Rahul Priyanka Gandhi took a dig: ਨਵੀਂ ਦਿੱਲੀ: ਉੱਤਰ ਪ੍ਰਦੇਸ਼ ਵਿੱਚ ਅਮਨ-ਕਾਨੂੰਨ ਦੀ ਸਥਿਤੀ ਨੂੰ ਲੈ ਕੇ ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅਤੇ ਉਨ੍ਹਾਂ ਦੀ ਭੈਣ ਯਾਨੀ ਕਿ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਲਗਾਤਾਰ ਰਾਜ ਦੀ ਯੋਗੀ ਸਰਕਾਰ ‘ਤੇ ਨਿਸ਼ਾਨਾ ਸਾਧ ਰਹੇ ਹਨ। ਰਾਹੁਲ ਅਤੇ ਪ੍ਰਿਯੰਕਾ ਗਾਂਧੀ ਨੇ ਐਤਵਾਰ ਨੂੰ ਮੀਡੀਆ ਰਿਪੋਰਟਾਂ ਨੂੰ ਲੈ ਕੇ ਉੱਤਰ ਪ੍ਰਦੇਸ਼ ਸਰਕਾਰ ‘ਤੇ ਨਿਸ਼ਾਨਾ ਸਾਧਿਆ ਜਿਸ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਇੱਕ ਭਾਜਪਾ ਵਿਧਾਇਕ ਅਤੇ ਉਨ੍ਹਾਂ ਦਾ ਬੇਟਾ ਇੱਕ ਔਰਤ ਨੂੰ ਪ੍ਰੇਸ਼ਾਨ ਕਰਨ ਦੇ ਦੋਸ਼ੀ ਨੂੰ ਪੁਲਿਸ ਹਿਰਾਸਤ ਵਿੱਚੋਂ ਲੈ ਗਏ ਸਨ। ਕਾਂਗਰਸ ਨੇ ਇਸ ਨੂੰ ਰਾਜ ਸਰਕਾਰ ਦੇ “ਅਪਰਾਧੀਆਂ ਨੂੰ ਬਚਾਓ” ਮਿਸ਼ਨ ਤਹਿਤ ਕੀਤਾ ਕੰਮ ਕਰਾਰ ਦਿੱਤਾ ਹੈ ।
ਇਸ ਸਬੰਧੀ ਰਾਹੁਲ ਅਤੇ ਪ੍ਰਿਯੰਕਾ ਗਾਂਧੀ ਵੱਲੋਂ ਰਾਜ ਸਰਕਾਰ ਖ਼ਿਲਾਫ਼ ਇੱਕ ਟਵੀਟ ਵੀ ਕੀਤਾ ਗਿਆ ਹੈ।ਜਿਸ ਵਿੱਚ ਉਨ੍ਹਾਂ ਵੱਲੋਂ ਮੀਡੀਆ ਰਿਪੋਰਟਾਂ ਨੂੰ ਵੀ ਟੈਗ ਕੀਤਾ ਗਿਆ। ਦਰਅਸਲ, ਇਨ੍ਹਾਂ ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਇੱਕ ਭਾਜਪਾ ਵਿਧਾਇਕ, ਉਸ ਦਾ ਪੁੱਤਰ ਅਤੇ ਉਸ ਦੇ ਸਮਰਥਕ ਸ਼ਨੀਵਾਰ ਨੂੰ ਇੱਕ ਮਹਿਲਾ ਨੂੰ ਤੰਗ ਪ੍ਰੇਸ਼ਾਨ ਕਰਨ ਦੇ ਦੋਸ਼ ਵਿੱਚ ਹਿਰਾਸਤ ਵਿੱਚ ਲਏ ਗਏ ਮੁਲਜ਼ਮ ਨੂੰ ਪੁਲਿਸ ਹਿਰਾਸਤ ਵਿੱਚੋਂ ਲੈ ਗਏ।
ਇਸ ਸਬੰਧੀ ਰਾਹੁਲ ਗਾਂਧੀ ਨੇ ਐਤਵਾਰ ਨੂੰ ਟਵੀਟ ਕਰਦਿਆਂ ਲਿਖਿਆ, “ਮੁਹਿੰਮ ਕਿਵੇਂ ਸ਼ੁਰੂ ਹੋਈ: ਧੀ ਬਚਾਓ, ਕੀ ਹੋ ਰਿਹਾ ਹੈ: ਅਪਰਾਧੀ ਬਚਾਓ।” ਇਸ ਦੇ ਨਾਲ ਹੀ, ਪ੍ਰਿਅੰਕਾ ਗਾਂਧੀ ਵਾਡਰਾ ਨੇ ਆਪਣੇ ਟਵੀਟ ਵਿੱਚ ਕਿਹਾ, “ਕੀ ਯੂਪੀ ਦੇ ਸੀਐਮ ਦੱਸਣਗੇ ਕਿ ਇਹ ਕਿਸ ਮਿਸ਼ਨ ਦੇ ਤਹਿਤ ਹੋ ਰਿਹਾ ਹੈ? ਧੀ ਨੂੰ ਬਚਾਓ ਜਾਂ ਅਪਰਾਧੀ ਨੂੰ ਬਚਾਓ?”
ਦੱਸ ਦੇਈਏ ਕਿ ਉੱਤਰ ਪ੍ਰਦੇਸ਼ ਦੇ ਹਾਥਰਸ ਵਿੱਚ ਕਥਿਤ ਸਮੂਹਿਕ ਬਲਾਤਕਾਰ ਅਤੇ ਕਤਲ ਦੇ ਮਾਮਲੇ ਨੂੰ ਲੈ ਕੇ ਰਾਜਨੀਤੀ ਗਰਮ ਹੈ । ਪਿਛਲੇ ਦਿਨੀਂ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਸਮੇਤ ਕਈ ਵਿਰੋਧੀ ਆਗੂ ਹਾਥਰਸ ਪਹੁੰਚੇ ਸੀ ਅਤੇ ਉਨ੍ਹਾਂ ਨੇ ਪੀੜਤ ਪਰਿਵਾਰ ਨਾਲ ਮੁਲਾਕਾਤ ਕੀਤੀ ਸੀ। ਉਦੋਂ ਤੋਂ ਹੀ ਵਿਰੋਧੀ ਪਾਰਟੀਆਂ ਰਾਜ ਵਿੱਚ ਵਿਗੜ ਰਹੇ ਕਾਨੂੰਨ ਵਿਵਸਥਾ ਲਈ ਯੋਗੀ ਸਰਕਾਰ ਨੂੰ ਨਿਸ਼ਾਨਾ ਬਣਾ ਰਹੀਆਂ ਹਨ।