covid test in 12 hours: ਸੂਬੇ ਅੰਦਰ ਮਹਾਂਮਾਰੀ ਦੇ ਸਿਖਰ ਵੱਲ ਵਧਣ ਅਤੇ ਆਉਂਦੇ ਹਫਤਿਆਂ ‘ਚ ਸਥਿਤੀ ਗੰਭੀਰ ਹੋਣ ਦੀਆਂ ਪੇਸ਼ਨਗੋਈਆਂ ਬਾਰੇ ਮੁੱਖ ਮੰਤਰੀ ਵੱਲੋਂ ਸਿਹਤ ਅਤੇ ਮੈਡੀਕਲ ਸਿੱਖਿਆ ਵਿਭਾਗਾਂ ਨੂੰ ਬਿਨਾਂ ਲੱਛਣ ਵਾਲੇ ਕੇਸਾਂ ਦੇ ਸੈਂਪਲ ਪ੍ਰਮੁੱਖਤਾ ਨਾਲ ਲੈਣ ਅਤੇ ਕੋਵਿਡ ਟੈਸਟਾਂ ਦੀਆਂ ਰਿਪੋਰਟਾਂ 12 ਘੰਟਿਆਂ ਵਿੱਚ ਸੌਂਪੇ ਜਾਣ ਸਬੰਧੀ ਨਿਰਦੇਸ਼ ਦਿੱਤੇ ਗਏ। ਇਹ ਆਖਦਿਆਂ ਕਿ ਦੇਰੀ ਪਾਜ਼ੇਟਿਵ ਕੇਸਾਂ ਵਿੱਚ ਘਾਤਕ ਹੋ ਸਕਦੀ ਹੈ, ਉਨ੍ਹਾਂ ਲੋਕਾਂ ਨੂੰ ਮੁੱਢਲੇ ਲੱਛਣਾਂ ਦੇ ਉਜਾਗਰ ਹੋਣ ਜਾਂ ਹੋਰ ਪਹਿਲੂਆਂ ਸਬੰਧੀ ਸਭ ਤੋਂ ਪਹਿਲਾਂ 104 ਨੰਬਰ ਡਾਇਲ ਕਰਨ ਲਈ ਅਪੀਲ ਕੀਤੀ। ਕਈ ਮਾਮਲਿਆਂ ਵਿੱਚ ਦੇਰੀ ਕਾਰਨ ਮੌਤ ਦਰ ਵਧਣ ਦੀਆਂ ਰਿਪੋਰਟਾਂ ਬਾਰੇ ਚਿੰਤਾ ਜ਼ਾਹਰ ਕਰਦਿਆਂ ਮੁੱਖ ਮੰਤਰੀ ਵੱਲੋਂ ਸਿਹਤ ਵਿਭਾਗ ਨੂੰ ਢੁੱਕਵੇਂ ਸਮੇਂ ਇਲਾਜ ਲਈ ਨਾਗਰਿਕਾਂ ਨੂੰ ਸੁਚੇਤ ਕਰਨ ਲਈ ਹਰ ਕਦਮ ਚੁੱਕਣ ਵਾਸਤੇ ਆਖਿਆ। ਕੈਪਟਨ ਅਮਰਿੰਦਰ ਸਿੰਘ ਨੇ ਸਿਹਤ ਵਿਭਾਗ ਨੂੰ ਕੋਵਿਡ ਦੇ ਮਰੀਜ਼ਾਂ, ਜਿਨ੍ਹਾਂ ਵਿੱਚ ਪ੍ਰਾਈਵੇਟ ਹਸਪਤਾਲ ਵਿੱਚ ਦਾਖ਼ਲ ਮਰੀਜ਼ ਵੀ ਸ਼ਾਮਲ ਹਨ, ਬਾਰੇ ਜਾਣਕਾਰੀ ਇਕੱਤਰ ਕਰਨ ਅਤੇ ਅਪਡੇਟ ਕਰਨ ਦੀ ਪ੍ਰਕਿਰਿਆ ਨੂੰ ਹੋਰ ਸੁਚਾਰੂ ਬਣਾਉਣ ਲਈ ਕਿਹਾ। ਉਨ੍ਹਾਂ ਨੇ ਸਿਹਤ ਵਿਭਾਗ ਨੂੰ ਪ੍ਰਾਈਵੇਟ ਹਸਪਤਾਲਾਂ ਨਾਲ ਕਰੀਬੀ ਤਾਲਮੇਲ ਰੱਖਣ ਦੀ ਹਦਾਇਤ ਵੀ ਕੀਤੀ ਤਾਂ ਜੋ ਕੋਵਿਡ-19 ਖ਼ਿਲਾਫ਼ ਸੂਬੇ ਦੀ ਜੰਗ ਵਿੱਚ ਉਨ੍ਹਾਂ ਦਾ ਸਰਗਰਮ ਸਹਿਯੋਗ ਲਿਆ ਜਾ ਸਕੇ।
ਮੁੱਖ ਮੰਤਰੀ ਨੂੰ ਜਾਣਕਾਰੀ ਦਿੱਤੀ ਗਈ ਕਿ ਮੈਡੀਕਲ ਸਿੱਖਿਆ ਅਤੇ ਖੋਜ ਵਿਭਾਗ ਅਨੁਸਾਰ ਸੂਬੇ ਦੇ 92 ਪ੍ਰਾਈਵੇਟ ਹਸਪਤਾਲ ਕੋਵਿਡ ਕੇਅਰ ਸਬੰਧੀ ਸਹੂਲਤਾਂ ਦੇਣ ਲਈ ਪਹਿਲਾਂ ਹੀ ਰਾਜ਼ੀ ਹੋ ਚੁੱਕੇ ਹਨ ਅਤੇ ਵਿਭਾਗ ਨੇ ਇਨ੍ਹਾਂ ਪ੍ਰਾਈਵੇਟ ਹਸਪਤਾਲਾਂ ਅਤੇ ਕਲੀਨਿਕਾਂ ਨਾਲ ਅਗਲੇਰੀ ਰਣਨੀਤੀ ਉਲੀਕਣ ਵਾਸਤੇ ਵਿਚਾਰ-ਵਟਾਂਦਰਾ ਕਰਨ ਲਈ ਭਲਕੇ ਮੀਟਿੰਗ ਰੱਖੀ ਹੈ। ਮੁੱਖ ਮੰਤਰੀ ਵੱਲੋਂ ਇਸ ਵਿਭਾਗ ਨੂੰ ਪ੍ਰਾਈਵੇਟ ਹਸਪਤਾਲਾਂ ਅਤੇ ਕਲੀਨਿਕਾਂ ਵਿੱਚ ਕੋਵਿਡ ਦੇ ਇਲਾਜ ਤੇ ਫੀਸ ਨਿਰਧਾਰਤ ਕਰਨ ਬਾਰੇ ਸੰਭਾਵਨਾਵਾਂ ਤਲਾਸ਼ਣ ਲਈ ਪਹਿਲਾਂ ਹੀ ਹਦਾਇਤ ਕੀਤੀ ਗਈ ਹੈ। ਮੀਟਿੰਗ ਦੌਰਾਨ ਰਾਜ ਦੇ 19 ਮਾਈਕਰੋ-ਕੰਟੇਨਮੈਂਟ ਖੇਤਰਾਂ, ਜਿਨ੍ਹਾਂ ‘ਚ ਇਕ ਪਿੰਡ/ਵਾਰਡ ਵਿੱਚ 5 ਤੋਂ ਵੱਧ ਅਤੇ 15 ਤੱਕ ਕੋਵਿਡ ਪਾਜ਼ੇਟਿਵ ਕੇਸ ਹੋਣ, ਵਿੱਚ ਇਸ ਮਹਾਂਮਾਰੀ ਨੂੰ ਰੋਕਣ ਲਈ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਬਾਰੇ ਵੀ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਸਮੇਂ ਜ਼ਿਆਦਾਤਰ ਮਾਈਕਰੋ ਕੰਟੇਨਮੈਂਟ ਖੇਤਰ ਅੰਮ੍ਰਿਤਸਰ, ਲੁਧਿਆਣਾ, ਜਲੰਧਰ, ਸੰਗਰੂਰ ਅਤੇ ਰੋਪੜ ਜ਼ਿਲ੍ਹਿਆਂ ਵਿੱਚ ਹਨ, ਜਿਨ੍ਹਾਂ ਵਿੱਚੋਂ ਪਹਿਲੇ ਤਿੰਨ ਜ਼ਿਲ੍ਹਿਆਂ ਵਿੱਚੋਂ ਵੱਡੀ ਗਿਣਤੀ ਵਿੱਚ ਕੇਸ ਆਏ ਹਨ। ਮੁੱਖ ਮੰਤਰੀ ਨੇ ਵਿਭਾਗ ਨੂੰ ਮਾਈਕਰੋ-ਕੰਟੇਨਮੈਂਟ ਖੇਤਰਾਂ ਵਿੱਚ ਜੰਗੀ ਪੱਧਰ ‘ਤੇ ਟੈਸਟਿੰਗ ਅਤੇ ਸੰਪਰਕ ਟਰੇਸਿੰਗ ਕਰਨ ਤੋਂ ਇਲਾਵਾ ਇਲਾਜ ਅਤੇ ਨਿਗਰਾਨੀ ਨੂੰ ਹੋਰ ਸਰਗਰਮ ਕਰਨ ਲਈ ਕਿਹਾ। ਉਨ੍ਹਾਂ ਨੇ ਸੂਬਾ ਭਰ ਵਿੱਚ ਨਮੂਨੇ ਇਕੱਤਰ ਕਰਨ ਨੂੰ ਹੋਰ ਗਤੀਸ਼ੀਲ ਬਣਾਉਣ ਦੀ ਲੋੜ ‘ਤੇ ਵੀ ਜ਼ੋਰ ਦਿੱਤਾ। 21 ਜੂਨ ਤੱਕ ਕੁੱਲ 2,39,995 ਨਮੂਨਿਆਂ ਦੀ ਜਾਂਚ ਕੀਤੀ ਗਈ। 21 ਜੂਨ ਤੱਕ ਪੰਜਾਬ ਵਿੱਚ 1276 ਐਕਟਿਵ ਕੇਸ ਸਨ, ਜਿਨ੍ਹਾਂ ਵਿੱਚੋਂ ਪੰਜ ਵੈਂਟੀਲੇਟਰ ਅਤੇ 21 ਆਕਸੀਜਨ ‘ਤੇ ਸਨ ਅਤੇ ਇਸ ਬਿਮਾਰੀ ਕਾਰਨ 99 ਜਾਨਾਂ ਗਈਆਂ ਸਨ।