Rahul Gandhi wishes students: ਨਵੀਂ ਦਿੱਲੀ: ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਇੱਕ ਵਾਰ ਫਿਰ ਕੋਰੋਨਾ ਵਾਇਰਸ ਮਹਾਂਮਾਰੀ ਦੇ ਵਿਚਕਾਰ NEET ਪ੍ਰੀਖਿਆ ਕਰਵਾਉਣ ਲਈ ਮੋਦੀ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ। ਇਸਦੇ ਨਾਲ ਹੀ ਉਨ੍ਹਾਂ ਨੇ NEET ਦੀ ਪ੍ਰੀਖਿਆ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਸ਼ੁੱਭਕਾਮਨਾਵਾਂ ਵੀ ਦਿੱਤੀਆਂ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਹਮਲਾ ਕਰਦੇ ਹੋਏ ਰਾਹੁਲ ਗਾਂਧੀ ਨੇ ਕਿਹਾ ਕਿ ਮੋਦੀ ਜੀ ਨੂੰ ਜਿੰਨੀ ਚਿੰਤਾ ਆਪਣੇ ਦੋਸਤਾਂ ਦੀ ਹੈ ਕਾਸ਼ ਉਨ੍ਹੀ ਹੀ ਚਿੰਤਾ NEET-JEE ਵਿਦਿਆਰਥੀਆਂ ਨੂੰ ਲੈ ਕੇ ਵੀ ਹੁੰਦੀ।
ਦਰਅਸਲ, ਪੀਐੱਮ ਮੋਦੀ ‘ਤੇ ਹਮਲਾ ਕਰਦਿਆਂ ਰਾਹੁਲ ਗਾਂਧੀ ਨੇ ਐਤਵਾਰ ਨੂੰ ਆਪਣੇ ਟਵੀਟ ਵਿੱਚ ਲਿਖਿਆ- “NEET ਪ੍ਰੀਖਿਆ ਵਿੱਚ ਬੈਠਣ ਵਾਲੇ ਵਿਦਿਆਰਥੀਆਂ ਨੂੰ ਮੇਰੀਆਂ ਸ਼ੁੱਭਕਾਮਨਾਵਾਂ ਅਤੇ ਕੋਰੋਨਾ ਮਹਾਂਮਾਰੀ ਅਤੇ ਹੜ੍ਹ ਕਾਰਨ ਪ੍ਰੀਖਿਆ ਵਿੱਚ ਭਾਗ ਨਾ ਲੈਣ ਵਾਲੇ ਵਿਦਿਆਰਥੀਆਂ ਨਾਲ ਮੇਰੀ ਹਮਦਰਦੀ ਹੈ। ਉਨ੍ਹਾਂ ਲਿਖਿਆ ਕਿ ਕਾਸ਼ ਮੋਦੀ ਜੀ ਨੂੰ ਜਿੰਨੀ ਚਿੰਤਾ ਆਪਣੇ ਕਰੋਨੀ ਕੈਪਿਟਲਿਸਟ ਦੋਸਤਾਂ ਨੂੰ ਲੈ ਕੇ ਹੁੰਦੀ ਹੈ ਉਨ੍ਹੀ ਹੀ ਚਿੰਤਾ JEE-NEET ਦੇ ਉਮੀਦਵਾਰਾਂ ਅਤੇ ਵਿਦਿਆਰਥੀਆਂ ਨੂੰ ਲੈ ਕੇ ਹੁੰਦੀ।”
ਦੱਸ ਦੇਈਏ ਕਿ ਕੋਰੋਨਾ ਸੰਕਟ ਵਿਚਾਲੇ ਅੱਜ NEET ਪ੍ਰੀਖਿਆ ਆਯੋਜਿਤ ਕੀਤੀ ਜਾ ਰਹੀ ਹੈ। ਇਹ ਪ੍ਰੀਖਿਆ ਦੇਸ਼ ਵਿੱਚ ਮੈਡੀਕਲ ਕੋਰਸਾਂ ਵਿੱਚ ਦਾਖਲੇ ਲਈ ਕੀਤੀ ਜਾਂਦੀ ਹੈ। ਇਸ ਵਿਚਾਲੇ ਵਿਰੋਧੀ ਪਾਰਟੀਆਂ ਇਸ ਪ੍ਰੀਖਿਆ ਲਈ ਸਰਕਾਰ ‘ਤੇ ਲਗਾਤਾਰ ਹਮਲਾ ਕਰ ਰਹੀਆਂ ਸਨ। ਉਨ੍ਹਾਂ ਦੀ ਮੰਗ ਸੀ ਕਿ ਕੋਰੋਨਾ ਸੰਕਟ ਸਮੇਂ ਪ੍ਰੀਖਿਆ ਮੁਲਤਵੀ ਕੀਤੀ ਜਾਵੇ। ਇਸ ਦੇ ਨਾਲ ਹੀ ਗੈਰ-ਭਾਜਪਾ ਸ਼ਾਸਿਤ ਸੂਬਿਆਂ ਨੇ ਵੀ ਪ੍ਰੀਖਿਆ ਮੁਲਤਵੀ ਕਰਨ ਦੀ ਮੰਗ ਲਈ ਸੁਪਰੀਮ ਕੋਰਟ ਤੱਕ ਪਹੁੰਚ ਕੀਤੀ ਸੀ, ਪਰ ਉਨ੍ਹਾਂ ਨੂੰ ਉਥੋਂ ਖਾਲੀ ਹੱਥ ਵਾਪਸ ਆਉਣਾ ਪਿਆ । ਕਈ ਵਿਦਿਆਰਥੀਆਂ ਅਤੇ ਰਾਜਨੀਤਿਕ ਪਾਰਟੀਆਂ ਨੇ ਇਸ ਪ੍ਰੀਖਿਆ ਨੂੰ ਮੁਲਤਵੀ ਕਰਨ ਦੀ ਮੰਗ ਲਈ ਸੁਪਰੀਮ ਕੋਰਟ ਤੱਕ ਪਹੁੰਚ ਕੀਤੀ, ਪਰ ਅਦਾਲਤ ਨੇ ਇਸ ਨੂੰ ਮੁਲਤਵੀ ਕਰਨ ਤੋਂ ਸਪੱਸ਼ਟ ਇਨਕਾਰ ਕਰ ਦਿੱਤਾ।