Rahul Gandhi tweets video: ਨਵੀਂ ਦਿੱਲੀ: ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਹਾਲ ਹੀ ਵਿੱਚ ਕਿਹਾ ਸੀ ਕਿ ‘ਸ਼ਰਮਨਾਕ ਸੱਚਾਈ ਇਹ ਹੈ ਕਿ ਬਹੁਤ ਸਾਰੇ ਲੋਕ ਦਲਿਤਾਂ, ਮੁਸਲਮਾਨਾਂ ਅਤੇ ਆਦਿਵਾਸੀਆਂ ਨੂੰ ਮਨੁੱਖ ਨਹੀਂ ਮੰਨਦੇ।’ ਇਸ ਟਵੀਟ ਨੂੰ ਰਾਜਨੀਤਿਕ ਪਾਰਟੀਆਂ ਅਤੇ ਸੋਸ਼ਲ ਮੀਡੀਆ ‘ਤੇ ਮਿਲੀ ਪ੍ਰਤੀਕਿਰਿਆ ਦੇ ਜਵਾਬ ਵਿੱਚ ਰਾਹੁਲ ਨੇ ਇੱਕ ਹੋਰ ਟਵੀਟ ਕੀਤਾ ਹੈ। ਸਾਬਕਾ ਕਾਂਗਰਸ ਪ੍ਰਧਾਨ ਨੇ ਮੰਗਲਵਾਰ ਨੂੰ ਇੱਕ ਵੀਡੀਓ ਟਵੀਟ ਕਰਦਿਆਂ ਕਿਹਾ- ‘ਇਹ ਵੀਡੀਓ ਉਨ੍ਹਾਂ ਲਈ ਹੈ ਜੋ ਸੱਚਾਈ ਤੋਂ ਭੱਜ ਰਹੇ ਹਨ। ਅਸੀਂ ਬਦਲਾਂਗੇ, ਦੇਸ਼ ਬਦਲੇਗਾ।’ ਇਸ ਵੀਡੀਓ ਵਿੱਚ ਹਾਥਰਸ ਦੇ ਬੁਲਾਗੜੀ ਪਿੰਡ ਵਿੱਚ ਲੋਕਾਂ ਨਾਲ ਗੱਲਬਾਤ ਕੀਤੀ ਗਈ ਹੈ। ਇਸ ਗੱਲਬਾਤ ਵਿੱਚ ਕਿਸੇ ਨੇ ਕਿਹਾ ਕਿ ‘ਦਲਿਤ ਅਛੂਤ ਹਨ’, ਫਿਰ ਕਿਸੇ ਨੇ ਕਿਹਾ ਕਿ ‘ਉਨ੍ਹਾਂ ਨੂੰ ਅਜੇ ਵੀ ਵਿਤਕਰਾ ਸਹਿਣਾ ਪੈ ਰਿਹਾ ਹੈ।’
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਐਤਵਾਰ ਨੂੰ ਵਯਨਾਡ ਦੇ ਸੰਸਦ ਮੈਂਬਰ ਨੇ ਹਾਥਰਸ ਕਾਂਡ ਨੂੰ ਲੈ ਕੇ ਉੱਤਰ ਪ੍ਰਦੇਸ਼ ਸਰਕਾਰ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਸੀ ਕਿ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਅਤੇ ਉਨ੍ਹਾਂ ਦੀ ਪੁਲਿਸ ਨੇ ਕਿਹਾ ਸੀ ਕਿ ਕਿਸੇ ਨਾਲ ਬਲਾਤਕਾਰ ਨਹੀਂ ਹੋਇਆ, ਕਿਉਂਕਿ ਉਹ ਉਨ੍ਹਾਂ ਲਈ ਅਤੇ ਕਈ ਹੋਰ ਭਾਰਤੀਆਂ ਲਈ ਕੋਈ ਸੀ ਹੀ ਨਹੀਂ।
ਇਸ ਬਾਰੇ ਰਾਹੁਲ ਗਾਂਧੀ ਨੇ ਟਵੀਟ ਵਿੱਚ ਕਿਹਾ ਕਿ ਸ਼ਰਮਨਾਕ ਹਕੀਕਤ ਇਹ ਹੈ ਕਿ ਬਹੁਤ ਸਾਰੇ ਭਾਰਤੀ ਦਲਿਤਾਂ, ਮੁਸਲਮਾਨਾਂ ਅਤੇ ਆਦਿਵਾਸੀਆਂ ਨੂੰ ਮਨੁੱਖ ਨਹੀਂ ਮੰਨਦੇ। ਸਾਬਕਾ ਕਾਂਗਰਸ ਪ੍ਰਧਾਨ ਨੇ ਟਵੀਟ ਕੀਤਾ, ‘ਮੁੱਖ ਮੰਤਰੀ ਅਤੇ ਉਨ੍ਹਾਂ ਦੀ ਪੁਲਿਸ ਨੇ ਕਿਹਾ ਕਿ ਕਿਸੇ ਨਾਲ ਬਲਾਤਕਾਰ ਨਹੀਂ ਹੋਇਆ ਸੀ ਕਿਉਂਕਿ ਉਨ੍ਹਾਂ ਅਤੇ ਕਈ ਹੋਰ ਭਾਰਤੀਆਂ ਲਈ, ਉਹ ਕੋਈ ਨਹੀਂ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ ਆਪਣੇ ਟਵੀਟ ਨਾਲ ਇੱਕ ਮੀਡੀਆ ਰਿਪੋਰਟ ਵੀ ਸਾਂਝੀ ਕੀਤੀ ਸੀ । ਜਿਸ ਵਿੱਚ ਇਹ ਸਵਾਲ ਕੀਤਾ ਗਿਆ ਹੈ ਕਿ ਪੁਲਿਸ ਬਲਾਤਕਾਰ ਤੋਂ ਮਨ੍ਹਾਂ ਕਿਉਂ ਕਰ ਰਹੀ ਹੈ, ਜਦੋਂ ਪੀੜਤ ਨੇ ਖੁਦ ਬਲਾਤਕਾਰ ਬਾਰੇ ਕਿਹਾ ਸੀ।