Garhshankar youth accident: ਗੜ੍ਹਸ਼ੰਕਰ ਦੇ ਬੰਗਾ ਰੋਡ ਸਥਿਤ ਪਿੰਡ ਚੋਹੜਾ ਲਾਗੇ ਸਥਿਤ ਦਸਮੇਸ਼ ਫਿਲਿੰਗ ਸਟੇਸ਼ਨ ਤੇ ਖੜ੍ਹੀ ਕੰਬਾਈਨ ਹੇਠਾਂ ਆਉਣ ਨਾਲ ਬੀਤੀ ਰਾਤ ਇਕ ਨੌਜਵਾਨ ਦੀ ਮੌਤ ਹੋਣ ਦੀ ਖ਼ਬਰ ਹੈ। ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਜਸਵਿੰਦਰ ਸਿੰਘ ਡਘਾਮ ਨੇ ਦੱਸਿਆ ਕਿ ਕੰਮ ਤੋਂ ਆਉਣ ਤੋਂ ਬਾਅਦ ਪੈਟਰੋਲ ਪੰਪ ਤੇ ਕੰਬਾਈਨ ਖੜੀ ਕਰਕੇ ਸੰਦੀਪ ਸਿੰਘ ਅਤੇ ਮਲਕੀਤ ਸਿੰਘ ਰਾਤ ਨੂੰ ਕੰਬਾਈਨ ਦੇ ਅੱਗੇ ਬੈਠ ਕੇ ਖਾਣਾ ਖਾਣ ਲੱਗ ਪਏ।
ਇਸ ਦੌਰਾਨ ਮਲਕੀਤ ਸਿੰਘ ਕੰਬਾਈਨ ਤੇ ਚੜ੍ਹ ਗਿਆ ਤਾਂ ਪਤਾ ਨਹੀਂ ਕੀ ਹੋਇਆ ਕਿ ਕੰਬਾਇਨ ਇਕ ਦਮ ਚੱਲ ਪਈ। ਇਸ ਦੇ ਅੱਗੇ ਬੈਠਾ ਸੰਦੀਪ ਸਿੰਘ (27) ਪੁੱਤਰ ਦਰਸ਼ਨ ਸਿੰਘ ਵਾਸੀ ਸੋਢੋਂ ਜਿਲ੍ਹਾ ਜਲੰਧਰ ਕੰਬਾਈਨ ਦੇ ਹੇਠਾਂ ਆ ਗਿਆ ਜਿਸ ਦੀ ਮੌਕੇ ਤੇ ਮੌਤ ਹੋ ਗਈ। ਮਲਕੀਤ ਸਿੰਘ ਬੱਗਾ ਪੁੱਤਰ ਭਜਨ ਸਿੰਘ ਵਾਸੀ ਪਟਿਆਲਾ ਮੌਕੇ ਤੋਂ ਫਰਾਰ ਹੋ ਗਿਆ। ਸੰਦੀਪ ਸਿੰਘ ਦੀ ਮ੍ਰਿਤਕ ਦੇਹ ਸਰਕਾਰੀ ਹਸਪਤਾਲ ਗੜ੍ਹਸ਼ੰਕਰ ਵਿਖੇ ਰੱਖੀ ਗਈ ਹੈ।
ਪੁਲਿਸ ਸਟੇਸ਼ਨ ਗੜਸ਼ੰਕਰ ਵਿਖੇ ਇਕੱਤਰ ਹੋਏ ਸੰਦੀਪ ਸਿੰਘ ਦੇ ਪਿਤਾ ਦਰਸ਼ਨ ਸਿੰਘ ਸਮੇਤ ਪਰਿਵਾਰਿਕ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਸੰਦੀਪ ਸਿੰਘ ਦਾ ਕਤਲ ਹੋਣ ਦਾ ਦੋਸ਼ ਲਗਾਇਆ ਹੈ। ਉਨ੍ਹਾਂ ਕਿਹਾ ਕਿ ਸੰਦੀਪ ਸਿੰਘ ਦੇ ਸਿਰ ਵਿੱਚ ਸੱਟਾਂ ਮਾਰ ਕੇ ਉਸ ਦਾ ਕਤਲ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਸੰਦੀਪ ਦੀਆਂ ਤਿੰਨ ਛੋਟੀਆਂ-ਛੋਟੀਆਂ ਬੇਟੀਆਂ ਹਨ ਅਤੇ ਉਹ ਮਿਹਨਤ-ਮਜ਼ਦੂਰੀ ਕਰਕੇ ਪਰਿਵਾਰ ਦਾ ਪੇਟ ਭਰਦਾ ਸੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਗੜ੍ਹਸ਼ੰਕਰ ਇਕਬਾਲ ਸਿੰਘ ਨੇ ਦੱਸਿਆ ਕਿ ਰਾਤ ਨੂੰ ਦੋਵੇਂ ਡਰਾਈਵਰ ਇਕੱਠੇ ਸਨ ਅਤੇ ਉਨ੍ਹਾਂ ਇਕੱਠਿਆਂ ਹੀ ਰੋਟੀ ਖਾਧੀ। ਮਲਕੀਤ ਸਿੰਘ ਬੱਗਾ ਪੁੱਤਰ ਭਜਨ ਸਿੰਘ ਕੰਬਾਈਨ ਤੇ ਚੜ੍ਹ ਗਿਆ ਅਤੇ ਉਸ ਤੋਂ ਕੰਬਾਈਨ ਬੇਕਾਬੂ ਹੋ ਗਈ। ਇਸ ਦੌਰਾਨ ਸੰਦੀਪ ਸਿੰਘ ਕੰਬਾਈਨ ਦੇ ਥੱਲੇ ਆ ਗਿਆ। ਉਸ ਨੂੰ 108 ਐਂਬੂਲੈਂਸ ਵਿਚ ਪਾ ਕੇ ਸਰਕਾਰੀ ਹਸਪਤਾਲ ਗੜ੍ਹਸ਼ੰਕਰ ਲਿਆਂਦਾ ਗਿਆ ਜਿੱਥੇ ਰਸਤੇ ਵਿੱਚ ਉਸਦੀ ਮੌਤ ਹੋ ਗਈ।ਉਨ੍ਹਾਂ ਕਿਹਾ ਕਿ ਲੜਾਈ ਝਗੜੇ ਵਾਲੀ ਕੋਈ ਗੱਲ ਨਹੀਂ ਲੱਗਦੀ। ਬਾਕੀ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਕੁਝ ਕਿਹਾ ਜਾ ਸਕਦਾ ਹੈ।