ਕਿਸਾਨਾਂ ਦੇ ਤੀਜੇ ਦਿਨ ਵੀ ਰੇਲ ਰੋਕੋ ਅੰਦੋਲਨ ਦੇ ਚਲਦਿਆਂ ਬੁੱਧਵਾਰ ਨੂੰ 128 ਟ੍ਰੇਨਾਂ ਪ੍ਰਭਾਵਿਤ ਹੋਈਆਂ ਹਨ । ਕਿਸਾਨਾਂ ਨੇ ਅੰਮ੍ਰਿਤਸਰ-ਬਿਆਸ ਸੈਕਸ਼ਨ, ਫਿਰੋਜ਼ਪੁਰ-ਬਠਿੰਡਾ-ਜਲੰਧਰ-ਲੁਧਿਆਣਾ, ਜਲੰਧਰ-ਪਠਾਨਕੋਟ ਅਤੇ ਟਾਂਡਾ ਉੜਮੁੜ-ਖੁੱਡਾ ਕੁਰਾਲਾ ਤੋਂ ਇਲਾਵਾ ਹੁਣ ਫਾਜ਼ਿਲਕਾ ਅਤੇ ਮੋਗਾ ਦੇ ਰੇਲਵੇ ਟ੍ਰੈਕ ‘ਤੇ ਧਰਨਾ ਸ਼ੁਰੂ ਕਰ ਦਿੱਤਾ ਹੈ। ਇਸ ਕਾਰਨ ਰੇਲ ਡਵੀਜ਼ਨ ਫ਼ਿਰੋਜ਼ਪੁਰ ਦੀਆਂ 59 ਟ੍ਰੇਨਾਂ (ਮੇਲ-ਐਕਸਪ੍ਰੈਸ ਅਤੇ ਪੈਸੇਂਜਰ) ਰੱਦ ਕਰ ਦਿੱਤੀਆਂ ਗਈਆਂ ਹਨ । ਉੱਥੇ ਹੀ 35 ਮੇਲ-ਐਕਸਪ੍ਰੈਸ ਟ੍ਰੇਨਾਂ ਨੂੰ ਸ਼ਾਰਟ ਟਰਮੀਨੇਟ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ 35 ਟ੍ਰੇਨਾਂ ਨੂੰ ਹੋਰ ਸਟੇਸ਼ਨਾਂ ‘ਤੇ ਰੋਕਣ ਤੋਂ ਬਾਅਦ ਉਥੋਂ ਉਨ੍ਹਾਂ ਦੇ ਨਿਰਧਾਰਤ ਸਟੇਸ਼ਨਾਂ ‘ਤੇ ਰਵਾਨਾ ਕੀਤਾ ਜਾ ਰਿਹਾ ਹੈ। ਇਹ ਟ੍ਰੇਨਾਂ ਪੰਜਾਬ ਵਿੱਚ ਦਾਖਲ ਨਹੀਂ ਹੋ ਰਹੀਆਂ ਹਨ।
ਇਸ ਸਬੰਧੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਦੱਸਿਆ ਕਿ ਉਨ੍ਹਾਂ ਦੀ ਯੂਨੀਅਨ ਵੱਲੋਂ ਅੰਮ੍ਰਿਤਸਰ ਵਿੱਚ ਆਈਜੀ ਬਾਰਡਰ ਜ਼ੋਨ, ਡਿਪਟੀ ਕਮਿਸ਼ਨਰ ਅੰਮ੍ਰਿਤਸਰ ਅਤੇ ਐਸਐਸਪੀ ਨਾਲ ਮੀਟਿੰਗ ਕੀਤੀ ਗਈ ਸੀ, ਪਰ ਉਨ੍ਹਾਂ ਦੀਆਂ ਮੰਗਾਂ ਦਾ ਕੋਈ ਹੱਲ ਨਹੀਂ ਨਿਕਲਿਆ। ਇਸ ਲਈ ਬੁੱਧਵਾਰ ਨੂੰ ਕਿਸਾਨਾਂ ਨੇ ਫਾਜ਼ਿਲਕਾ ਅਤੇ ਮੋਗਾ ਰੇਲ ਸੈਕਸ਼ਨ ‘ਤੇ ਧਰਨਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਹੌਲੀ-ਹੌਲੀ ਡਵੀਜ਼ਨ ਵਿੱਚ ਹੋਰ ਥਾਵਾਂ ’ਤੇ ਰੇਲ ਪਟੜੀਆਂ ’ਤੇ ਧਰਨੇ ਦੇਣ ਦੀ ਯੋਜਨਾ ਤਿਆਰ ਕੀਤੀ ਗਈ ਹੈ।
ਇਹ ਵੀ ਪੜ੍ਹੋ: Omicron : ਭਾਰਤ ‘ਚ 5 ਦਿਨਾਂ ‘ਚ ਦੁੱਗਣੇ ਹੋਏ ਮਾਮਲੇ, WHO ਨੇ ਇਸ ਖ਼ਤਰੇ ਬਾਰੇ ਦਿੱਤੀ ਚੇਤਾਵਨੀ
ਦੱਸ ਦੇਈਏ ਕਿ ਬੁੱਧਵਾਰ ਨੂੰ ਦੇਵੀਦਾਸਪੁਰਾ ਵਿੱਚ ਰੇਲਵੇ ਟ੍ਰੈਕ ‘ਤੇ ਹੀ ਗੁਰੂ ਸਾਹਿਬ ਜੀ ਦੇ ਵੱਡੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਕਥਾ-ਕੀਰਤਨ ਕਰਕੇ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ | ਕਿਸਾਨਾਂ ਦੇ ਧਰਨੇ ਪ੍ਰਦਰਸ਼ਨ ਵਿੱਚ ਔਰਤਾਂ ਵੀ ਸ਼ਾਮਿਲ ਹਨ। ਪੰਧੇਰ ਨੇ ਕਿਹਾ ਕਿ ਵੱਖ-ਵੱਖ ਪਿੰਡਾਂ ਦੇ ਪਿੰਡ ਵਾਸੀ ਰੇਲਵੇ ਟ੍ਰੈਕ ‘ਤੇ ਧਰਨਾ ਦੇਣ ਲਈ ਤਿਆਰ ਹਨ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਆਉਣ ਵਾਲੇ ਦਿਨਾਂ ਵਿੱਚ ਵੱਖ-ਵੱਖ ਪਿੰਡਾਂ ਦੀਆਂ ਦਿਹਾਤੀ ਮੰਡਲਾਂ ਨੇ ਹੋਰ ਰੇਲ ਪਟੜੀਆਂ ‘ਤੇ ਟੈਂਟ ਲਗਾ ਕੇ ਧਰਨੇ ‘ਤੇ ਬੈਠਣ ਦੀ ਤਿਆਰੀ ਕਰ ਲਈ ਹੈ।
ਵੀਡੀਓ ਲਈ ਕਲਿੱਕ ਕਰੋ -: