Case registered against 4 family : ਕੋਰੋਨਾ ਮਹਾਮਾਰੀ ਪੰਜਾਬ ਵਿਚ ਲਗਾਤਾਰ ਤੇਜ਼ੀ ਨਾਲ ਫੈਲ ਰਹੀ ਹੈ ਤੇ ਇਸ ਦੇ ਮਾਮਲੇ ਵੀ ਸੂਬੇ ਵਿਚ ਵਧਦੇ ਜਾ ਰਹੇ ਹਨ, ਜਿਸ ਦੇ ਚੱਲਦਿਆਂ ਪ੍ਰਸ਼ਾਸਨ ਵੱਲੋਂ ਇਸ ਦੇ ਨਿਯਮਾਂ ਵਿਚ ਸਖਤੀ ਕੀਤੀ ਜਾ ਰਹੀ ਹੈ। ਪਰ ਫਿਰ ਵੀ ਇਸ ਨੂੰ ਗੰਭੀਰਤਾ ਨਾਲ ਨਾ ਲੈਂਦੇ ਹੋਏ ਕਈ ਲੋਕਾਂ ਵਲੋਂ ਇਸ ਦੀ ਉਲੰਘਣਾ ਕਰਨ ਦੇ ਮਾਮਲੇ ਸਾਹਮਣੇ ਆ ਰਹੇ ਹਨ। ਅਜਿਹਾ ਹੀ ਮਾਮਲਾ ਜਲੰਧਰ ਦੇ ਅਵਤਾਰ ਨਗਰ ਵਿਚ ਸਾਹਮਣੇ ਆਇਆ, ਜਿਥੇ ਇਕ ਪਰਿਵਾਰ ਨੂੰ ਹੋਮ ਕੁਆਰੰਟਾਈਨ ਕੀਤੇ ਜਾਣ ਦੇ ਬਾਵਜੂਦ ਇਸ ਵਿਚ ਲਾਪਰਵਾਹੀ ਵਰਤਦਿਆਂ ਉਹ ਲੋਕ ਘਰੋਂ ਬਾਹਰ ਗਲੀ ਵਿਚ ਘੁੰਮਦੇ ਮਿਲੇ, ਜਿਸ ਦੇ ਚੱਲਦਿਆਂ ਪੁਲਿਸ ਵੱਲੋਂ ਪਰਿਵਾਰ ਦੇ ਚਾਰ ਮੈਂਬਰਾਂ ’ਤੇ ਮਾਮਲਾ ਦਰਜ ਕਰ ਲਿਆ ਗਿਆ।
ਥਾਣਾ ਭਾਰਗਵ ਕੈਂਪ ਪੁਲਿਸ ਤੋਂ ਮਿਲੀ ਜਾਣਕਾਰੀ ਮੁਤਾਬਕ ਰੀਜੈਂਟ ਟੀ ਪੁਆਇੰਟ ’ਤੇ ਗੱਡੀਆਂ ਦੀ ਚੈਕਿੰਗ ਦੌਰਾਨ ਪੁਲਿਸ ਟੀਮ ਨੂੰ ਖਬਰ ਮਿਲੀ ਕੀ ਅਵਤਾਰ ਨਗਰ ਵਿਚ ਮਕਾਨ ਨੰਬਰ 619/13 ਵਿਚ ਰਹਿਣ ਵਾਲੀ ਬਲਦੇਵ ਕੌਰ ਤੇ ਪਰਿਵਾਰ ਨੂੰ ਘਰ ਵਿਚ ਹੀ ਕੁਆੰਰਟਾਈਨ ਕੀਤਾ ਗਿਆ ਸੀ। ਉਨ੍ਹਾਂ ਦੇ ਘਰ ਦੇ ਬਾਹਰ ਕੁਆਰੰਟਾਈਨ ਦਾ ਬੋਰਡ ਵੀ ਲਗਾਇਆ ਗਿਆ ਹੈ ਪਰ ਇਸ ਦੇ ਬਾਵਜੂਦ ਇਹਲੋਕ ਹੋਮ ਕੁਆਰੰਟਾਈਨ ਦੀ ਉਲੰਘਣਾ ਕਰਦੇ ਹੋਏ ਗਲੀ ਵਿਚ ਘੁੰਮ ਰਹੇ ਹਨ।
ਇਸ ਤਰ੍ਹਾਂ ਦੀ ਲਾਪਰਵਾਹੀ ਨਾਲ ਦੂਸਰੇ ਲੋਕਾਂ ਤੱਕ ਵੀ ਇਸ ਵਾਇਰਸ ਦੇ ਪਹੁੰਚਣ ਦਾ ਖਤਰਾ ਬਣ ਸਕਦਾ ਹੈ। ਜਿਸ ਦੇ ਚੱਲਦਿਆਂ ਪੁਲਿਸ ਵੱਲੋਂ ਤੁਰੰਤ ਉਨ੍ਹਾਂ ਖਿਲਾਫ ਥਾਣਾ ਐਪਿਡੇਮਿਕ ਡਿਸੀਜ਼ ਐਕਟ ਦੀ ਧਾਰਾ 3 ਅਧੀਨ ਬਲਦੇਵ ਕੌਰ ਸਣੇ ਉਸ ਦੇ ਘਰ ਦੇ 4 ਮੈਂਬਰਾਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਦੱਸਣਯੋਗ ਹੈ ਕਿ ਮੋਹਾਲੀ ਜ਼ਿਲੇ ਵਿਚ ਹੋਮ ਕੁਆਰੰਟਾਈਨ ਨੂੰ ਲੈ ਕੇ ਨਿਯਮ ਹੋਰ ਵੀ ਸਖਤ ਕਰ ਦਿੱਤੇ ਗਏ ਹਨ, ਜਿਸ ਦੀ ਉਲੰਘਣਾ ਕਰਨ ’ਤੇ ਜਾਂ ਫਿਰ ਉਨ੍ਹਾਂ ਦੇ ਘਰ ਆਉਣ-ਜਾਣ ਵਾਲਿਆਂ ’ਤੇ ਵੀ ਸਖਤ ਅਪਰਾਧਕ ਕਾਰਵਾਈ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ।