Congress leaders burnt : ਜਲੰਧਰ : ਯੂ. ਪੀ. ਦੇ ਹਾਥਰਸ ‘ਚ ਅਨੁਸੂਚਿਤ ਜਾਤੀ ਵਰਗ ਦੀ ਨਾਬਾਲਿਗ ਕੁੜੀ ਨਾਲ ਕਥਿਤ ਤੌਰ ‘ਤੇ ਸਮੂਹਿਕ ਜ਼ਬਰ ਜਨਾਹ ਤੇ ਹੱਤਿਆ ਦੇ ਮਾਮਲੇ ‘ਚ ਇਨਸਾਫ ਦੀ ਮੰਗ ਨੂੰ ਲੈ ਕੇ ਕਾਂਗਰਸ ਨੇਤਾਵਾਂ ਨੇ ਕੰਪਨੀ ਬਾਗ ਚੌਕ ‘ਚ ਯੋਗੀ ਸਰਕਾਰ ਦਾ ਪੁਤਲਾ ਸਾੜਿਆ। ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ,ਵਿਧਾਇਕ ਰਾਜੇਂਦਰ ਬੇਰੀ, ਮੇਅਰ ਜਗਦੀਸ਼ ਰਾਜਾ, ਜਿਲ੍ਹਾ ਕਾਂਗਰਸ ਪ੍ਰਧਾਨ ਬਲਦੇਵ ਸਿੰਘ ਦੇਵ, ਮਹਿਲਾ ਕਾਂਗਰਸ ਪ੍ਰਧਾਨ ਡਾ. ਜਸਲੀਨ ਸੇਠੀ ਸਮੇਤ ਕਈ ਵੱਡੇ ਨੇਤਾ ਪ੍ਰਦਰਸ਼ਨ ‘ਚ ਸ਼ਾਮਲ ਹੋਏ। ਇਸ ਦੌਰਾਨ ਰਾਜੇਂਦਰ ਬੇਰੀ ਨੇ ਦੋਸ਼ ਲਗਾਇਆ ਕਿ ਉੱਤਰ ਪ੍ਰਦੇਸ਼ ‘ਚ ਅਰਾਜਕਤਾ ਵੱਧ ਗਈ ਹੈ।
ਉਨ੍ਹਾਂ ਕਿਹਾ ਕਿ ਪੀੜਤ ਪਰਿਵਾਰ ਨੂੰ ਇਨਸਾਫ ਲਈ ਜਦੋਂ ਕਾਂਗਰਸ ਦੇ ਸੀਨੀਅਰ ਨੇਤਾ ਰਾਹੁਲ ਗਾਂਧੀ, ਪ੍ਰਿਯੰਕਾ ਗਾਂਧੀ ਹਾਥਰਸ ਜਾ ਰਹੇ ਸਨ ਤਾਂ ਕੇਂਦਰ ਸਰਕਾਰ ਦੀ ਸ਼ਹਿ ‘ਤੇ ਧੱਕਾ-ਮੁੱਕੀ ਕੀਤੀ ਗਈ ਅਤੇ ਹਿਰਾਸਤ ‘ਚ ਲਿਆ ਗਿਆ। ਉਨ੍ਹਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਤੇ ਯੂ. ਪੀ. ਦੀ ਯੋਗੀ ਸਰਕਾਰ ਇਨਸਾਫ ਦੀ ਆਵਾਜ਼ ਨੂੰ ਦਬਾ ਨਹੀਂ ਸਕਦੀ। ਲੋਕਾਂ ‘ਚ ਜਿਸ ਤਰ੍ਹਾਂ ਤੋਂ ਰੋਸ ਵਧਦਾ ਜਾ ਰਿਹਾ ਹੈ ਤੈਅ ਹੈ ਕਿ ਭਾਜਪਾ ਦੀਆਂ ਸਰਕਾਰਾਂ ਨੂੰ ਜਲਦ ਹੀ ਉਖਾੜ ਸੁੱਟਣਗੇ। 14 ਸਤੰਬਰ ਨੂੰ 19 ਸਾਲਾ ਅਨੁਸੂਚਿਤ ਜਾਤੀ ਦੀ ਕੁੜੀ ‘ਤੇ ਉਸ ਸਮੇਂ ਜਾਨਲੇਵਾ ਹਮਲਾ ਹੋਇਆ ਸੀ ਜਦੋਂ ਉਹ ਮਾਂ ਨਾਲ ਖੇਤ ‘ਚ ਚਾਰਾ ਲੈਣ ਗਈ ਸੀ। ਇੱਕ ਨੌਜਵਾਨ ਨੇ ਜਾਨ ਤੋਂ ਮਾਰਨ ਦੀ ਨੀਅਤ ਨਾਲ ਗਲਾ ਦਬਾਇਆ ਸੀ। ਮਾਂ ਦੇ ਕਹਿਣ ‘ਤੇ ਪੁਲਿਸ ਨੇ ਪਿੰਡ ਦੇ ਹੀ ਸੰਦੀਪ ਖਿਲਾਫ ਜਾਨਲੇਵਾ ਹਮਲਾ ਤੇ SC/ST ਐਕਟ ਤਹਿਤ ਮੁਕੱਦਮਾ ਦਰਜ ਕੀਤਾ। ਦੋਸ਼ੀ ਨੂੰ ਦੂਜੇ ਦਿਨ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਦਿੱਤਾ। ਲੜਕੀ ਦੀ ਗਰਦਨ ‘ਚ ਸੱਟ ਸੀ। ਸਾਹ ਲੈਣ ‘ਚ ਪ੍ਰੇਸ਼ਾਨੀ ਹੋ ਰਹੀ ਸੀ। ਇਸ ਕਾਰਨ ਅਲੀਗੜ੍ਹ ਦੇ ਜਵਾਹਰ ਲਾਲ ਨਹਿਰੂ ਮੈਡੀਕਲ ਕਾਲਜ ‘ਚ ਭਰਤੀ ਕਰਾਇਆ ਗਿਆ।
22 ਸਤੰਬਰ ਨੂੰ ਪੀੜਤਾ ਦੇ ਬਿਆਨ ਦੇ ਆਧਾਰ ‘ਤੇ ਪੁਲਿਸ ਨੇ ਸਮੂਹਿਕ ਜਬਰ ਜਨਾਹ ਦੀਆਂ ਧਾਰਾਵਾਂ ਵਧਾਉਂਦੇ ਹੋਏ ਪਿੰਡ ਦੇ ਹੀ ਲਵਕੁਸ਼, ਰਵੀ ਤੇ ਰਾਮੂ ਨੂੰ ਵੀ ਨਾਮਜ਼ਦ ਕੀਤਾ। ਇਨ੍ਹਾਂ ਤਿੰਨਾਂ ਨੂੰ ਜੇਲ੍ਹ ਭੇਜ ਦਿੱਤਾ। ਘਟਨਾ ਵਾਲੇ ਦਿਨ ਤੋਂ ਹੀ ਕੁੜੀ ਮੈਡੀਕਲ ਕਾਲਜ ‘ਚ ਭਰਤੀ ਸੀ। ਹਾਲਤ ‘ਚ ਸੁਧਾਰ ਨਾ ਹੋਣ ‘ਤੇ ਸੋਮਵਾਰ ਸਵੇਰੇ 10 ਵਜੇ ਲਾਈਫ ਸਪੋਰਟ ਐਂਬੂਲੈਂਸ ਤੋਂ ਦਿੱਲੀ ਦੇ ਸਫਦਰਜੰਗ ਹਸਪਤਾਲ ਰੈਫਰ ਕੀਤਾ ਗਿਆ ਜਿਥੇ ਮੰਗਲਵਾਰ ਸਵੇਰੇ ਉਸ ਦੀ ਮੌਤ ਹੋ ਗਈ।