Sonia Gandhi to Govt: ਕੋਰੋਨਾ ਸੰਕਟ ਨਾਲ ਜੂਝ ਰਹੇ ਦੇਸ਼ ਦੀ ਸਥਿਤੀ ‘ਤੇ ਚਿੰਤਾ ਜ਼ਾਹਰ ਕਰਦਿਆਂ ਕਾਂਗਰਸ ਦੇ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਲੋਕਾਂ ਦੀ ਮਦਦ ਲਈ ਮਨਰੇਗਾ ਸਕੀਮ ਦੀ ਵਰਤੋਂ ਕੀਤੀ ਜਾਵੇ । ਸੋਨੀਆ ਗਾਂਧੀ ਨੇ ਕਿਹਾ ਕਿ ਇਹ ਭਾਜਪਾ ਬਨਾਮ ਕਾਂਗਰਸ ਦਾ ਮਾਮਲਾ ਨਹੀਂ ਹੈ, ਇਸ ਲਈ ਸਰਕਾਰ ਨੂੰ ਮਨਰੇਗਾ ਵਰਗੇ ਸ਼ਕਤੀਸ਼ਾਲੀ ਪ੍ਰੋਗਰਾਮਾਂ ਦੀ ਵਰਤੋਂ ਕਰਕੇ ਦੇਸ਼ ਵਾਸੀਆਂ ਦੀ ਮਦਦ ਕਰਨੀ ਚਾਹੀਦੀ ਹੈ ।
ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਇੱਕ ਅੰਗਰੇਜ਼ੀ ਅਖਬਾਰ ਵਿੱਚ ਇੱਕ ਲੇਖ ਰਾਹੀਂ ਇਹ ਗੱਲ ਕਹੀ ਹੈ । ਉਨ੍ਹਾਂ ਲਿਖਿਆ ਹੈ ਕਿ ਮਹਾਤਮਾ ਗਾਂਧੀ ਰਾਸ਼ਟਰੀ ਪੇਂਡੂ ਰੁਜ਼ਗਾਰ ਗਰੰਟੀ ਯੋਜਨਾ ਇੱਕ ਇਨਕਲਾਬੀ ਅਤੇ ਤਰਕਸ਼ੀਲ ਪ੍ਰਣਾਲੀ ਵਿੱਚ ਤਬਦੀਲੀ ਦੀ ਚਮਕਦਾਰ ਉਦਾਹਰਣ ਹੈ ।ਉਨ੍ਹਾਂ ਲਿਖਿਆ, “ਇਹ ਇਨਕਲਾਬੀ ਹੈ ਕਿਉਂਕਿ ਇਸਨੇ ਗਰੀਬਾਂ ਤੋਂ ਗਰੀਬ ਵਿਅਕਤੀ ਨੂੰ ਸੱਤਾ ਤਬਦੀਲ ਕਰ ਦਿੱਤੀ ਅਤੇ ਉਹਨਾਂ ਨੂੰ ਭੁੱਖ ਅਤੇ ਕਮੀ ਤੋਂ ਬਚਣ ਦੇ ਯੋਗ ਬਣਾਇਆ। ” ਇਹ ਤਰਕਸ਼ੀਲ ਹੈ ਕਿਉਂਕਿ ਇਹ ਪੈਸਾ ਸਿੱਧਾ ਉਨ੍ਹਾਂ ਦੇ ਹੱਥਾਂ ਵਿੱਚ ਪਾਉਂਦਾ ਹੈ ਜਿਨ੍ਹਾਂ ਨੂੰ ਇਸਦੀ ਸਭ ਤੋਂ ਵੱਧ ਜ਼ਰੂਰਤ ਹੁੰਦੀ ਹੈ । ’’
ਮਨਰੇਗਾ ਦੀ ਲੋੜ ਬਾਰੇ ਦੱਸਦਿਆਂ ਸੋਨੀਆ ਗਾਂਧੀ ਨੇ ਲਿਖਿਆ ਕਿ ਮੌਜੂਦਾ ਸਮੇਂ ਵਿੱਚ ਜਦੋਂ ਦੇਸ਼ ਕੋਰੋਨਾ ਵਾਇਰਸ ਨਾਲ ਜੂਝ ਰਿਹਾ ਹੈ, ਅਜਿਹੇ ਵਿੱਚ ਸੰਕਟ ਦੇ ਸਮੇਂ ਵਿੱਚ ਭੁੱਖਮਰੀ ਅਤੇ ਬਰਬਾਦੀ ਨੂੰ ਰੋਕਣ ਲਈ ਇਹ ਯੋਜਨਾ ਬਹੁਤ ਮਹੱਤਵਪੂਰਨ ਹੈ । ਸੋਨੀਆ ਗਾਂਧੀ ਨੇ ਸਰਕਾਰ ਨੂੰ ਕਿਹਾ ਕਿ ਇਹ ਸੰਕਟ ਦਾ ਸਮਾਂ ਹੈ, ਰਾਜਨੀਤੀ ਦਾ ਨਹੀਂ । ਇਹ ਕਾਂਗਰਸ ਬਨਾਮ ਭਾਜਪਾ ਦਾ ਮੁੱਦਾ ਨਹੀਂ ਹੈ। ਮਨਰੇਗਾ ਦੇ ਰੂਪ ਵਿੱਚ ਸਰਕਾਰ ਦੀ ਇੱਕ ਸ਼ਕਤੀਸ਼ਾਲੀ ਪ੍ਰਣਾਲੀ ਹੈ, ਇਸ ਨੂੰ ਭਾਰਤੀਆਂ ਲਈ ਵਰਤੋ ।
ਗੌਰਤਲਬ ਹੈ ਕਿ ਜਦੋਂ ਤੋਂ ਕੋਰੋਨਾ ਵਾਇਰਸ ਸੰਕਟ ਪੈਦਾ ਹੋਇਆ ਹੈ, ਤਾਂ ਕਾਂਗਰਸ ਪਾਰਟੀ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਉਹ ਸਿੱਧੇ ਤੌਰ ‘ਤੇ ਮਜ਼ਦੂਰਾਂ ਅਤੇ ਗਰੀਬਾਂ ਨੂੰ ਪੈਸੇ ਦੇ ਕੇ ਸਹਾਇਤਾ ਪ੍ਰਦਾਨ ਕਰੇ । ਕਾਂਗਰਸ ਨੇਤਾ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਸਣੇ ਪੂਰੀ ਪਾਰਟੀ ਸਰਬਸੰਮਤੀ ਨਾਲ ਸਰਕਾਰ ਤੋਂ ਮੰਗ ਕਰ ਰਹੀ ਹੈ ਕਿ ਇਸ ਸੰਕਟ ਦੀ ਘੜੀ ਵਿਚ ਲੋੜਵੰਦਾਂ ਨੂੰ ਸਿੱਧੇ ਪੈਸੇ ਦਿੱਤੇ ਜਾਣ । ਇਸ ਕੜੀ ਵਿੱਚ ਹੁਣ ਸੋਨੀਆ ਗਾਂਧੀ ਨੇ ਹੁਣ ਯੂਪੀਏ ਸਰਕਾਰ ਦੌਰਾਨ ਸ਼ੁਰੂ ਕੀਤੀ ਗਈ ਮਨਰੇਗਾ ਸਕੀਮ ਦੀ ਵਰਤੋਂ ਕਰਦਿਆਂ ਗਰੀਬ- ਮਜ਼ਦੂਰਾਂ ਦੀ ਮਦਦ ਕਰਨ ਦੀ ਮੰਗ ਕੀਤੀ ਹੈ ।