Senior Congress leader Ahmed Patel: ਕਾਂਗਰਸ ਦੇ ਸੀਨੀਅਰ ਨੇਤਾ ਅਹਿਮਦ ਪਟੇਲ ਦਾ ਦਿਹਾਂਤ ਹੋ ਗਿਆ ਹੈ । ਅਹਿਮਦ ਪਟੇਲ ਇੱਕ ਮਹੀਨਾ ਪਹਿਲਾਂ ਕੋਰੋਨਾ ਨਾਲ ਪੀੜਤ ਹੋਏ ਸੀ। ਇਸ ਤੋਂ ਬਾਅਦ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ । ਇਸ ਸਬੰਧੀ ਅਹਿਮਦ ਪਟੇਲ ਦੇ ਬੇਟੇ ਫੈਜ਼ਲ ਪਟੇਲ ਨੇ ਇੱਕ ਟਵੀਟ ਕੀਤਾ ਤੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਅਹਿਮਦ ਪਟੇਲ ਦੀ ਅੱਜ ਸਵੇਰੇ 3:30 ਵਜੇ ਮੌਤ ਹੋ ਗਈ ਹੈ । ਜਾਣਕਾਰੀ ਅਨੁਸਾਰ ਅਹਿਮਦ ਪਟੇਲ ਦਾ ਗੁਰੂਗਰਾਮ ਦੇ ਮੇਦਾਂਤਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਸੀ । ਇਸ ਹਸਪਤਾਲ ਵਿੱਚ ਉਨ੍ਹਾਂ ਦਾ ਦਿਹਾਂਤ ਹੋਇਆ ਹੈ।
ਫੈਜ਼ਲ ਪਟੇਲ ਨੇ ਟਵੀਟ ਕੀਤਾ ਕਿ ਉਹ ਆਪਣੇ ਪਿਤਾ ਅਹਿਮਦ ਪਟੇਲ ਦੀ ਦੁਖਦ ਅਤੇ ਅਚਾਨਕ ਹੋਈ ਮੌਤ ਦਾ ਬੜੇ ਦੁੱਖ ਨਾਲ ਐਲਾਨ ਕਰ ਰਹੇ ਹਨ । ਫੈਜ਼ਲ ਪਟੇਲ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਦੀ 25 ਤਰੀਕ ਨੂੰ ਤੜਕੇ 3:30 ਵਜੇ ਮੌਤ ਹੋ ਗਈ । ਫੈਸਲ ਪਟੇਲ ਨੇ ਦੱਸਿਆ ਕਿ ਲਗਭਗ ਇੱਕ ਮਹੀਨਾ ਪਹਿਲਾਂ ਉਨ੍ਹਾਂ ਦੇ ਪਿਤਾ ਨੂੰ ਕੋਰੋਨਾ ਹੋ ਗਿਆ ਸੀ। ਇਲਾਜ ਦੌਰਾਨ ਉਨ੍ਹਾਂ ਦੇ ਬਹੁਤ ਸਾਰੇ ਅੰਗ ਕੰਮ ਕਰਨਾ ਬੰਦ ਕਰ ਗਏ ਅਤੇ ਉਹ ਮਲਟੀ-ਆਰਗਨ ਫੇਲੀਅਰ ਦੇ ਸ਼ਿਕਾਰ ਹੋ ਗਏ । ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਆਪਣੇ ਪਿਤਾ ਨੂੰ ਗੁਰੂਗਰਾਮ ਦੇ ਮੇਦਾਂਤਾ ਹਸਪਤਾਲ ਵਿੱਚ ਦਾਖਲ ਕਰਵਾਇਆ ਸੀ, ਜਿੱਥੇ ਉਨ੍ਹਾਂ ਨੇ ਆਖਰੀ ਸਾਹ ਲਿਆ । ਫੈਜ਼ਲ ਪਟੇਲ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਸਾਰੇ ਲੋਕ ਕੋਰੋਨਾ ਨਾਲ ਸਬੰਧਤ ਪ੍ਰੋਟੋਕੋਲ ਦੀ ਪਾਲਣਾ ਕਰਨ ਅਤੇ ਭੀੜ ਵਿੱਚ ਜਾਣ ਤੋਂ ਪਰਹੇਜ਼ ਕਰਨ ।
ਦੱਸ ਦੇਈਏ ਕਿ 71 ਸਾਲਾਂ ਅਹਿਮਦ ਪਟੇਲ ਤਿੰਨ ਵਾਰ ਲੋਕ ਸਭਾ ਦੇ ਮੈਂਬਰ ਅਤੇ ਪੰਜ ਵਾਰ ਰਾਜ ਸਭਾ ਦੇ ਮੈਂਬਰ ਰਹਿ ਚੁੱਕੇ ਹਨ । ਅਗਸਤ 2018 ਵਿੱਚ ਉਨ੍ਹਾਂ ਨੂੰ ਕਾਂਗਰਸ ਪਾਰਟੀ ਦਾ ਖਜ਼ਾਨਚੀ ਨਿਯੁਕਤ ਕੀਤਾ ਗਿਆ ਸੀ । ਅਹਿਮਦ ਪਟੇਲ ਭੜੂਚ ਤੋਂ ਲੋਕ ਸਭਾ ਚੋਣਾਂ ਜਿੱਤਣ ਤੋਂ ਬਾਅਦ 26 ਸਾਲ ਦੀ ਉਮਰ ਵਿੱਚ 1977 ਵਿੱਚ ਪਹਿਲੀ ਵਾਰ ਸੰਸਦ ਵਿੱਚ ਪਹੁੰਚੇ ਸਨ । ਹਮੇਸ਼ਾਂ ਪਰਦੇ ਪਿੱਛੇ ਰਾਜਨੀਤੀ ਕਰਨ ਵਾਲੇ ਅਹਿਮਦ ਪਟੇਲ ਨੂੰ ਕਾਂਗਰਸ ਪਰਿਵਾਰ ਦੇ ਭਰੋਸੇਯੋਗ ਨੇਤਾਵਾਂ ਵਿੱਚ ਗਿਣਿਆ ਜਾਂਦਾ ਸੀ । ਉਹ 1993 ਤੋਂ ਰਾਜ ਸਭਾ ਦੇ ਸੰਸਦ ਮੈਂਬਰ ਸਨ ।
ਇਹ ਵੀ ਦੇਖੋ: ਹਰਪ੍ਰੀਤ ਕੌਰ ਅਗਵਾ ਮਾਮਲਾ,ਇਸ ਔਰਤ ਨੇ ਸਬੂਤਾਂ ਸਮੇਤ ਇਲਜਾਮਾਂ ਦਾ ਦਿੱਤਾ ਜਵਾਬ