Street vendors in Jalandhar : ਜਲੰਧਰ ਵਿਚ ਸੜਕ ਕੰਢੇ ਰੇਹੜੀ- ਫੜੀ ਲਗਾਉਣ ਵਾਲਿਆਂ ਲਈ ਪ੍ਰਧਾਨ ਮੰਤਰੀ ਸਟ੍ਰੀਟ ਵੈਂਡਰਸ ਆਤਮਨਿਰਭਰ ਨਿਧੀ ਅਧੀਨ ਲੋਨ ਦੀ ਸਹੂਲਤ ਸ਼ੁਰੂ ਕੀਤੀ ਗਈ ਹੈ ਜਿਸ ਅਧੀਨ 10 ਹਜ਼ਾਰ ਤੱਕ ਦਾ ਲੋਨ ਬਿਨਾਂ ਕਿਸੇ ਗਾਰੰਟੀ ਦੇ ਦਿੱਤਾ ਜਾਵੇਗਾ, ਜਿਸ ਨੂੰ ਪੰਜ ਸਾਲਾਂ ਵਿਚ ਬਹੁਤ ਹੀ ਆਸਾਨ ਕਿਸ਼ਤਾਂ ਨਾਲ ਜੋਕਿ ਪ੍ਰਤੀ ਮਹੀਨਾ 200 ਰੁਪਏ ’ਤੇ ਵਾਪਿਸ ਕਰਨਾ ਹੋਵੇਗਾ। ਇਸ ਦੇ ਨਾਲ ਹੀ ਜੇਕਰ ਸਮੇਂ ’ਤੇ ਲੋਨ ਵਾਪਿਸ ਕੀਤਾ ਜਾਵੇਗਾ ਤਾਂ ਉਸ ’ਤੇ ਸੱਤ ਫੀਸਦੀ ਵਿਾਜ ਸਬਸਿਡੀ ਵੀ ਮਿਲੇਗੀ। ਜੇਕਰ ਇਹ ਲੋਨ ਡਿਜੀਟਲ ਤਰੀਕੇ ਨਾਲ ਵਾਪਿਸ ਕੀਤਾ ਜਾਂਦਾ ਹੈ ਤਾਂ ਸਾਲ ਵਿਚ 1200 ਰੁਪਏ ਕੈਸ਼ ਬੈਕ ਵੀ ਮਿਲੇਗਾ ਅਤੇ ਨਾਲ ਹੀ ਅਗਲੀ ਵਾਰ ਉਹ ਹੋਰ ਵੀ ਵੱਧ ਲੋਨ ਲੈ ਸਕਣਗੇ।
ਇਸ ਬਾਰੇ ਜਾਣਕਾਰੀ ਦਿੰਦਿਆਂ ਮੇਅਰ ਜਗਦੀਸ਼ ਰਾਜਾ ਨੇ ਦੱਸਿਆ ਕਿ ਇਸ ਸਕੀਮ ਅਧੀਨ ਸ਼ਹਿਰ ਵਿਚ ਲਗਭਗ 15 ਹਜ਼ਾਰ ਤੋਂ ਵੱਧ ਰੇਹੜੀ-ਫੜੀ ਵਾਲਿਆਂ ਨੂੰ ਲੋਨ ਦੀ ਸਹੂਲਤ ਮਿਲ ਸਕੇਗੀ। ਇਸ ਦੇ ਲਈ ਕੇਂਦਰ, ਪੰਜਾਬ ਅਤੇ ਨਿਗਮ ਦੀ ਸਾਂਝੀ ਕਰਜ਼ਾ ਯੋਜਨਾ ਦੇ ਫਾਰਮ ਨਿਗਮ ਦਫਤਰ ਵਿਚ ਮਿਲਣਗੇ। ਉਨ੍ਹਾਂ ਦੱਸਿਆ ਕਿ ਜੁਆਇੰਟ ਕਮਿਸ਼ਨਰ ਇਨਾਇਤ ਅਤੇ ਤਹਿਬਾਜ਼ਾਰੀ ਇੰਚਾਰਜ ਇਸ ਪ੍ਰਾਜੈਕਟ ਦੀ ਨਿਗਰਾਨੀ ਕਰਨਗੇ। ਉਨ੍ਹਾਂ ਸਾਰਿਆਂ ਵੈਂਡਰਸ ਨੂੰ ਇਹ ਲੋਨ ਦੀ ਸਹੂਲਤ ਮਿਲ ਸਕੇਗੀ, ਜਿਨ੍ਹਾਂ ਦੇ ਕਾਰਡ ਨਿਗਮ ਵੱਲੋਂ ਬਣੇ ਹੋਣਗੇ।
ਉਨ੍ਹਾਂ ਦੱਸਿਆ ਕਿ ਨਿਗਮ ਵੱਲੋਂ ਕਾਫੀ ਸਟ੍ਰੀਟ ਵੈਂਡਰਸ ਨੂੰ ਕਾਰਡ ਦਿੱਤੇ ਗਏ ਹਨ ਅਤੇ ਹੋਰਨਾਂ ਨੂੰ ਵੀ ਕਾਰਡ ਲੈਣ ਲਈ ਬੁਲਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਕੇੰਦਰ ਸਰਕਾਰ ਵੱਲੋਂ ਲੌਕਡਾਊਨ ਦੇ ਚੱਲਦਿਆਂ ਗਰੀਬ ਪਰਿਵਾਰਾਂ ਲਈ ਕਈ ਯੋਜਨਾਵਾਂ ਸ਼ੁਰੂ ਕੀਤੀਆਂ ਗਈਆਂ ਹਨ। ਇਸ ਅਧੀਨ ਉਨ੍ਹਾਂ ਨੂੰ ਆਟਾ-ਦਾਲ ਵੀ ਮੁਹੱਈਆ ਕਰਵਾਈ ਜਾ ਰਹੀ ਹੈ। ਇਹੀ ਨਹੀਂ ਇੰਡਸਟਰੀ ਲਈ ਵੀ ਕਈ ਯੋਜਨਾਵਾਂ ਸ਼ੁਰੂ ਕੀਤੀਆਂ ਗੀਆਂ ਹਨ, ਜਿਸ ਅਧੀਨ ਉਨ੍ਹਾਂ ਨੂੰ ਆਸਾਨੀ ਨਾਲ ਬੈਂਕਾਂ ਤੋਂ ਕਰਜ਼ਾ ਦਿਵਾਇਆ ਜਾ ਰਿਹਾ ਹੈ।