Tribute to Lakhveer Singh martyred: ਡੇਮਰੂ ਖੁਰਦ, 9 ਅਗਸਤ : ਬੀਤੇ ਦਿਨੀਂ ਚੀਨ ਦੀ ਸਰਹੱਦ ਉਤੇ ਦੇਸ਼ ਲਈ ਡਿਊਟੀ ਦੇਣ ਦੌਰਾਨ ਸ਼ਹੀਦ ਹੋਏ ਸਿਪਾਹੀ ਲਖਵੀਰ ਸਿੰਘ ਨਮਿਤ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਅੱਜ ਉਸਦੇ ਜੱਦੀ ਪਿੰਡ ਡੇਮਰੂ ਖੁਰਦ ਵਿਖੇ ਹੋਇਆ, ਜਿਸ ਵਿੱਚ ਪੰਜਾਬ ਸਰਕਾਰ ਵੱਲੋਂ ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਸ਼ਿਰਕਤ ਕੀਤੀ। ਇਸ ਮੌਕੇ ਲੋਕ ਸਭਾ ਹਲਕਾ ਫਰੀਦਕੋਟ ਤੋਂ ਮੈਂਬਰ ਮੁਹੰਮਦ ਸਦੀਕ, ਹਲਕਾ ਵਿਧਾਇਕ ਸ੍ਰ ਦਰਸ਼ਨ ਸਿੰਘ ਬਰਾੜ, ਡਿਪਟੀ ਕਮਿਸ਼ਨਰ ਸ਼੍ਰੀ ਸੰਦੀਪ ਹੰਸ, ਬਾਘਾਪੁਰਾਣਾ ਦੇ ਉਪ ਮੰਡਲ ਮੈਜਿਸਟਰੇਟ ਸ਼੍ਰੀਮਤੀ ਸਵਰਨਜੀਤ ਕੌਰ ਅਤੇ ਵੱਡੀ ਗਿਣਤੀ ਵਿੱਚ ਸਥਾਨਕ ਲੋਕ ਹਾਜ਼ਰ ਸਨ। ਸ਼ਰਧਾਂਜਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਰਾਣਾ ਗੁਰਮੀਤ ਸਿੰਘ ਸੋਢੀ ਨੇ ਕਿਹਾ ਕਿ ਸ਼ਹੀਦ ਨੇ ਆਪਣੇ ਮਾਪਿਆਂ ਅਤੇ ਇਲਾਕੇ ਦਾ ਨਾਮ ਦੇਸ਼ ਦੇ ਇਤਿਹਾਸ ਵਿੱਚ ਸੁਨਿਹਰੀ ਅੱਖਰਾਂ ਵਿੱਚ ਲਿਖਵਾ ਦਿੱਤਾ ਹੈ। ਉਸਦੀ ਇਸ ਕੁਰਬਾਨੀ ਨੂੰ ਦੇਸ਼ ਵਾਸੀ ਕਦੇ ਵੀ ਨਹੀਂ ਭੁੱਲਣਗੇ। ਉਹਨਾਂ ਕਿਹਾ ਕਿ ਇਸ ਸਮਾਗਮ ਵਿਚ ਸ਼ਿਰਕਤ ਕਰਨ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਹਨਾਂ ਨੂੰ ਵਿਸ਼ੇਸ਼ ਤੌਰ ਉੱਤੇ ਭੇਜਿਆ ਹੈ। ਉਹਨਾਂ ਕਿਹਾ ਕਿ ਦੇਸ਼ ਅਤੇ ਸੂਬੇ ਲਈ ਕੁਰਬਾਨੀ ਕਰਨ ਵਾਲਿਆਂ ਨੂੰ ਸਤਿਕਾਰ ਦੇਣ ਲਈ ਪੰਜਾਬ ਸਰਕਾਰ ਵੱਲੋਂ ਪਹਿਲਾਂ ਦਿੱਤੀ ਜਾਣ ਵਾਲੀ 12 ਲੱਖ ਰੁਪੈ ਦੀ ਰਾਸ਼ੀ ਨੂੰ ਵਧਾ ਕੇ 50 ਲੱਖ ਰੁਪੈ ਕਰ ਦਿੱਤਾ ਗਿਆ ਹੈ।
ਉਹਨਾਂ ਕਿਹਾ ਕਿ ਇਸ ਦੁੱਖ ਦੀ ਘੜੀ ਵਿੱਚ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸ਼ਨ ਸ਼ਹੀਦ ਦੇ ਪਰਿਵਾਰ ਨਾਲ ਚੱਟਾਨ ਦੀ ਤਰ੍ਹਾਂ ਖੜ੍ਹੇ ਹਨ। ਉਹਨਾਂ ਦੱਸਿਆ ਕਿ ਸ਼ਹੀਦ ਦੀ ਪਤਨੀ ਨੂੰ 25 ਹਜ਼ਾਰ ਰੁਪਈਏ ਦੀ ਫੌਰੀ ਆਰਥਿਕ ਰਾਸ਼ੀ ਅੰਤਿਮ ਸਸਕਾਰ ਵਾਲੇ ਦਿਨ ਦਿੱਤੀ ਗਈ ਸੀ, ਜਦਕਿ ਅੱਜ ਪੰਜਾਬ ਸਰਕਾਰ ਵੱਲੋਂ 5 ਲੱਖ ਰੁਪਏ ਦਾ ਚੈੱਕ ਦਿੱਤਾ ਗਿਆ। ਉਹਨਾਂ ਭਰੋਸਾ ਦਿੱਤਾ ਕਿ ਸਰਕਾਰ ਵੱਲੋਂ ਜਲਦ ਹੀ ਸ਼ਹੀਦ ਦੀ ਪਤਨੀ ਨੂੰ ਸਰਕਾਰੀ ਨੌਕਰੀ ਅਤੇ ਬਣਦੀ ਹੋਰ ਮਾਲੀ ਮਦਦ ਮੁਹੱਈਆ ਕਰਵਾਈ ਜਾਵੇਗੀ। ਉਹਨਾਂ ਐਲਾਨ ਕੀਤਾ ਕਿ ਪਿੰਡ ਦੇ ਸਰਕਾਰੀ ਸਕੂਲ ਅਤੇ ਸੜਕ ਦਾ ਨਾਮ ਸ਼ਹੀਦ ਲਖਵੀਰ ਸਿੰਘ ਦੇ ਨਾਮ ਉਪਰ ਰੱਖਿਆ ਜਾਵੇਗਾ। ਇਸ ਮੌਕੇ ਉਹਨਾਂ ਨੇ ਉਹਨਾਂ ਸ਼ਹੀਦ ਦੀ ਪਤਨੀ ਨਮਦੀਪ ਕੌਰ ਅਤੇ ਮਾਤਾ ਨੂੰ ਦਿਲਾਸਾ ਵੀ ਦਿੱਤਾ। ਦੱਸਣਯੋਗ ਹੈ ਕਿ ਬੀਤੇ ਦਿਨੀਂ ਲਖਵੀਰ ਸਿੰਘ ਆਪਣੇ ਸਾਥੀ ਸਿਪਾਹੀ ਨਾਲ ਅਰੁਣਾਚਲ ਪ੍ਰਦੇਸ਼ ਨਾਲ ਲੱਗਦੀ ਚੀਨ ਦੀ ਸਰਹੱਦ ਉੱਤੇ ਗਸ਼ਤ ਕਰ ਰਿਹਾ ਸੀ ਤਾਂ ਉਹ ਹਾਦਸੇ ਦਾ ਸ਼ਿਕਾਰ ਹੋ ਕੇ ਸ਼ਹੀਦ ਹੋ ਗਿਆ ਸੀ। ਵਿਧਾੲਿਕ ਸ੍ਰ ਬਰਾੜ ਨੇ ਵੀ ਪਰਿਵਾਰ ਨੂੰ ਭਰੋਸਾ ਦਿੱਤਾ ਕਿ ਪੰਜਾਬ ਸਰਕਾਰ ਵੱਲੋਂ ਉਹਨਾਂ ਦੀ ਹਰ ਸੰਭਵ ਸਹਾਇਤਾ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਲਖਵੀਰ ਸਿੰਘ ਦੀ ਸ਼ਹੀਦੀ ਨੇ ਇਕੱਲੇ ਪਿੰਡ ਡੇਮਰੂ ਖੁਰਦ ਦਾ ਹੀ ਨਹੀਂ ਸਗੋਂ ਪੂਰੇ ਹਲਕਾ ਬਾਘਾਪੁਰਾਣਾ ਦਾ ਸਿਰ ਫ਼ਖਰ ਨਾਲ ਉੱਚਾ ਕਰ ਦਿੱਤਾ ਹੈ।
ਲੋਕ ਸਭਾ ਹਲਕਾ ਫਰੀਦਕੋਟ ਤੋਂ ਮੈਂਬਰ ਮੁਹੰਮਦ ਸਦੀਕ ਨੇ ਸ਼ਹੀਦ ਦੀ ਕੁਰਬਾਨੀ ਨੂੰ ਸਭ ਤੋਂ ਵੱਡੀ ਕੁਰਬਾਨੀ ਕਰਾਰ ਦਿੰਦਿਆਂ ਕਿਹਾ ਕਿ ਉਹਨਾਂ ਦੀ ਇਸ ਸ਼ਹਾਦਤ ਨੂੰ ਕਦੇ ਵੀ ਭੁਲਾਇਆ ਨਹੀਂ ਜਾਵੇਗਾ। ਉਹਨਾਂ ਭਰੋਸਾ ਦਿੱਤਾ ਕਿ ਉਹ ਪਿੰਡ ਵੱਲੋਂ ਰੱਖੀਆਂ ਸਾਰੀਆਂ ਮੰਗਾਂ ਨੂੰ ਪੂਰਾ ਕਰਨ ਦੀ ਹਰ ਸੰਭਵ ਕੋਸ਼ਿਸ਼ ਕਰਨਗੇ। ਡਿਪਟੀ ਕਮਿਸ਼ਨਰ ਸ਼੍ਰੀ ਸੰਦੀਪ ਹੰਸ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਸ਼ਹੀਦ ਦੇ ਪਰਿਵਾਰ ਅਤੇ ਪਿੰਡ ਵਾਸੀਆਂ ਦੀਆਂ ਲੋੜਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾਵੇਗਾ। ਸਮਾਗਮ ਨੂੰ ਰੱਖਿਆ ਸੇਵਾਵਾਂ ਅਫ਼ਸਰ ਕਰਨਲ ਦਲਵਿੰਦਰ ਸਿੰਘ ਅਤੇ ਹੋਰਾਂ ਨੇ ਵੀ ਸੰਬੋਧਨ ਕੀਤਾ। ਜਥੇਦਾਰ ਤੀਰਥ ਸਿੰਘ ਮਾਹਲਾ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਰਿਵਾਰ ਦਾ ਸਨਮਾਨ ਕੀਤਾ। ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਸ੍ਰ ਜਗਰੂਪ ਸਿੰਘ ਤਖਤੂਪੁਰਾ, ਚੇਅਰਮੈਨ ਪਰਮਪਾਲ ਸਿੰਘ ਤਖਤੂਪੁਰਾ ਅਤੇ ਹੋਰ ਹਾਜ਼ਰ ਸਨ।