ਪੰਜਾਬ ਵਿੱਚ ਰਾਜ ਸਭਾ ਉਪ-ਚੋਣ ਵਿੱਚ ਪ੍ਰਸਤਾਵਕਾਂ ਦੇ ਦਸਤਖ਼ਤਾਂ ਵਿੱਚ ਜਾਅਲਸਾਜ਼ੀ ਕਰਨ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਜਨਤਾ ਪਾਰਟੀ ਦੇ ਪ੍ਰਧਾਨ ਨਵਨੀਤ ਚਤੁਰਵੇਦੀ ਦਾ ਰਿਮਾਂਡ ਵੀਰਵਾਰ ਦੁਪਹਿਰ ਨੂੰ ਖਤਮ ਹੋ ਗਿਆ। ਨਵਨੀਤ ਨੂੰ ਰੂਪਨਗਰ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਪੇਸ਼ੀ ਮੁੱਖ ਨਿਆਂਇਕ ਮੈਜਿਸਟਰੇਟ-ਕਮ-ਵਧੀਕ ਸਿਵਲ ਜੱਜ (ਸੀਨੀਅਰ ਡਿਵੀਜ਼ਨ) ਸੁਖਵਿੰਦਰ ਸਿੰਘ ਦੇ ਸਾਹਮਣੇ ਹੋਈ। ਅਦਾਲਤ ਨੇ ਨਵਨੀਤ ਚਤੁਰਵੇਦੀ 6 ਨਵੰਬਰ ਤੱਕ ਨਿਆਂਇਕ ਹਿਰਾਸਤ ਵਿੱਚ ਭੇਜਿਆ ਹੈ।
ਐਡਵੋਕੇਟ ਹੇਮੰਤ ਚੌਧਰੀ ਨੇ ਅਦਾਲਤ ਵਿੱਚ ਚਤੁਰਵੇਦੀ ਦੀ ਨੁਮਾਇੰਦਗੀ ਕੀਤੀ। ਪੁਲਿਸ ਨੇ ਡੁਪਲੀਕੇਟ ਸਿਮ ਕਾਰਡ ਦੀ ਜਾਂਚ ਲਈ ਅਰਜ਼ੀ ਦਿੱਤੀ, ਜਿਸਨੂੰ ਅਦਾਲਤ ਨੇ ਸਵੀਕਾਰ ਕਰ ਲਿਆ। ਇਸ ਤੋਂ ਇਲਾਵਾ, ਐਫਐਸਐਲ (ਫੋਰੈਂਸਿਕ ਸਾਇੰਸ ਲੈਬ) ਰਿਪੋਰਟ ‘ਤੇ ਜੱਜ ਦੇ ਦਸਤਖ਼ਤ ਲਏ ਗਏ।

ਦੱਸ ਦੇਈਏ ਕਿ ਕਿ ਚੰਡੀਗੜ੍ਹ ਵਿੱਚ ਗ੍ਰਿਫ਼ਤਾਰੀ ਦੌਰਾਨ ਰੂਪਨਗਰ ਪੁਲਿਸ ਅਤੇ ਥਾਣਾ-3 ਪੁਲਿਸ ਵਿਚਕਾਰ ਝਗੜਾ ਹੋਇਆ ਸੀ। ਥਾਣਾ-3 ਪੁਲਿਸ ਨੇ ਗ੍ਰਿਫ਼ਤਾਰੀ ਦੀ ਇਜਾਜ਼ਤ ਨਹੀਂ ਦਿੱਤੀ। ਇਸ ਤੋਂ ਬਾਅਦ ਅਦਾਲਤ ਨੇ ਚੰਡੀਗੜ੍ਹ ਦੇ ਐੱਸ.ਐੱਚ.ਓ. ਨੂੰ ਨੋਟਿਸ ਜਾਰੀ ਕਰਕੇ ਪੇਸ਼ ਹੋਣ ਦਾ ਆਦੇਸ਼ ਦਿੱਤਾ। ਐਸਐਚਓ ਨੂੰ 18 ਅਕਤੂਬਰ, 2025 ਨੂੰ ਨੋਟਿਸ ਜਾਰੀ ਕੀਤਾ ਗਿਆ ਸੀ ਪਰ ਉਹ ਨਿੱਜੀ ਤੌਰ ‘ਤੇ ਪੇਸ਼ ਨਹੀਂ ਹੋਇਆ। ਚੌਕੀ ਇੰਚਾਰਜ ਨੂੰ ਉਸ ਦੀ ਜਗ੍ਹਾ ਅਦਾਲਤ ਵਿੱਚ ਭੇਜਿਆ ਗਿਆ ਸੀ। ਅਦਾਲਤ ਨੇ ਹੁਣ ਐਸਐਚਓ ਨੂੰ 24 ਅਕਤੂਬਰ, 2025 ਨੂੰ ਨਿੱਜੀ ਤੌਰ ‘ਤੇ ਪੇਸ਼ ਹੋਣ ਦੇ ਨਿਰਦੇਸ਼ ਦਿੱਤੇ ਹਨ।
ਇਸ ਸੁਣਵਾਈ ‘ਤੇ ਪੁਲਿਸ ਨੇ ਨਵਨੀਤ ਚਤੁਰਵੇਦੀ ਦੇ ਰਿਮਾਂਡ ਦੀ ਮੰਗ ਨਹੀਂ ਕੀਤੀ। ਅਦਾਲਤ ਨੇ ਦੋਸ਼ੀ ਦੀ ਨਿਆਂਇਕ ਹਿਰਾਸਤ ਦੀ ਬੇਨਤੀ ਸਵੀਕਾਰ ਕਰ ਲਈ। ਹੁਕਮਾਂ ਮੁਤਾਬਕ ਨਵੀਨ ਚਤੁਰਵੇਦੀ ਨੂੰ 6 ਨਵੰਬਰ, 2025 ਤੱਕ ਰੂਪਨਗਰ ਜੇਲ੍ਹ ਵਿੱਚ ਨਿਆਂਇਕ ਹਿਰਾਸਤ ਵਿੱਚ ਰੱਖਿਆ ਜਾਵੇਗਾ।
ਸੁਣਵਾਈ ਦੌਰਾਨ ਵਿਧਾਇਕ ਦਿਨੇਸ਼ ਚੱਢਾ ਵੱਲੋਂ ਦਸਤਖਤ ਕੀਤੇ ਗਏ ਇੱਕ ਫਾਰਮ ਵੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ। ਇਸ ਫਾਰਮ ਨਾਲ ਸਬੰਧਤ ਨਾਮਜ਼ਦਗੀ ਇਸ ਸਮੇਂ ਜਾਂਚ ਅਧੀਨ ਹੈ।
ਇਹ ਵੀ ਪੜ੍ਹੋ : ਸਾਬਕਾ DGP ਦੇ ਪੁੱਤ ਦੀ ਮੌਤ, CBI ਨੂੰ ਸੌਂਪੀ ਜਾ ਸਕਦੀ ਏ ਜਾਂਚ, ਹਰਿਆਣਾ ਸਰਕਾਰ ਨੇ ਕੇਂਦਰ ਨੂੰ ਲਿਖਿਆ ਪੱਤਰ
ਸੁਣਵਾਈ ਦੌਰਾਨ ਨਵਨੀਤ ਚਤੁਰਵੇਦੀ ਨੇ ਅਦਾਲਤ ਵਿੱਚ ਆਪਣੀ ਸੁਰੱਖਿਆ ਬਾਰੇ ਚਿੰਤਾ ਪ੍ਰਗਟ ਕੀਤੀ ਅਤੇ ਬੇਨਤੀ ਕੀਤੀ ਕਿ ਉਸ ਨੂੰ ਜੇਲ੍ਹ ਵਿੱਚ ਕਿਸੇ ਸੁਰੱਖਿਅਤ ਜਗ੍ਹਾ ਜਾਂ ਸਾਈਡ ਬੈਰਕ ਵਿੱਚ ਰੱਖਿਆ ਜਾਵੇ। ਪੁਲਿਸ ਨੇ ਕਿਹਾ ਕਿ ਮਾਮਲੇ ਦੀ ਜਾਂਚ ਜਾਰੀ ਹੈ। ਦਸਤਾਵੇਜ਼ਾਂ ਅਤੇ ਮੋਬਾਈਲ ਡਾਟਾ ਦੀ ਤਸਦੀਕ ਕਰਨ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -:
























