Police officers will be answerable : ਜਲੰਧਰ : ਪੁਲਿਸ ਕਮਿਸ਼ਨਰ ਸ਼੍ਰੀ ਗੁਰਪ੍ਰੀਤ ਸਿੰਘ ਭੁੱਲਰ ਨੇ ਪੁਲਿਸ ਅਧਿਕਾਰੀਆਂ ਨੂੰ ਆਪਣੇ-ਆਪਣੇ ਅਧਿਕਾਰ ਖੇਤਰ ਵਿਚ ਜੁਰਮਾਂ ਨੂੰ ਰੋਕਣ ਲਈ ਸਖਤ ਕਾਰਵਾਈ ਕਰਨ ਦੇ ਹੁਕਮ ਦਿੱਤੇ ਹਨ। ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਕਿਸੇ ਵੀ ਜੁਰਮ ਲਈ ਉਨ੍ਹਾਂ ਦੀ ਜਵਾਬਦੇਹੀ ਤੈਅ ਕੀਤੀ ਜਾਵੇਗੀ। ਪੁਲਿਸ ਕਮਿਸ਼ਰਨ ਨੇ ਕਮਿਸ਼ਨਰੇਟ ਪੁਲਿਸ ਦੇ ਵਧੀਕ ਡਿਪਟੀ ਕਮਿਸ਼ਨਰ ਪੁਲਿਸ ਅਤੇ ਸਹਾਇਕ ਕਮਿਸ਼ਨਰ ਪੁਲਿਸ, ਐਸਐਚਓ ਨਾਲ ਪੁਲਿਸ ਲਾਈਨ ਵਿਖੇ ਮੀਟਿੰਗ ਦੌਰਾਨ ਸਾਰਿਆਂ ਨੂੰ ਸਖਤ ਹਿਦਾਇਤਾਂ ਜਾਰੀ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਅਧਿਕਾਰ ਖੇਤਰ ਵਿਚ ਆਉਂਦਾ ਇਲਾਕਾ ਅਪਰਾਧ ਮੁਕਤ ਹੋਣਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ 24 ਘੰਟੇ ਇਲਾਕੇ ਦੀ ਸੁਰੱਖਿਆ ’ਤੇ ਚੌਕਸੀ ਰਖਣੀ ਚਾਹੀਦੀ ਹੈ।
ਉਨ੍ਹਾਂ ਪੁਲਿਸ ਅਫਸਰਾਂ ਨੂੰ ਕਿਹਾ ਕਿ ਆਪਣੇ-ਆਪਣੇ ਅਧਿਕਾਰ ਖੇਤਰ ਵਿਚ ਸੁਚਾਰੂ ਢੰਗ ਅਤੇ ਡੂੰਘਾਈ ਨਾਲ ਦੌਰਿਆਂ ਨੂੰ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਸ਼ੁਰੂ ਕੀਤੇ ਗਏ ’ਮਿਸ਼ਨ ਫਤਿਹ’ ਅਧੀਨ ਜਿਥੇ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਉਪਰਾਲੇ ਕੀਤੇ ਜਾ ਰਹੇ ਹਨ, ਉਥੇ ਹੀ ਅਪਰਾਧਾਂ ਨੂੰ ਵੀ ਠੱਲ੍ਹ ਪਾਈ ਜਾ ਰਹੀ ਹੈ। ਪੁਲਿਸ ਕਮਿਸ਼ਨਰ ਨੇ ਕਿਹਾ ਕਿ ਹਰ ਪੁਲਿਸ ਅਫਸਰ ਨੂੰ ਅਪਰਾਧੀਆਂ ਸੰਬੰਦੀ ਜਾਣਕਾਰੀ ਜਿਵੇਂਕਿ ਉਹ ਜੇਲ੍ਹ ਵਿਚ ਹਨ ਜਾਂ ਪੈਰੋਲ ’ਤੇ ਜਾਂ ਜ਼ਮਾਨਤ ’ਤੇ ਹਨ, ਇਹ ਚੰਗੀ ਤਰ੍ਹਾਂ ਪਤਾ ਹੋਣੀ ਚਾਹੀਦੀ ਹੈ।
ਉਨ੍ਹਾਂ ਪੁਲਿਸ ਅਫਸਰਾਂ ਨੂੰ ਇਹ ਵੀ ਹੁਕਮ ਦਿੱਤਾ ਕਿ ਦੋਸ਼ੀਆਂ/ ਜੁਰਮ ਕਰਨ ਦੇ ਆਦੀ ਲੋਕਾਂ ਦੀ ਹਰ ਗਤੀਵਿਧੀ ਨੂੰ ਰੋਕਣ ਲਈ ਹਰ ਸੰਭਵ ਉਪਰਾਲੇ ਕੀਤੇ ਜਾਣ ਅਤੇ ਉਨ੍ਹਾਂ ਖਿਲਾਫ ਸਕਤ ਕਾਨੂੰਨੀ ਕਾਰਵਾਈ ਨੂੰ ਯਕੀਨੀ ਬਣਾਇਆ ਜਾਵੇ। ਉਨ੍ਹਾਂ ਸਾਰੇ ਜੀਓ ਰੈਂਕ ਦੇ ਪੁਲਿਸ ਅਫਸਰਾਂ ਨੂੰ ਹਿਦਾਇਤ ਕੀਤੀ ਕਿ ਦੋਸ਼ੀਆਂ ਖਿਲਾਫ ਕੀਤੀ ਗਈ ਕਾਰਵਾਈ ਸਬੰਧੀ ਰੋਜ਼ਾਨਾ ਸ਼ਾਮ ਨੂੰ ਰਿਪੋਰਟ ਭੇਜੀ ਜਾਵੇ ਅਤੇ ਆਪਣੇ-ਆਪਣੇ ਅਧਿਕਾਰੀ ਖੇਤਰ ਵਿਚ ਲੋਕਾਂ ਦੀ ਵਿਸ਼ਵਾਸ ਬਹਾਲੀ ਲਈ ਨਿਯਮਿਤ ਤੌਰ ’ਤੇ ਦੌਰਿਆਂ ਲਈ ਸੰਜੀਦਾ ਉਪਰਾਲੇ ਕੀਤੇ ਜਾਣ।