Sonia Rahul spoke to Azad: ਕਾਂਗਰਸ ਹਾਈਕਮਾਨ ਨੇ ਪਾਰਟੀ ਵਿੱਚ ਨਾਰਾਜ਼ ਲੀਡਰਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਸ਼ੁਰੂ ਕੀਤੀ ਹੈ ਤਾਂ ਜੋ ਸਧਾਰਣਤਾ ਦੀ ਸਥਿਤੀ ਬਹਾਲ ਹੋ ਸਕੇ। ਕਾਂਗਰਸ ਪਾਰਟੀ ਹਾਈ ਕਮਾਨ ਨੇ ਅਸੰਤੁਸ਼ਟ ਗੁੱਟ ਦੇ ਆਗੂ ਗੁਲਾਮ ਨਬੀ ਆਜ਼ਾਦ ਨਾਲ ਮੰਗਲਵਾਰ ਨੂੰ ਗੱਲਬਾਤ ਕੀਤੀ । ਸੂਤਰਾਂ ਅਨੁਸਾਰ ਕਾਂਗਰਸ ਦੀ ਅੰਤ੍ਰਿਮ ਪ੍ਰਧਾਨ ਸੋਨੀਆ ਗਾਂਧੀ ਨੇ ਗੁਲਾਮ ਨਬੀ ਆਜ਼ਾਦ ਨਾਲ ਫੋਨ ‘ਤੇ ਗੱਲਬਾਤ ਕੀਤੀ ਹੈ।
ਜ਼ਿਕਰਯੋਗ ਹੈ ਕਿ ਸੋਨੀਆ ਗਾਂਧੀ ਨੇ ਕਾਂਗਰਸ ਵਰਕਿੰਗ ਕਮੇਟੀ (CWC) ਦੀ ਬੈਠਕ ਤੋਂ ਬਾਅਦ ਸੋਮਵਾਰ ਨੂੰ ਗੁਲਾਬ ਨਮੀ ਆਜ਼ਾਦ ਨਾਲ ਟੈਲੀਫੋਨ ‘ਤੇ ਗੱਲਬਾਤ ਕੀਤੀ ਸੀ । ਪਾਰਟੀ ਨਾਲ ਜੁੜੇ ਇੱਕ ਨਜ਼ਦੀਕੀ ਸੂਤਰ ਨੇ ਦੱਸਿਆ ਕਿ ਅਸੰਤੁਸ਼ਟ ਗੁੱਟ ਦੇ ਵਿਵਾਦਿਤ ਪੱਤਰ ਲਿਖਣ ਦੇ ਸਮੇਂ ਨੂੰ ਲੈ ਕੇ ਆਪਣੀ ਨਾਰਾਜ਼ਗੀ ਜ਼ਾਹਿਰ ਕਰਨ ਵਾਲੇ ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਵੀ ਗੁਲਾਮ ਨਬੀ ਆਜ਼ਾਦ ਨੂੰ ਫੋਨ ਕੀਤਾ ਸੀ।
ਕਾਂਗਰਸ ਸਰਕਲ ਵਿੱਚ ਉਸ ਸਮੇਂ ਹਲਚਲ ਹੋਰ ਤੇਜ਼ ਹੋ ਗਈ ਸੀ ਜਦੋਂ ਪਾਰਟੀ ਲੀਡਰਸ਼ਿਪ ਵਿੱਚ ਬਦਲਾਅ ਨੂੰ ਲੈ ਕੇ 10 ਲੋਕਾਂ ਨੂੰ ਪੱਤਰ ਭੇਜਣ ਦਾ ਮਾਮਲਾ ਸਾਹਮਣੇ ਆਇਆ ਸੀ। ਗੁਲਾਮ ਨਬੀ ਆਜ਼ਾਦ ਨੂੰ ਵੀ ਇਸ ਪੱਤਰ ‘ਤੇ ਹਸਤਾਖਰਾਂ ਵਿੱਚ ਸ਼ਾਮਿਲ ਕੀਤਾ ਗਿਆ ਸੀ। ਹਾਲਾਂਕਿ, ਗੁਲਾਮ ਨਬੀ ਆਜ਼ਾਦ ਇਸ ਮੁੱਦੇ ‘ਤੇ ਨਾਰਾਜ਼ ਸਨ। ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ਵਿੱਚ ਉਨ੍ਹਾਂ ਕਿਹਾ ਕਿ ਜੇਕਰ ਪੱਤਰ ਦੇ ਸਬੰਧ ਵਿੱਚ ਭਾਜਪਾ ਦਾ ਸਬੰਧ ਸਾਬਿਤ ਹੁੰਦਾ ਤਾਂ ਉਹ ਅਸਤੀਫ਼ਾ ਦੇ ਦੇਣਗੇ। ਇਸ ਦੇ ਬਾਵਜੂਦ ਸੋਨੀਆ ਅਤੇ ਰਾਹੁਲ ਗਾਂਧੀ ਦੇ ਗੁਲਾਮ ਨਬੀ ਆਜ਼ਾਦ ਨੂੰ ਫੋਨ ਕਰ ਕੇ ਸੀਨੀਅਰ ਨੇਤਾਵਾਂ ਅਤੇ ਅਸਹਿਮਤ ਗੁੱਟ ਨਾਲ ਸੁਲਾਹ ਦਾ ਸੰਦੇਸ਼ ਭੇਜਣ ਦੇ ਸੰਕੇਤ ਤੌਰ ‘ਤੇ ਦੇਖਿਆ ਜਾ ਰਿਹਾ ਹੈ।
ਕਾਂਗਰਸ ਦੇ ਸੂਤਰਾਂ ਅਨੁਸਾਰ ਫੋਨ ਕਾਲ ਦੌਰਾਨ ਸੋਨੀਆ, ਰਾਹੁਲ ਗਾਂਧੀ ਅਤੇ ਗੁਲਾਮ ਨਬੀ ਆਜ਼ਾਦ ਵਿਚਾਲੇ ਕੀ ਗੱਲਬਾਤ ਹੋਈ ਹੈ ਫਿਲਹਾਲ ਇਸਦਾ ਪਤਾ ਨਹੀਂ ਲੱਗ ਸਕਿਆ।ਪਰ ਜਿਸ ਤੇਜ਼ੀ ਨਾਲ ਦੋਵੇਂ ਚੋਟੀ ਦੇ ਨੇਤਾਵਾਂ ਨੇ ਇੱਕ ਅਸੰਤੁਸ਼ਟ ਨੇਤਾ ਕੋਲ ਪਹੁੰਚ ਕੀਤੀ ਹੈ, ਇਸ ਦਾ ਸਪੱਸ਼ਟ ਸੰਕੇਤ ਹੈ ਕਿ ਉਹ ਅਸੰਤੁਸ਼ਟ ਧੜੇ ਦੀਆਂ ਚਿੰਤਾਵਾਂ ਦਾ ਹੱਲ ਕਰਨ ਲਈ ਤਿਆਰ ਹਨ ।