factory fire in Goindwal Sahib: ਕਸਬਾ ਸ਼੍ਰੀ ਗੋਇੰਦਵਾਲ ਸਾਹਿਬ ਵਿਖੇ ਇੰਡਸਟਰੀ ਏਰੀਏ ਵਿੱਚ ਸਥਿਤ ਧਾਗਾ ਫੈਕਟਰੀ ਨੂੰ ਅਚਾਨਕ ਅੱਗ ਲੱਗਣ ਨਾਲ ਕਰੀਬ ਸਵਾ ਕਰੋੜ ਰੁਪਏ ਦਾ ਨੁਕਸਾਨ ਹੋ ਗਿਆ। ਹਾਲਾਂਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਅੱਗ ਲੱਗਣ ਦਾ ਕਾਰਨ ਬਿਜਲੀ ਦਾ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ। ਇਸ ਸਬੰਧੀ ਫੈਕਟਰੀ ਮਾਲਕ ਸੁਰਿੰਦਰ ਸਿੰਘ ਸੈਣੀ ਨੇ ਦੱਸਿਆ ਕਿ ਫੈਕਟਰੀ ਦੇ ਪਿਛਲੇ ਪਾਸੇ ਗੋਦਾਮ ਹੈ, ਜਿਸ ਵਿੱਚ ਤਿਆਰ ਹੋਇਆ ਮਾਲ ਸਟੋਰ ਕੀਤਾ ਹੋਇਆ ਸੀ ਜਿਸਨੂੰ ਅਚਾਨਕ ਅੱਗ ਲੱਗ ਗਈ। ਅੱਗ ‘ਤੇ ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਵਿਭਾਗ ਨੂੰ ਸੂਚਿਤ ਕੀਤਾ ਗਿਆ ਅਤੇ ਜੀ.ਵੀ.ਕੇ ਗੋਇੰਦਵਾਲ ਸਾਹਿਬ, ਤਰਨ ਤਾਰਨ,ਅੰਮ੍ਰਿਤਸਰ, ਪੱਟੀ,ਕਪੂਰਥਲਾ ਤੋਂ ਪਹੁੰਚੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੱਲੋਂ ਕਾਫੀ ਜੱਦੋ ਜਹਿਦ ਤੋਂ ਬਾਅਦ ਅੱਗ ਤੇ ਕਾਬੂ ਪਾਇਆ ਗਿਆ।
ਉਹਨਾਂ ਦੱਸਿਆ ਕਿ ਸਭ ਤੋਂ ਪਹਿਲਾਂ ਮੌਕੇ ਤੇ ਜੀ.ਵੀ.ਕੇ ਥਰਮਲ ਪਲਾਂਟ ਵਾਲਿਆਂ ਦੀ ਗੱਡੀ ਪਹੁੰਚੀ ਜਦਕਿ ਬਾਕੀ ਗੱਡੀਆਂ ਦੂਰੋਂ ਆਉਣ ਕਰਕੇ ਟਾਇਮ ਲੱਗਾ ਉਹਨਾਂ ਕਿਹਾ ਕਿ ਅਗਰ ਇੰਡਸਟਰੀ ਕੰਪਲੈਕਸ ਅੰਦਰ ਫਾਇਰ ਬ੍ਰਿਗੇਡ ਦਾ ਕੋਈ ਪ੍ਰਬੰਧ ਹੁੰਦਾ ਤਾਂ ਨੁਕਸਾਨ ਘੱਟ ਹੋਣਾ ਸੀ। ਇਸ ਸਬੰਧੀ ਸ਼੍ਰੋਮਣੀ ਅਕਾਲੀ ਦਲ ਦੇ ਜਥੇਬੰਦਕ ਸਕੱਤਰ ਕੁਲਦੀਪ ਸਿੰਘ ਔਲਖ ਨੇ ਕਿਹਾ ਕਿ ਗੋਇੰਦਵਾਲ ਸਾਹਿਬ ਇੰਡਸਟਰੀ ਕੰਪਲੈਕਸ ਭਾਰਤ ਵਿੱਚ ਇੱਕ ਇੰਡਸਟਰੀ ਹੱਬ ਦੇ ਤੌਰ ਤੇ ਜਾਣਿਆ ਜਾਂਦਾ ਸੀ ਅਤੇ ਹੁਣ ਵੀ ਬਹੁਤ ਸਾਰੇ ਉੱਦਮੀ ਸਨਅਤਕਾਰ ਗੋਇੰਦਵਾਲ ਸਾਹਿਬ ਵਿਖੇ ਇੰਡਸਟਰੀ ਚਲਾ ਰਹੇ ਹਨ ਪਰ ਦੁੱਖ ਦੀ ਗੱਲ ਹੈ ਕਿ ਇਹੋ ਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਸਰਕਾਰ ਜਾਂ ਪੰਜਾਬ ਲਘੂ ਨਿਰਯਾਤ ਉਦਯੋਗ ਕੋਲ ਕੋਈ ਢੁੱਕਵਾਂ ਪ੍ਰਬੰਧ ਨਹੀਂ ਹੈ। ਉਹਨਾਂ ਹੈਰਾਨੀ ਪ੍ਰਗਟਾਈ ਕਿ ਅੱਗ ਲੱਗਣ ਵਾਲੀ ਫੈਕਟਰੀ ਤੋਂ ਮਹਿਜ 100 ਗਜ ਦੀ ਦੂਰੀ ਤੇ ਪੰਜਾਬ ਲਘੂ ਨਿਰਯਾਤ ਉਦਯੋਗ ਦੀ ਫਾਇਰ ਬ੍ਰਿਗੇਡ ਗੱਡੀ ਬੰਦ ਪਈ ਹੈ ਜੋ ਕਿ ਸਰਕਾਰ ਅਤੇ ਸਬੰਧਿਤ ਮਹਿਕਮੇ ਦੀ ਨਲਾਇਕੀ ਹੈ।