Mission Fateh: ਜਲੰਧਰ 20 ਜੂਨ 2020: ਐਸ.ਐਸ.ਪੀ.ਜਲੰਧਰ (ਦਿਹਾਤੀ) ਸ੍ਰੀ ਨਵਜੋਤ ਸਿੰਘ ਮਾਹਲ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵਲੋਂ ਸ਼ੁਰੂ ਕੀਤਾ ਗਿਆ ‘ਮਿਸ਼ਨ ਫ਼ਤਿਹ’ ਸੂਬੇ ਨੂੰ ਪੂਰਨ ਤੌਰ ’ਤੇ ਕੋਰੋਨਾ ਵਾਇਰਸ ਮੁਕਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਏਗਾ। ਐਸ.ਐਸ.ਪੀ.ਵਲੋਂ ਜਿਲ਼੍ਹੇ ਦੇ ਬਲਾਕ ਆਦਮਪੁਰ ਵਿਖੇ ਜਾਗਰੂਕਤਾ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਕਿਹਾ ਕਿ ‘ਮਿਸ਼ਨ ਫ਼ਤਿਹ’ ਤਹਿਤ ਕੋਵਿਡ-19 ਮਹਾਂਮਾਰੀ ਦੌਰਾਨ ਸੂਬੇ ਨੂੰ ਮੁੜ ਲੀਹਾਂ ’ਤੇ ਲਿਆਉਣ ਵੱਲ ਵਿਸ਼ੇਸ਼ ਤਵੱਜੋਂ ਦਿੱਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ‘ਮਿਸ਼ਨ ਫ਼ਤਿਹ’ ਤਹਿਤ ਵੱਖ-ਵੱਖ ਵਿਭਾਗਾਂ ਵਲੋਂ ਲੋਕਾਂ ਨੂੰ ਕੋਰੋਨਾ ਵਾਇਰਸ ਮਹਾਂਮਾਰੀ ਤੋਂ ਬਚਾਅ ਲਈ ਅਪਣਾਈਆਂ ਜਾਣ ਵਾਲੀਆਂ ਸਾਵਧਾਨੀਆਂ ਬਾਰੇ ਜਾਣੂੰ ਕਰਵਾਉਣ ਲਈ ਜਾਗਰੂਕਤਾ ਅਭਿਆਨ ਸ਼ੁਰੂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਕੋਰੋਨਾ ਵਾਇਰਸ ਦਾ ਪ੍ਰਭਾਵਸ਼ਾਲੀ ਢੰਗ ਨਾਲ ਟਾਕਰਾ ਕਰਨ ਲਈ ਅਪਣਾਏ ਜਾਣ ਵਾਲੇ ਉਪਰਾਲਿਆਂ ਬਾਰੇ ਦੱਸਣ ਵੱਲ ਧਿਆਨ ਦਿੱਤਾ ਜਾ ਰਿਹਾ ਹੈ। ਐਸ.ਐਸ.ਪੀ.ਨੇ ਦੱਸਿਆ ਕਿ ਇਹ ਕੋਵਿਡ-19 ਮਹਾਂਮਾਰੀ ਬਾਰੇ ਜਾਗਰੂਕਤਾ ਫੈਲਾਉਣਾ ਇਸ ਦਾ ਮੁੱਢਲਾ ਉਦੇਸ਼ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਖਿਲਾਫ਼ ਲੜਾਈ ਨੂੰ ਮੋਹਰਲੀਆਂ ਕਤਾਰਾਂ ਦੇ ਵਰਕਰਾਂ ਤੋਂ ਅੱਗੇ ਵਧਾਉਂਦਿਆਂ ਇਸ ਨੂੰ ਜਨਤਕ ਲਹਿਰ ਵਿੱਚ ਤਬਦੀਲ ਕਰਨਾ ਹੈ। ਉਨ੍ਹਾਂ ਕਿਹਾ ਕਿ ਜਾਗਰੂਕਤਾ ਅਭਿਆਨ ਦੌਰਾਨ ਵਾਇਰਸ ਦੇ ਖ਼ਤਰਿਆਂ ਦੀ ਪਹਿਚਾਣ ਕਰਨ ਵੱਲ ਵਿਸ਼ੇਸ਼ ਤਵੱਜੋਂ ਦਿੱਤੀ ਜਾ ਰਹੀ ਹੈ ਜੋ ਕਿ ਮਨੁੱਖੀ ਜਿੰਦਗੀ ਲਈ ਵੱਡਾ ਖ਼ਤਰਾ ਬਣਿਆ ਹੋਇਆ ਹੈ।
ਐਸ.ਐਸ.ਪੀ.ਨੇ ਕਿਹਾ ਕਿ ‘ਮਿਸ਼ਨ ਫ਼ਤਿਹ’ ਹਰ ਔਖੀ ਘੜੀ ਵਿੱਚ ਪੰਜਾਬੀਆਂ ਹਰ ਔਖੀ ਘੜੀ ਵਿੱਚ ਜਿੱਤ ਹਾਸਿਲ ਕਰਨ ਲਈ ਚੜ੍ਹਦੀ ਕਲਾ ਦਾ ਪ੍ਰਤੀਬਿੰਬ ਹੈ । ਉਨ੍ਹਾਂ ਕਿਹਾ ਕਿ ‘ਮਿਸ਼ਨ ਫ਼ਤਿਹ’ ਨੋਵਲ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਅਨੁਸ਼ਾਸਨ, ਸਹਿਯੋਗ ਅਤੇ ਦਇਆ ਦੇ ਦ੍ਰਿੜ ਸੰਕਲਪ ਵਜੋਂ ਉਭਰੇਗਾ। ਸ੍ਰੀ ਮਾਹਲ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਵਲੋਂ ਇਸ ਮਿਸ਼ਨ ਰਾਹੀਂ ਸੁਰੱਖਿਆ ਨਿਯਮਾਂ ਨੂੰ ਅਪਣਾਉਣ , ਲਾਕਡਾਊਨ ਦੌਰਾਨ ਪਾਬੰਦੀਆਂ ਦੀ ਪਾਲਣਾ ਕਰਕੇ ਸੂਬਾ ਸਰਕਾਰ ਨਾਲ ਸਹਿਯੋਗ ਕਰਨ ਤੇ ਲੋੜਵੰਦ ਲੋਕਾਂ ਪ੍ਰਤੀ ਦਇਆ ਭਾਵਨਾ ਅਪਣਾਉਣ ’ਤੇ ਦੀ ਲੋੜ ’ਤੇ ਜ਼ੋਰ ਦਿੱਤਾ ਗਿਆ ਹੈ। ਇਸੇ ਤਰ੍ਹਾਂ ਐਸ.ਪੀ. ਸ੍ਰੀ ਆਰ.ਪੀ.ਐਸ.ਸੰਧੂ ਅਤੇ ਸਰਬਜੀਤ ਸਿੰਘ ਬਾਹੀਆ, ਡੀ.ਐਸ.ਪੀ. ਜਸਪ੍ਰੀਤ ਸਿੰਘ ਅਤੇ ਹੋਰਨਾਂ ਵਲੋਂ ਵੀ ਜ਼ਿਲ੍ਹੇ ਦੇ ਵੱਖ ਵੱਖ ਹਿੱਸਿਆਂ ਵਿੱਚ ਜਨ ਜਾਗਰੂਕਤਾ ਅਭਿਆਨ ਚਲਾਇਆ ਗਿਆ।