Unknown people kidnapped : ਜਲੰਧਰ : ਬੀਤੀ ਦੇਰ ਸ਼ਾਮ ਉਸ ਵੇਲੇ ਈਐਸਆਈ ਹਸਪਤਾਲ ਵਿਚ ਸਨਸਨੀ ਫੈਲ ਗਈ, ਜਦੋਂ ਪਤਾ ਲੱਗਾ ਕਿ ਉਥੇ ਦਾਖਲ ਇਕ ਮਹਿਲਾ ਮਰੀਜ਼ ਦੇ ਪਤੀ ਨੂੰ ਕੁਝ ਅਣਪਛਾਤੇ ਲੋਕ ਹਸਪਤਾਲੋਂ ਹੀ ਅਗਵਾ ਕਰਕੇ ਲੈ ਗਏ। ਅਗਵਾ ਕੀਤੇ ਵਿਅਕਤੀ ਦੀ ਪਛਾਣ 32 ਸਾਲਾ ਨਿਰਮਲ ਸਿੰਘ ਸਿੱਧੂ ਉਰਫ ਬੰਟੀ ਵਾਸੀ ਪਿੰਡ ਡੁਮੰਡਾ, ਨੇੜੇ ਆਦਮਪੁਰ ਜਲੰਧਰ ਵਜੋਂ ਹੋਈ ਹੈ, ਜੋਕਿ ਨੈਟਵਰਕਿੰਗ ਦਾ ਕੰਮ ਕਰਦਾ ਹੈ। ਉਸ ਦੇ ਦੋ ਬੱਚੇ ਵੀ ਹਨ।
ਇਸ ਬਾਰੇ ਜਾਣਕਾਰੀ ਦਿੰਦਿਆਂ ਵਿਅਕਤੀ ਦੀ ਪਤਨੀ ਗੁਰਵਿੰਦਰ ਕੌਰ ਨੇ ਦੱਸਿਆ ਕਿ ਉਹ 22 ਜੁਲਾਈ ਤੋਂ ਈਐਸਆਈ ਹਸਪਤਾਲ ਵਿਚ ਦਾਖਲ ਹੈ। ਉਸ ਦੇ ਨਾਲ ਉਸ ਦਾ ਪਤਾ ਹਸਪਤਾਲ ਵਿਚ ਉਸ ਦੀ ਦੇਖਭਾਲ ਲਈ ਰਹਿ ਰਿਹਾ ਹੈ। ਉਸ ਦਾ ਪਤੀ ਭਾਂਡੇ ਧੋਣ ਲਈ ਹਸਪਤਾਲ ਦੀ ਦੂਜੀ ਮੰਜ਼ਿਲ ’ਤੇ ਗਿਆ ਤਾਂ ਕੁਝ ਪੰਜ-ਛੇ ਵਿਅਕਤੀ ਉਸ ਨੂੰ ਐਂਬੂਲੈਂਸ ਵਰਗੀ ਗੱਡੀ ਵਿਚ ਅਗਵਾ ਕਰਕੇ ਲੈ ਗਏ।
ਗੁਰਵਿੰਦਰ ਨੇ ਦੱਸਿਆ ਕਿ ਬੀਤੇ ਦਿਨ ਦਪੁਹਿਰ ਨੂੰ ਕੁਝ ਅਣਪਛਾਤੇ ਵਿਅਕਤੀ ਮੋਬਾਈਲ ਰਾਹੀਂ ਉਸ ਦੇ ਪਤੀ ਦੀਆਂ ਤਸਵੀਰਾਂ ਲੈਣ ਦੀ ਕੋਸ਼ਿਸ਼ ਕਰ ਰਹੇ ਹਨ, ਜਿਸ ’ਤੇ ਉਨ੍ਹਾਂ ਨੂੰ ਸ਼ੱਕ ਵੀ ਹੋਇਆ ਸੀ। ਉਸ ਨੇ ਕਿਹਾ ਕਿ ਹਸਪਤਾਲ ਵਿਚ ਕਈ ਲੋਕਾਂ ਨੇ ਉਸ ਦੇ ਪਤੀ ਨੂੰ ਅਣਪਛਾਤਿਆਂ ਵੱਲੋਂ ਲਿਜਾਂਦੇ ਹੋਏ ਦੇਖਿਆ ਸੀ। ਇਸ ਦੌਰਾਨ ਪੁਲਿਸ ਦੇ ਸੂਤਰਾਂ ਦਾ ਕਹਿਣਾ ਹੈ ਕਿ ਇਹ ਮਾਮਲਾ ਅਗਵਾ ਦਾ ਨਹੀਂ ਹੈ ਅਤੇ ਆਦਮਪੁਰ ਥਾਣੇ ਦੀ ਪੁਲਿਸ ਨੇ ਨਿਰਮਲ ਸਿੱਧੂ ਨੂੰ ਕਿਸੇ ਮਾਮਲੇ ਸਬੰਧੀ ਹਿਰਾਸਤ ਵਿਚ ਲਿਆ ਹੈ ਪਰ ਅਜੇ ਇਸ ਗੱਲ ਦੀ ਅਧਿਕਾਰਕ ਤੌਰ ’ਤੇ ਪੁਸ਼ਟੀ ਨਹੀਂ ਹੋਈ ਹੈ।