Corona update punjab : ਕੋਰੋਨਾ ਦੇ ਸੰਕਰਮਣ ਦਾ ਕਹਿਰ ਰੁਕਦਾ ਨਜ਼ਰ ਨਹੀਂ ਆ ਰਿਹਾ। ਹਰ ਪਾਸੇ ਦਹਿਸ਼ਤ ਦਾ ਮਾਹੌਲ ਹੈ। ਦੇਸ਼ ਵਿੱਚ ਦੂਜੀ ਵਾਰ ਇੱਕੋ ਦਿਨ ਵਿੱਚ ਚਾਰ ਲੱਖ ਤੋਂ ਜ਼ਿਆਦਾ ਕੋਰੋਨਾ ਦੇ ਕੇਸ ਦਰਜ ਹੋਏ ਹਨ। ਸਿਹਤ ਮੰਤਰਾਲੇ ਵੱਲੋਂ ਜਾਰੀ ਤਾਜ਼ਾ ਅੰਕੜਿਆਂ ਅਨੁਸਾਰ, ਪਿੱਛਲੇ 24 ਘੰਟਿਆਂ ਵਿੱਚ 412,262 ਨਵੇਂ ਕੋਰੋਨਾ ਮਾਮਲੇ ਸਾਹਮਣੇ ਆਏ ਹਨ ਅਤੇ 3980 ਸੰਕਰਮਿਤ ਲੋਕਾਂ ਨੇ ਆਪਣੀਆਂ ਜਾਨਾਂ ਗੁਆਈਆਂ ਹਨ। ਹਾਲਾਂਕਿ, ਕੋਰੋਨਾ ਤੋਂ 3,29,113 ਲੋਕ ਠੀਕ ਵੀ ਹੋਏ ਹਨ। ਇਸ ਤੋਂ ਪਹਿਲਾਂ 30 ਅਪ੍ਰੈਲ ਨੂੰ ਦੇਸ਼ ਵਿੱਚ 401,993 ਨਵੇਂ ਕੇਸ ਸਾਹਮਣੇ ਆਏ ਸਨ। ਹਰ ਰੋਜ਼ ਵਿਸ਼ਵ ਭਰ ਦੇ 40 ਫੀਸਦੀ ਕੇਸ ਭਾਰਤ ਵਿੱਚ ਹੀ ਦਰਜ ਕੀਤੇ ਜਾ ਰਹੇ ਹਨ। ਇਸ ਦੌਰਾਨ ਪੰਜਾਬ ਦੇ ਵਿੱਚ ਵੀ ਕੋਰੋਨਾ ਆਪਣੇ ਪੈਰ ਪਸਾਰਦਾ ਜਾ ਰਿਹਾ ਹੈ।
ਬੁੱਧਵਾਰ ਨੂੰ ਪੰਜਾਬ ਵਿੱਚ ਸੰਕਰਮਣ ਦੇ ਰਿਕਾਰਡ 8015 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ, ਇੱਕ ਦਿਨ ਵਿੱਚ 182 ਪੀੜਤ ਮਰੀਜ਼ਾਂ ਨੇ ਆਪਣੀ ਜਾਨ ਗਵਾ ਦਿੱਤੀ ਹੈ। 240 ਮਰੀਜ਼ਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ ਜੋ ਵੈਂਟੀਲੇਟਰ ‘ਤੇ ਰੱਖੇ ਗਏ ਹਨ। 8457 ਸੰਕਰਮਿਤ ਲੋਕਾਂ ਨੂੰ ਸਾਹ ਲੈਣ ਵਿੱਚ ਮੁਸ਼ਕਿਲ ਆਉਣ ਕਾਰਨ ਆਕਸੀਜਨ ਸਹਾਇਤਾ ‘ਤੇ ਰੱਖਿਆ ਗਿਆ ਹੈ। ਪੰਜਾਬ ਵਿੱਚ ਸਿਹਤ ਵਿਭਾਗ ਦੇ ਅਨੁਸਾਰ ਸੂਬੇ ਵਿੱਚ ਇਸ ਵੇਲੇ 63007 ਸਰਗਰਮ ਕੇਸ ਹਨ। ਸੂਬੇ ਵਿੱਚ ਹੁਣ ਤੱਕ 9825 ਸੰਕਰਮਿਤ ਲੋਕਾਂ ਦੀ ਮੌਤ ਹੋ ਚੁੱਕੀ ਹੈ।