Commissioner of Police: ਜਲੰਧਰ 20 ਜੂਨ 2020: ਜਲੰਧਰ ਕਮਿਸ਼ਨਰੇਟ ਪੁਲਿਸ ਵਿਖੇ ਤਾਇਨਾਤ ਪੁਲਿਸ ਕਰਮਚਾਰੀਆਂ ਨੂੰ ਵੱਡਾ ਤੋਹਫ਼ਾ ਪੇਸ਼ ਕਰਦਿਆਂ ਪੁਲਿਸ ਕਮਿਸ਼ਨਰ ਜਲੰਧਰ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਵਲੋਂ ਅੱਜ ਬਾਲੀਵੁੱਡ ਐਕਟਰ ਅਕਸ਼ੈ ਕੁਮਾਰ ਵਲੋਂ ਮੋਹਰਲੀਆਂ ਕਤਾਰਾਂ ਦੇ ਕੋਰੋਨਾ ਯੋਧਿਆਂ ਲਈ ਭੇਜੀਆਂ ਗਈਆਂ 500 ਸਮਾਰਟ ਘੜੀਆਂ ਵੰਡਣ ਦੀ ਸ਼ੁਰੂਆਤ ਕੀਤੀ ਗਈ। ਸਥਾਨਕ ਪੁਲਿਸ ਲਾਈਨ ਵਿਖੇ ਸਾਦਾ ਪਰ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵਲੋਂ ਸ਼ੁਰੂ ਕੀਤੇ ਗਏ ‘ਮਿਸ਼ਨ ਫ਼ਤਿਹ’ ਤਹਿਤ ਪੁਲਿਸ ਕਮਿਸ਼ਨਰ ਵਲੋਂ ਐਕਟਰ ਅਕਸ਼ੈ ਕੁਮਾਰ ਵਲੋਂ ਗੋਕੀ ਕੰਪਨੀ ਜਿਸ ਦੇ ਉਹ ਬਰਾਂਚ ਅੰਬੈਸਡਰ ਹਨ ਵਲੋਂ ਭੇਜੀਆਂ ਗਈਆਂ ਸਮਾਰਟ ਘੜੀਆਂ ਸਬ ਇੰਸਪੈਕਟਰ ਅਮਨਪ੍ਰੀਤ ਕੌਰ, ਸਹਾਇਕ ਸਬ ਇੰਸਪੈਕਟਰ ਵਿਜੈ ਕੁਮਾਰ, ਸੀਨੀਅਰ ਕਾਂਸਟੇਬਲ ਰਵੀ ਕੁਮਾਰ ਅਤੇ ਰਾਜਪਾਲ ਸਿੰਘ, ਸਿਪਾਹੀ ਭੁਪਿੰਦਰ ਸਿੰਘ, ਸ਼ਿਵ ਸਿੰਘ ਅਤੇ ਹਰਪ੍ਰੀਤ ਸਿੰਘ ਨੂੰ ਸੌਂਪੀਆਂ ਗਈਆਂ। ਬਾਲੀਵੁੱਡ ਐਕਟਰ ਅਕਸ਼ੈ ਕੁਮਾਰ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਜਿਨਾ ਵਲੋਂ ਕੋਵਿਡ-19 ਮਹਾਂਮਾਰੀ ਦੌਰਾਨ ਸੁਰੱਖਿਆ ਬਲਾਂ ਵਲੋਂ ਨਿਭਾਈਆਂ ਜਾ ਰਹੀਆਂ ਸ਼ਾਨਦਾਰ ਸੇਵਾਵਾਂ ਬਦਲੇ ਖੁਦ ਨਿੱਜੀ ਤਵੱਜੋ ਦਿੱਤੀ ਗਈ ਹੈ ਬਾਰੇ ਬੋਲਦਿਆਂ ਕਮਿਸ਼ਨਰ ਪੁਲਿਸ ਜਲੰਧਰ ਸ੍ਰੀ ਭੁੱਲਰ ਨੇ ਕਿਹਾ ਕਿ ਇਸ ਨਾਲ ਕੋਰੋਨਾ ਵਾਇਰਸ ਦੌਰਾਨ ਪੂਰੀ ਦ੍ਰਿੜਤਾ ਨਾਲ ਡਿਊਟੀ ਨਿਭਾਉਣ ਵਾਲੇ ਪੁਲਿਸ ਕਰਮੀਆਂ ਦਾ ਮਨੋਬਲ ਹੋਰ ਵਧੇਗਾ। ਉਨ੍ਹਾਂ ਕਿਹਾ ਕਿ ਬਾਲੀਵੁਡ ਐਕਟਰ ਅਕਸ਼ੈ ਕੁਮਾਰ ਵਲੋਂ ਅਜਿਹੀਆਂ ਘੜੀਆਂ ਮੁੰਬਈ ਅਤੇ ਨਾਸਿਕ ਪੁਲਿਸ ਨੂੰ ਦਿੱਤੀਆਂ ਗਈਆ ਹਨ। ਉਨ੍ਹਾਂ ਕਿਹਾ ਕਿ ਹੁਣ ਉਨਾ ਵਲੋਂ ਮੋਹਰਲੀਆਂ ਕਤਾਰਾਂ ਦੇ ਕੋਰੋਨਾ ਯੋਧਿਆਂ ਲਈ 500 ਸਮਾਰਟ ਘੜੀਆਂ ਭੇਜੀਆਂ ਗਈਆਂ ਹਨ। ਸ੍ਰੀ ਭੁੱਲਰ ਨੇ ਕਿਹਾ ਕਿ ਇਹ ਸਾਡੇ ਸਭ ਲਈ ਬੜੇ ਮਾਣ ਦੀ ਗੱਲ ਹੈ ਕਿ ਬਾਲੀਵੁਡ ਐਕਟਰ ਵਲੋਂ ਜਲੰਧਰ ਕਮਿਸ਼ਨਰੇਟ ਪੁਲਿਸ ਨੂੰ ਇਸ ਨੇਕ ਕਾਜ ਲਈ ਚੁਣਿਆ ਹੈ।
ਪੁਲਿਸ ਕਮਿਸ਼ਨਰ ਜਲੰਧਰ ਸ੍ਰੀ ਭੁੱਲਰ ਨੇ ਦੱਸਿਆ ਕਿ ਬਹੁਤ ਸਾਰੀਆਂ ਵਿਸ਼ੇਸਤਾਵਾਂ ਵਾਲੀਆਂ ਇਹ ਸਮਾਰਟ ਘੜੀ ਸਰੀਰ ਦਾ ਤਾਪਮਾਨ, ਬਲੱਡ ਪ੍ਰੈਸ਼ਰ ਦੀ ਜਾਂਚ ਕਰਨ ਤੋਂ ਇਲਾਵਾ ਇਨਾਂ ਘੜੀਆਂ ਵਿੱਚ ਲਗਾਏ ਗਏ ਵਿਸ਼ੇਸ਼ ਕੰਟਰੋਲ ਪ੍ਰਣਾਲੀ ਰਾਹੀਂ ਇਕੋ ਛੱਤ ਹੇਠ ਇਨਾਂ ਘੜੀਆਂ ਨੂੰ ਪਹਿਨਣ ਵਾਲੇ ਪੁਲਿਸ ਕਰਮੀਆਂ ਦੀ ਸਿਹਤ ਦੀ ਨਿਗਰਾਨੀ ਵੀ ਕੀਤੀ ਜਾ ਸਕੇਗੀ। ਉਨ੍ਹਾਂ ਕਿਹਾ ਕਿ ਇਹ ਜਲੰਧਰ ਕਮਿਸ਼ਨਰੇਟ ਪੁਲਿਸ ਦੁਆਰਾ ਅਕਸ਼ੈ ਕੁਮਾਰ ਵਰਗੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਪੁਲਿਸ ਕਰਮੀਆਂ ਦੀ ਭਲਾਈ ਲਈ ਵਿਸ਼ੇਸ਼ ਪਹਿਲ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਪੁਲਿਸ ਕਰਮੀਆਂ ਦੀ ਬਹਿਤਰੀ ਲਈ ਅਜਿਹੀਆਂ ਹੋਰ ਪਹਿਲ ਕਦਮੀਆਂ ਕੀਤੀਆਂ ਜਾਣਗੀਆਂ। ਸ੍ਰੀ ਭੁੱਲਰ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵਲੋਂ ਸ਼ੁਰੂ ਕੀਤਾ ਗਿਆ ‘ਮਿਸ਼ਨ ਫ਼ਤਿਹ’ ਕੋਰੋਨਾ ਵਾਇਰਸ ਮਹਾਂਮਾਰੀ ਦੌਰਾਨ ਰਾਜ ਨੂੰ ਮੁੜ ਉਭਾਰਨ ਵਿੱਚ ਅਹਿਮ ਭੂਮਿਕਾ ਨਿਭਾਏਗਾ। ਉਨ੍ਹਾਂ ਕਿਹਾ ਕਿ ‘ਮਿਸ਼ਨ ਫ਼ਤਿਹ’ ਨੋਵਲ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਅਨੁਸ਼ਾਸਨ, ਸਹਿਯੋਗ ਅਤੇ ਦਇਆ ਦੇ ਦ੍ਰਿੜ ਸੰਕਲਪ ਵਜੋਂ ਉਭਰੇਗਾ। ਸ੍ਰੀ ਭੁੱਲਰ ਨੇ ਕਿਹਾ ਕਿ ‘ਮਿਸ਼ਨ ਫ਼ਤਿਹ’ ਤਹਿਤ ਦਿੱਤੇ ਜਾ ਰਹੇ ਸੁਨੇਹੇ ਦਾ ਪ੍ਰਚਾਰ ਕੀਤਾ ਜਾਵੇਗਾ ਜੋ ਹਰ ਔਖੀ ਘੜੀ ਨੂੰ ਜਿੱਤ ਵਿੱਚ ਬਦਲਣ ਲਈ ਪੰਜਾਬੀਆਂ ਦੀ ਚੜ੍ਹਦੀ ਕਲਾ ਦਾ ਪ੍ਰਤੀਬਿੰਬ ਹੈ ।
ਇਸ ਮੌਕੇ ਸ੍ਰੀ ਭੁੱਲਰ ਵਲੋਂ ਪੁਲਿਸ ਅਧਿਕਾਰੀਆਂ ਤੇ ਕਰਮੀਆਂ ਨੂੰ ‘ਮਿਸ਼ਨ ਫ਼ਤਿਹ’ ਨੂੰ ਸਫ਼ਲ ਬਣਾਉਣ ਦਾ ਸੱਦਾ ਦਿੰਦਿਆਂ ਕਿਹਾ ਕਿ ਇਸ ਮਿਸ਼ਨ ਦਾ ਮੁੱਖ ਮੰਤਵ ਕੋਵਿਡ-19 ਮਹਾਂਮਾਰੀ ਸਬੰਧੀ ਵੱਡੇ ਪੱਧਰ ’ਤੇ ਜਾਗਰੂਕਤਾ ਪੈਦਾ ਕਰਨਾ ਹੈ। ਉਨ੍ਹਾਂ ਕਿਹਾ ਕਿ ਜਨ ਜਾਗਰੂਕਤਾ ਮੁਹਿੰਮ ਤਹਿਤ ਵਾਇਰਸ ਦੇ ਖ਼ਤਰਿਆਂ ਨੂੰ ਪਹਿਚਾਨਣ ਵੱਲ ਖਾਸ ਤਵੱਜੋਂ ਦਿੱਤੀ ਜਾਵੇਗੀ ਜੋ ਕਿ ਲੋਕਾਂ ਦੀ ਜਾਨ ਲਈ ਵੱਡਾ ਖ਼ਤਰਾ ਬਣਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਮਿਸ਼ਨ ਫ਼ਤਿਹ ਰਾਜ ਅੰਦਰ ਸੁਖਾਵਾਂ ਮਾਹੌਲ ਪੈਦਾ ਕਰਕੇ ਲੋਕਾਂ ਨੂੰ ਇਸ ਵਿਸ਼ਵ ਪੱਧਰੀ ਬਿਮਾਰੀ ’ਤੇ ਜਿੱਤ ਪ੍ਰਾਪਤ ਕਰਨ ਦੇ ਯੋਗ ਬਣਾਏਗਾ। ਇਸ ਮੌਕੇ ਕਮਿਸ਼ਨਰ ਪੁਲਿਸ ਵਲੋਂ ਪੁਲਿਸ ਅਧਿਕਾਰੀਆਂ ਤੇ ਕਰਮੀਆਂ ਨੂੰ ਕੋਰੋਨਾ ਵਾਇਰਸ ਨੂੰ ਹਰਾਉਣ ਲਈ ਅਪਣੀ ਡਿਊਟੀ ਚੰਗੀ ਤਰ੍ਹਾਂ ਨਿਭਾਉਣ ਲਈ ਸਹੁੰ ਵੀ ਚੁਕਾਈ ਗਈ। ਇਸ ਮੌਕੇ ਡਿਪਟੀ ਕਮਿਸ਼ਨਰ ਪੁਲਿਸ ਡੀ ਸੁਧਰਵਿਜੀ, ਗੁਰਮੀਤ ਸਿੰਘ, ਅਰੁਣ ਸੈਣੀ ਅਤੇ ਨਰੇਸ਼ ਡੋਗਰਾ, ਵਧੀਕ ਡਿਪਟੀ ਕਮਿਸ਼ਨਰ ਪੁਲਿਸ ਵਤਸਲਾ ਗੁਪਤਾ, ਜਗਜੀਤ ਸਿੰਘ ਸਰੋਵਾ, ਗਗਨੇਸ਼ ਕੁਮਾਰ, ਹਰਪੀ੍ਰਤ ਸਿੰਘ ਅਤੇ ਅਸ਼ਵਨੀ ਕੁਮਾਰ, ਸਹਾਇਕ ਕਮਿਸ਼ਨਰ ਪੁਲਿਸ ਸਤਿੰਦਰ ਚੱਡਾ, ਬਿਮਲ ਕਾਂਤ, ਕੰਵਜੀਤ ਸਿੰਘ, ਬਰਜਿੰਦਰ ਸਿੰਘ ਅਤੇ ਹੋਰ ਵੀ ਹਾਜ਼ਰ ਸਨ।