Farmers refrain from : ਹੁਸ਼ਿਆਰਪੁਰ : ਪੰਜਾਬ ‘ਚ ਕਿਸਾਨਾਂ ਵੱਲੋਂ ਖੇਤਾਂ ‘ਚ ਪਰਾਲੀ ਸਾੜਨ ਦੀ ਸਮੱਸਿਆ ਤੋਂ ਨਿਜਾਤ ਨਹੀਂ ਮਿਲ ਰਹੀ ਹੈ। ਇਸ ਨੂੰ ਕਾਬੂ ਕਰਨ ਲਈ ਪਰਾਲੀ ਤੋਂ ਬਿਜਲੀ ਬਣਾਉਣ ਲਈ ਪਾਵਰ ਪਲਾਂਟ ਲਗਾਏ ਗਏ। 11 ਸਾਲ ਪਹਿਲਾਂ ਹੁਸ਼ਿਆਰਪੁਰ ਜਿਲ੍ਹੇ ਦੇ ਪਿੰਡ ਬਿੰਜੋ ‘ਚ 6 ਮੈਗਾਵਾਟ ਸਮਰੱਥਾ ਦਾ ਪਰਾਲੀ ਨਾਲ ਚੱਲਣ ਵਾਲਾ ਪਾਵਰ ਪਲਾਂਟ ਲਗਾਇਆ ਗਿਆ। ਇਸ ਤੋਂ ਬਾਅਦ ਵੀ ਖੇਤਰ ‘ਚ ਪਰਾਲੀ ਦੀ ਸਮੱਸਿਆ ਤੋਂ ਛੁਟਕਾਰਾ ਨਹੀਂ ਮਲਿਆ। ਇਸ ਦਾ ਕਾਰਨ ਇਹ ਹੈ ਕਿ ਕਿਸਾਨਾਂ ਨੂੰ ਪਰਾਲੀ ਵੇਚ ਕੇ ਕੋਈ ਖਾਸ ਮੁਨਾਫਾ ਨਹੀਂ ਹੋ ਰਿਹਾ। ਇਸ ਕਾਰਨ ਹੁਣ ਕਿਸਾਨ ਪਾਵਰ ਪਲਾਂਟ ਨੂੰ ਪਰਾਲੀ ਵੇਚਣ ਤੋਂ ਕਿਨਾਰਾ ਕਰਨ ਲੱਗੇ ਹਨ।। ਇੱਕ ਏਕੜ ਜ਼ਮੀਨ ‘ਚ 15 ਤੋਂ 20 ਕੁਇੰਟਲ ਪਰਾਲੀ ਇਕੱਠੀ ਹੋ ਜਾਂਦੀ ਹੈ ਜਦੋਂ ਕਿ ਇੰਨੀ ਜ਼ਮੀਨ ‘ਚ ਪਰਾਲੀ ਦੇ ਗੱਟੇ ਬਣਾਉਣ ‘ਤੇ 1500 ਰੁਪਏ ਦਾ ਖਰਚ ਆਉਂਦਾ ਹੈ। ਟਰਾਂਸਪੋਰਟ ਦਾ ਖਰਚ ਪਾ ਕੇ 3000 ਤੱਕ ਖਰਚ ਪਹੁੰਚ ਜਾਂਦਾ ਹੈ ਤੇ ਕਿਸਾਨਾਂ ਨੂੰ ਇਸ ਦੇ ਬਦਲੇ ਸਿਰਫ 3000 ਰੁਪਏ ਹੀ ਮਿਲਦੇ ਹਨ ਮਤਲਬ ਮੁਨਾਫਾ ਨਾ ਦੇ ਬਰਾਬਰ ਹੈ।
ਪਿੰਡ ਪਚਨੰਗਲ ਦੇ ਕਿਸਾਨ ਸੰਜੀਵ ਨੇ ਕਿਹਾ ਕਿ ਇਸ ਪਾਵਰ ਪਲਾਂਟ ਕਾਰਨ ਪਰਾਲੀ ਖੇਤ ‘ਚ ਸਾੜਨ ਦੀਆਂ ਘਟਨਾਵਾਂ ‘ਚ ਕਮੀ ਜ਼ਰੂਰ ਆਈ ਹੈ ਪਰ ਮੁਨਾਫਾ ਨਹੀਂ ਹੋਇਆ। ਪਰਾਲੀ ਚੁਕਣ ਦੀ ਵਿਵਸਥਾ ਪਲਾਂਟ ਦੀ ਹੋਣੀ ਚਾਹੀਦੀ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਅਜਿਹੇ ਕਿਸਾਨਾਂ ਦੀ ਸਹਾਇਤਾ ਕਰੇ। ਪਲਾਂਟ ਸੰਚਾਲਕਾਂ ਦਾ ਕਹਿਣਾ ਹੈ ਕਿ ਪਲਾਂਟ ਦੀ ਬਿਜਲੀ ਪਾਵਰਕਾਮ 7 ਰੁਪਏ ਪ੍ਰਤੀ ਯੂਨਿਟ ਦੀ ਦਰ ‘ਤੇ ਖਰੀਦਦਾ ਹੈ ਜਦੋਂ ਕਿ ਇਸ ‘ਤੇ ਪ੍ਰਤੀ ਯੂਨਿਟ ਇੰਨਾ ਹੀ ਖਰਚ ਆ ਜਾਂਦਾ ਹੈ। ਇਸ ਲਈ ਸਰਕਾਰ ਨੂੰ ਸਬਸਿਡੀ ਦੇਣੀ ਚਾਹੀਦੀ ਹੈ। ਇਹ ਪਲਾਂਟ ਮੁੰਬਈ ਦੇ ਉਦਮੀਆਂ ਕਮਲੇਸ਼ ਤੇ ਗੋਮਾਨੀ ਨੇ ਸਾਲ 2009 ‘ਚ ਲਗਵਾਇਆ ਸੀ। 6 ਮੈਗਾਵਾਟ ਸਮਰੱਥਾ ਵਾਲੇ ਪਲਾਂਟ ‘ਚ ਹੁਣ 135 ਮੁਲਾਜ਼ਮ ਕੰਮ ਕਰਦੇ ਹਨ। ਇਥੇ ਪਰਾਲੀ ਦੇ ਨਾਲ-ਨਾਲ ਗੰਨੇ ਦਾ ਵੇਸਟ, ਕਣਕ ਦੀ ਤੂੜੀ, ਸਫੇਦਾ, ਪਾਰਲਰ ਦੀ ਵੇਸਟ, ਲੱਕੜੀ ਤੇ ਸਰ੍ਹੋਂ ਦੇ ਸੁੱਖੇ ਡੰਡਲ ਸਾੜ ਕੇ ਬਿਜਲੀ ਤਿਆਰ ਕੀਤੀ ਜਾਂਦੀ ਹੈ।
ਪਲਾਂਟ ‘ਚ ਹੁਸ਼ਿਆਰਪੁਰ, ਕਪੂਰਥਲਾ, ਲੁਧਿਆਣਾ, ਨਵਾਂਸ਼ਹਿਰ ਤੇ ਜਲੰਧਰ ਦੇ ਕਿਸਾਨ ਆਪਣੀਆਂ ਫਸਲਾਂ ਦੀ ਰਹਿੰਦ-ਖੂੰਹਦ ਵੇਚਣ ਆਉਂਦੇ ਹਨ। ਪਰਾਲੀ ਪ੍ਰਤੀ ਕੁਇੰਟਲ 135 ਰੁਪਏ, ਗੰਨੇ ਦਾ ਵੇਸਟ 150 ਰੁਪੇ, ਕਣਕ ਦੀ ਤੂੜੀ, 200 ਰੁਪਏ ਪ੍ਰਤੀ ਕੁਇੰਟਲ ਦੇ ਰੇਟ ਨਾਲ ਖਰੀਦੀ ਜਾਂਦੀ ਹੈ। ਪਲਾਂਟ ‘ਚ ਰੋਜ਼ਾਨਾ 80 ਤੋਂ 90 ਟਨ ਪਰਾਲੀ ਦੀ ਖਪਤ ਕਰਨ ਦੀ ਸਮਰੱਥਾ ਹੈ। ਵਾਤਾਵਰਣ ਪ੍ਰੇਮੀ ਵਿਜੇ ਬੰਬੇਲੀ ਨੇ ਕਿਹਾ ਕਿ ਫਸਲਾਂ ਦੀ ਰਹਿੰਦ-ਖੂੰਹਦ ਨਾਲ ਬਿਜਲੀ ਪੈਦਾ ਕਰਨ ਲਈ 60 ਕਿਲੋਮੀਟਰ ਦੀ ਦੂਰੀ ‘ਤੇ ਅਜਿਹੇ ਪ੍ਰਾਜੈਕਟ ਲਗਾਉਣੇ ਚਾਹੀਦੇ ਹਨ ਤਾਂ ਜੋ ਕਿਸਾਨਾਂ ਦੀ ਟਰਾਂਸਪੋਰਟ ਦਾ ਖਰਚ ਘੱਟ ਹੋ ਸਕੇ।