ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਦੋ ਸਲਾਹਕਾਰਾਂ ਡਾ. ਪਿਆਰੇ ਲਾਲ ਗਰਗ ਅਤੇ ਮਾਲਵਿੰਦਰ ਸਿੰਘ ਦਾ ਜੰਮੂ-ਕਸ਼ਮੀਰ ਬਾਰੇ ਵਿਵਾਦਤ ਬਿਆਨ ਭਖਦਾ ਜਾ ਰਿਹਾ ਹੈ। ਇਸ ਦੌਰਾਨ ਕਾਂਗਰਸ ਦੇ ਪੰਜਾਬ ਇੰਚਾਰਜ ਹਰੀਸ਼ ਰਾਵਤ ਨੇ ਵੱਡਾ ਬਿਆਨ ਦਿੱਤਾ ਹੈ।
ਉਨ੍ਹਾਂ ਨੇ ਸਿੱਧੂ ਦੇ ਸਲਾਹਕਾਰਾਂ ਦੀ ਟਿੱਪਣੀ ਨੂੰ ਨਿੰਦਾਯੋਗ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਿੱਧੂ ਦੇ ਸਲਾਹਕਾਰਾਂ ਦਾ ਬਿਆਨ ਪਾਰਟੀ ਅਤੇ ਦੇਸ਼ ਦੀ ਹਿੱਤ ਦੇ ਖਿਲਾਫ਼ ਹੈ। ਇਸ ਤੋਂ ਇਲਾਵਾ ਰਾਵਤ ਨੇ ਨਵਜੋਤ ਸਿੱਧੂ ਨੂੰ ਨਸੀਹਤ ਦਿੰਦਿਆਂ ਕਿਹਾ ਕਿ ਉਹ ਆਪਣੇ ਸਲਾਹਕਾਰਾਂ ਨੂੰ ਸਮਝਾਉਣ ਕਿ ਉਹ ਕਾਂਗਰਸ ਦੇ ਨੀਤੀਗਤ ਮਾਮਲਿਆਂ ‘ਤੇ ਟਿੱਪਣੀ ਨਾ ਕਰਨ।
ਇਹ ਵੀ ਪੜ੍ਹੋ: ਪੰਜਾਬ ਪਹੁੰਚੇ CM ਕੇਜਰੀਵਾਲ ਕੀ ਅੱਜ ਫਿਰ ਹੋਵੇਗਾ ਪੰਜਾਬ ਦੀ ਸਿਆਸਤ ‘ਚ ਕੋਈ ਵੱਡਾ ਧਮਾਕਾ !
ਜੇਕਰ ਉਹ ਅਜਿਹਾ ਨਹੀਂ ਕਰਦੇ ਹਨ ਤਾਂ ਉਨ੍ਹਾਂ ਨੂੰ ਸਲਾਹਕਾਰ ਦਾ ਅਹੁਦਾ ਛੱਡ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਲਾਹਕਾਰਾਂ ਦਾ ਕੱਦ ਇੰਨਾ ਵੱਡਾ ਨਹੀਂ ਹੈ ਕਿ ਕਾਂਗਰਸ ਹਾਈਕਮਾਨ ਇਸ ‘ਤੇ ਟਿੱਪਣੀ ਕਰੇ। ਰਾਵਤ ਨੇ ਸਿੱਧੂ ਨੂੰ ਆਪਣੇ ਸਲਾਹਕਾਰਾਂ ਨੂੰ ਬਰਖਾਸਤ ਕਰਨ ਦੀ ਗੱਲ ਕਹਿ ਹੈ। ਉਨ੍ਹਾਂ ਕਿਹਾ ਕਿ ਜੇਕਰ ਉਹ ਅਜਿਹਾ ਕਰਨ ਵਿੱਚ ਅਸਫਲ ਰਹਿੰਦੇ ਹਨ ਤਾਂ ਪਾਰਟੀ ਉਨ੍ਹਾਂ ਨੂੰ ਬਰਖਾਸਤ ਕਰ ਦੇਵੇਗੀ।
ਦੱਸ ਦਈਏ ਕਿ ਨਵਜੋਤ ਸਿੱਧੂ ਦੇ ਸਲਾਹਕਾਰ ਮਾਲਵਿੰਦਰ ਸਿੰਘ ਮਾਲੀ ਵੱਲੋਂ ਸੰਵਿਧਾਨ ਦੀ ਧਾਰਾ 370 ਖ਼ਤਮ ਕਰਨ ਦੇ ਮੁੱਦੇ ‘ਤੇ ਗੱਲ ਕੀਤੀ ਗਈ ਸੀ। ਜਿਸ ਦੇ ਤਹਿਤ ਸਾਬਕਾ ਰਾਜ ਜੰਮੂ -ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਮਿਲਿਆ ਸੀ । ਉਨ੍ਹਾਂ ਨੇ ਕਥਿਤ ਤੌਰ ‘ਤੇ ਕਿਹਾ ਸੀ ਕਿ ਜੇਕਰ ਕਸ਼ਮੀਰ ਭਾਰਤ ਦਾ ਹਿੱਸਾ ਸੀ ਤਾਂ ਧਾਰਾ 370 ਅਤੇ 35ਏ ਹਟਾਉਣ ਦੀ ਕੀ ਲੋੜ ਸੀ।