ਕੇਂਦਰ ਸਰਕਾਰ ਦੇ ਤਿੰਨ ਨਵੇਂ ਖੇਤੀਬਾੜੀ ਕਾਨੂੰਨਾਂ ਵਿਰੁੱਧ ਦਿੱਲੀ ਦੇ ਬਾਰਡਰਾਂ ‘ਤੇ ਜਾਰੀ ਕਿਸਾਨ ਅੰਦੋਲਨ ਨੂੰ 300 ਤੋਂ ਵੱਧ ਦਿਨ ਦਾ ਸਮਾਂ ਹੋ ਗਿਆ ਹੈ । ਜਿੱਥੇ ਇੱਕ ਪਾਸੇ ਕਿਸਾਨਾਂ ਨੇ ਇਨ੍ਹਾਂ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਠਾਣੀ ਹੈ, ਉੱਥੇ ਹੀ ਸਰਕਾਰ ਵੀ ਆਪਣੇ ਫੈਸਲੇ ਤੋਂ ਹਿਲਦੀ ਨਜ਼ਰ ਨਹੀਂ ਆ ਰਹੀ ।
ਇਸ ਦੌਰਾਨ ਸੰਘਰਸ਼ ਕਰ ਰਹੇ ਕਈ ਕਿਸਾਨ ਆਪਣੀ ਜਾਨ ਗੁਆ ਚੁੱਕੇ ਹਨ । ਇਸੇ ਵਿਚਾਲੇ ਅੱਜ ਫਿਰ ਕਿਸਾਨ ਅੰਦੋਲਨ ਤੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ। ਦਰਅਸਲ, ਦਿੱਲੀ ‘ਤੇ ਬਾਰਡਰਾਂ ‘ਤੇ ਜਾਰੀ ਕਿਸਾਨੀ ਸੰਘਰਸ਼ ਵਿੱਚ ਲਗਾਤਾਰ ਅਹਿਮ ਜ਼ਿੰਮੇਵਾਰੀ ਨਿਭਾਉਂਦੇ ਆ ਰਹੇ ਕਿਸਾਨ ਆਗੂ ਅਮਨਦੀਪ ਸਿੰਘ ਸ਼ਹੀਦ ਹੋ ਗਏ ਹਨ।
ਇਹ ਵੀ ਪੜ੍ਹੋ: ਸਿੱਧੂ ਦਾ ਆਪਣੀ ਹੀ ਸਰਕਾਰ ‘ਤੇ ਫਿਰ ਨਿਸ਼ਾਨਾ, AG ਤੇ DGP ਦੀ ਨਿਯੁਕਤੀ ਨੂੰ ਲੈ ਕੇ ਕਹੀ ਵੱਡੀ ਗੱਲ
ਇਸ ਸਬੰਧੀ ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਦੇ ਜ਼ਿਲ੍ਹਾ ਜਰਨਲ ਸਕੱਤਰ ਰਣ ਸਿੰਘ ਚੱਠਾ ਨੇ ਦੱਸਿਆ ਕਿ ਅਮਨਦੀਪ ਸਿੰਘ ਸ਼ਾਹਪੁਰ ਕਲਾਂ ਕਿਸਾਨ ਜਥੇਬੰਦੀ ਸਿੱਧੂਪੁਰ ਵੱਲੋਂ ਸ਼ਾਹਪੁਰ ਕਲਾਂ ਦੀ ਇਕਾਈ ਦਾ ਪ੍ਰਧਾਨ ਸੀ ਜੋ ਕਿ ਦਿੱਲੀ ਬਾਰਡਰ ’ਤੇ ਚੱਲ ਰਹੇ ਕਿਸਾਨ ਅੰਦੋਲਨ ’ਚ ਅਹਿਮ ਭੂਮਿਕਾ ਨਿਭਾਅ ਰਿਹਾ ਸੀ।
ਕਿਸਾਨ ਆਗੂਆਂ ਨੇ ਦੱਸਿਆ ਕਿ ਅਮਨਦੀਪ ਸਿੰਘ ਹੁਣ ਵੀ ਲਗਾਤਾਰ ਦਿੱਲੀ ਕਿਸਾਨ ਅੰਦੋਲਨ ਵਿੱਚ ਹੀ ਹਾਜ਼ਰ ਰਹਿੰਦਾ ਸੀ , ਦਿੱਲੀ ਅੰਦੋਲਨ ਅਮਨਦੀਪ ਸਿੰਘ ਦੀ ਸਿਹਤ ਖ਼ਰਾਬ ਹੋਣ ਕਾਰਨ ਨਾਲ ਦੇ ਕਿਸਾਨਾਂ ਨੇ ਅਮਨਦੀਪ ਸਿੰਘ ਨੂੰ ਦਵਾਈ ਲੈਣ ਤੇ ਕੁਝ ਦਿਨ ਆਰਾਮ ਕਰਨ ਦੀ ਸਲਾਹ ਦਿੰਦਿਆਂ ਪਿੰਡ ਭੇਜ ਦਿੱਤਾ ਸੀ ਅਤੇ ਪਿੰਡ ਆਉਂਦਿਆਂ ਹੀ ਅਗਲੇ ਦਿਨ ਅਮਨਦੀਪ ਸਿੰਘ ਦੀ ਸਿਹਤ ਕੁਝ ਜ਼ਿਆਦਾ ਖ਼ਰਾਬ ਹੋ ਗਈ ਅਤੇ ਕੁਝ ਹੀ ਸਮੇਂ ’ਚ ਅਮਨਦੀਪ ਸਿੰਘ ਦੀ ਅਚਾਨਕ ਮੌਤ ਹੋ ਗਈ ਹੈ।
ਇਹ ਵੀ ਪੜ੍ਹੋ: ਬਹਿਬਲਕਲਾਂ ਗੋਲੀਕਾਂਡ, ਸਾਬਕਾ ਐੱਸ. ਐੱਸ. ਪੀ. ਚਰਨਜੀਤ ਸ਼ਰਮਾ ਨੇ ਕੀਤਾ ਵੱਡਾ ਖੁਲਾਸਾ
ਦੱਸ ਦੇਈਏ ਕਿ ਕਿਸਾਨ ਆਗੂਆਂ ਵੱਲੋਂ ਪੰਜਾਬ ਸਰਕਾਰ ਤੋਂ ਅਮਨਦੀਪ ਸਿੰਘ ਵੱਲੋਂ ਕਿਸਾਨੀ ਸੰਘਰਸ਼ ਵਿੱਚ ਪਾਏ ਯੋਗਦਾਨ ਦੇ ਬਦਲੇ ਉਨ੍ਹਾਂ ਦੇ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦੀ ਮੰਗ ਕੀਤੀ ਗਈ ਹੈ ।