀ । ਸੋਮਵਾਰ ਨੂੰ ਰਾਹੁਲ ਗਾਂਧੀ ਸੰਗਰੂਰ ਵਿੱਚ ਇਸੇ ਤਰ੍ਹਾਂ ਦੀ ਟ੍ਰੈਕਟਰ ਰੈਲੀ ਦੀ ਅਗਵਾਈ ਕਰਨਗੇ। ਇਸ ਦੇ ਨਾਲ ਹੀ ਮੰਗਲਵਾਰ ਨੂੰ ਉਹ ਪਟਿਆਲੇ ਵਿੱਚ ਕਿਸਾਨ ਜਲੂਸ ਵਿੱਚ ਹਿੱਸਾ ਲੈਣਗੇ। ਦੌਰੇ ਦੇ ਅੰਤ ਵਿੱਚ ਰਾਹੁਲ ਗਾਂਧੀ ਹਰਿਆਣਾ ਬਾਰਡਰ ‘ਤੇ ਟਰੈਕਟਰ ਰੈਲੀ ਦੀ ਅਗਵਾਈ ਕਰਨਗੇ।
ਦਰਅਸਲ, ਕਾਂਗਰਸ ਨੇ ਆਪਣੀਆਂ ਰਾਜ ਸਰਕਾਰਾਂ ਨੂੰ ਖੇਤੀ ਬਿੱਲਾਂ ਨੂੰ ਰੱਦ ਕਰਨ ਲਈ ਕਾਨੂੰਨ ‘ਤੇ ਵਿਚਾਰ ਕਰਨ ਲਈ ਕਿਹਾ ਹੈ । ਕਾਂਗਰਸ ਪ੍ਰਧਾਨ ਨੇ ਕਾਂਗਰਸ ਸ਼ਾਸਿਤ ਸੂਬਿਆਂ ਨੂੰ ਸੰਵਿਧਾਨ ਦੀ ਧਾਰਾ 254 (2) ਦੇ ਤਹਿਤ ਆਪਣੇ ਰਾਜਾਂ ਵਿੱਚ ਕਾਨੂੰਨ ਪਾਸ ਕਰਨ ਦੀ ਸੰਭਾਵਨਾ ਦੀ ਪੜਚੋਲ ਕਰਨ ਲਈ ਕਿਹਾ ਹੈ, ਜਿਸ ਨਾਲ ਰਾਜ ਵਿਧਾਨ ਸਭਾਵਾਂ ਨੂੰ ਕੇਂਦਰੀ ਕਾਨੂੰਨ ਰੱਦ ਕਰਨ ਲਈ ਕੋਈ ਕਾਨੂੰਨ ਪਾਸ ਕਰਨ ਦੀ ਆਗਿਆ ਮਿਲਦੀ ਹੈ। ਫਿਰ, ਜਿਸਨੂੰ ਰਾਸ਼ਟਰਪਤੀ ਦੀ ਮਨਜ਼ੂਰੀ ਦੀ ਲੋੜ ਹੁੰਦੀ ਹੈ।
ਦੱਸ ਦੇਈਏ ਕਿ ਕਿਸਾਨਾਂ ਅਤੇ ਰਾਜਨੀਤਿਕ ਪਾਰਟੀਆਂ ਦੇ ਲਗਾਤਾਰ ਵਿਰੋਧ ਵਿਚਾਲੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ 27 ਸਤੰਬਰ ਨੂੰ ਸੰਸਦ ਦੁਆਰਾ ਵੱਲੋਂ ਪਾਸ ਕੀਤੇ ਗਏ ਖੇਤੀਬਾੜੀ ਬਿੱਲ ਨੂੰ ਮਨਜ਼ੂਰੀ ਦੇ ਦਿੱਤੀ ਸੀ । ਕਿਸਾਨ ਅਤੇ ਰਾਜਨੀਤਿਕ ਪਾਰਟੀਆਂ ਇਸ ਬਿੱਲ ਨੂੰ ਵਾਪਸ ਲੈਣ ਦੀ ਮੰਗ ਕਰ ਰਹੀਆਂ ਸਨ, ਪਰ ਉਨ੍ਹਾਂ ਦੀ ਅਪੀਲ ਕੰਮ ਨਹੀਂ ਕਰ ਸਕੀ ਤੇ ਤਿੰਨੋਂ ਵਿਵਾਦਤ ਬਿੱਲ ਕਾਨੂੰਨ ਬਣ ਗਏ ਹਨ।