Ex-servicemen warn govt: ਕੇਂਦਰ ਦੇ ਖੇਤੀਬਾੜੀ ਕਾਨੂੰਨਾਂ ਖਿਲਾਫ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਅੰਦੋਲਨ ਦਾ ਅੱਜ 21ਵਾਂ ਦਿਨ ਹੈ। ਠੰਡ ਅਤੇ ਸੰਘਣੀ ਧੁੰਦ ਦੇ ਵਿਚਕਾਰ ਕਿਸਾਨ ਦਿੱਲੀ ਦੀਆਂ ਸਾਰੀਆਂ ਸਰਹੱਦਾਂ ‘ਤੇ ਡਟੇ ਹੋਏ ਹਨ । ਇੱਕ ਪਾਸੇ ਜਿੱਥੇ ਕਿਸਾਨ ਤਿੰਨੋਂ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਜ਼ਿੱਦ ‘ਤੇ ਅੜੇ ਹੋਏ ਹਨ ਤੇ ਉੱਥੇ ਹੀ ਦੂਜੇ ਪਾਸੇ ਸਰਕਾਰ ਵੱਲੋਂ ਨਵੇਂ ਪ੍ਰਸਤਾਵ ਭੇਜੇ ਜਾ ਰਹੇ ਹਨ । ਇਸੇ ਵਿਚਾਲੇ ਕਿਸਾਨਾਂ ਨੂੰ ਸੇਵਾਮੁਕਤ ਫੌਜੀਆਂ ਦਾ ਸਮਰਥਨ ਵੀ ਮਿਲਿਆ ਹੈ । ਪੰਜਾਬ ਦੇ ਸਾਬਕਾ ਫੌਜੀਆਂ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਕਾਨੂੰਨ ਵਾਪਸ ਨਹੀਂ ਲੈਂਦੀ ਅਤੇ ਕਿਸਾਨਾਂ ਦੀ ਮੰਗ ਨੂੰ ਨਹੀਂ ਮੰਨਦੀ ਤਾਂ ਦੇਸ਼ ਭਰ ਤੋਂ ਫੌਜੀ 26 ਜਨਵਰੀ ਨੂੰ ਰਾਸ਼ਟਰਪਤੀ ਨੂੰ ਮੈਡਲ ਵਾਪਸ ਕਰ ਦੇਣਗੇ । ਪੰਜਾਬ ਦੇ ਸਾਬਕਾ ਫੌਜੀਆਂ ਨੇ ਐਲਾਨ ਕੀਤਾ ਹੈ ਕਿ ਦੇਸ਼ ਦੀ ਸ਼ਾਨ ਲਈ ਜਵਾਨ ਦੇਸ਼ ਦੀ ਰਾਖੀ ਕਰਦਾ ਹੈ ਅਤੇ ਕਿਸਾਨ ਦੇਸ਼ ਨੂੰ ਅਨਾਜ ਪੈਦਾ ਕਰਕੇ ਦਿੰਦਾ ਹੈ ਅਤੇ ਇਸੇ ਲਈ ਦੇਸ਼ ਵਿੱਚ ਜੈ ਜਵਾਨ ਜੈ ਕਿਸਾਨ ਦਾ ਨਾਅਰਾ ਹਮੇਸ਼ਾ ਹੀ ਗੂੰਜਦਾ ਰਹਿੰਦਾ ਹੈ । ਸਾਬਕਾ ਫੌਜੀਆਂ ਨੇ ਐਲਾਨ ਕੀਤਾ ਹੈ ਕਿ ਜੇਕਰ ਕਿਸਾਨਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ 26 ਜਨਵਰੀ ਨੂੰ ਪੂਰੇ ਦੇਸ਼ ਦੇ ਸਾਬਕਾ ਫੌਜੀ ਆਪਣੇ ਮੈਡਲ ਰਾਸ਼ਟਰਪਤੀ ਨੂੰ ਵਾਪਸ ਕਰ ਦੇਣਗੇ।
ਦਰਅਸਲ, ਪੰਜਾਬ ਦੇ ਲਗਭਗ ਸਾਢੇ ਤਿੰਨ ਲੱਖ ਸੇਵਾਮੁਕਤ ਸਾਬਕਾ ਫੌਜੀ ਵੀ ਕਿਸਾਨ ਅੰਦੋਲਨ ਦੇ ਸਮਰਥਨ ਲਈ ਤਿਆਰ ਹਨ । ਸਾਬਕਾ ਕਪਤਾਨ ਗੁਲਾਬ ਸਿੰਘ ਨੇ ਫੌਜ ਵਿੱਚ 30 ਸਾਲ ਨੌਕਰੀ ਕੀਤੀ ਅਤੇ ਕੈਪਟਨ ਦੇ ਅਹੁਦੇ ਤੋਂ ਸੇਵਾਮੁਕਤ ਹੋ ਕੇ ਆਪਣੇ ਪਿੰਡ ਵਿੱਚ ਰਹਿ ਰਹੇ ਹਨ । ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਦੇਸ਼ ਦੇ ਹਰ ਉਸ ਕੋਨੇ ਵਿੱਚ ਆਪਣੀ ਸੇਵਾ ਦਿੱਤੀ ਹੈ, ਜਿੱਥੇ ਹਾਲਾਤ ਬਹੁਤ ਮੁਸ਼ਕਿਲ ਹੁੰਦੇ ਹਨ, ਹੁਣ ਗੁਲਾਬ ਸਿੰਘ ਆਪਣੇ ਸਾਥੀਆਂ ਸਣੇ ਦਿੱਲੀ ਲਈ ਰਵਾਨਾ ਹੋ ਗਏ ਹਨ ।
ਗੁਲਾਬ ਸਿੰਘ ਦਾ ਕਹਿਣਾ ਹੈ ਕਿ ਸਾਡਾ ਕਿਸਾਨ ਆਪਣੇ ਹੱਕ ਲਈ ਲੜ ਰਿਹਾ ਹੈ ਤੇ ਅਸੀਂ ਉਨ੍ਹਾਂ ਦੇ ਨਾਲ ਹਾਂ । ਗੁਲਾਬ ਸਿੰਘ ਦਾ ਕਹਿਣਾ ਹੈ ਕਿ ਇੱਕ ਗਰੀਬ ਕਿਸਾਨ ਦਾ ਪੁੱਤਰ ਹੀ ਫੌਜ ਦੀ ਨੌਕਰੀ ਕਰਦਾ ਹੈ । ਦੂਜਿਆਂ ਨੂੰ ਕੋਈ ਲੋੜ ਨਹੀਂ ਹੁੰਦੀ, ਇਸ ਲਈ ਬਾਰਡਰ ‘ਤੇ ਅਸੀਂ ਰਾਖੀ ਕਰਦੇ ਹਨ ਅਤੇ ਸਾਡੇ ਪਰਿਵਾਰ ਆਪਣੀਆਂ ਲੜਾਈਆਂ ਲੜਨ ਲਈ ਦਿੱਲੀ ਬੈਠੇ ਹਨ। ਅਸੀਂ ਉਨ੍ਹਾਂ ਦੇ ਨਾਲ ਖੜ੍ਹੇ ਹਾਂ, ਜੇ ਸਰਕਾਰ ਨੇ ਇਹ ਕਾਨੂੰਨ ਵਾਪਸ ਨਹੀਂ ਲੈਂਦੀ ਤਾਂ ਅਸੀਂ 26 ਜਨਵਰੀ ਨੂੰ ਆਪਣੇ ਫੌਜ ਮੈਡਲ ਵਾਪਸ ਕਰਾਂਗੇ ਅਤੇ ਇਸ ਨੂੰ ਲੈ ਕੇ ਪੂਰੇ ਦੇਸ਼ ਦੇ ਸਾਬਕਾ ਫੌਜੀਆਂ ਦੀ ਇੱਕ ਮੀਟਿੰਗ ਹੋ ਚੁੱਕੀ ਹੈ । ਅਸੀਂ ਆਪਣੇ ਮੈਡਲ 26 ਜਨਵਰੀ ਨੂੰ ਵਾਪਸ ਕਰਾਂਗੇ।
ਦੱਸ ਦੇਈਏ ਕਿ ਕਿਸਾਨ ਅੰਦੋਲਨ ਨੂੰ ਪੰਜਾਬ ਦਾ ਪੂਰਾ ਸਮਰਥਨ ਮਿਲ ਰਿਹਾ ਹੈ, ਇਸ ਤੋਂ ਪਹਿਲਾਂ ਕਈ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖਿਡਾਰੀ ਵੀ ਰਾਸ਼ਟਰਪਤੀ ਨੂੰ ਆਪਣੇ ਮੈਡਲ ਵਾਪਸ ਕਰਨ ਲਈ ਦਿੱਲੀ ਜਾ ਚੁੱਕੇ ਹਨ । ਅਜਿਹੀ ਸਥਿਤੀ ਵਿੱਚ ਹੁਣ ਸਾਬਕਾ ਫੌਜੀਆਂ ਦੇ ਇਸ ਐਲਾਨ ਨਾਲ ਕਿਸਾਨ ਅੰਦੋਲਨ ਨੂੰ ਵਧੇਰੇ ਸਮਰਥਨ ਮਿਲਣ ਦੀ ਉਮੀਦ ਹੈ।