Farmers continue dharnas : ਰੇਲ ਰੋਕੋ ਮੁਹਿੰਮ ਦੇ ਤੀਜੇ ਦਿਨ ਸ਼ਨੀਵਾਰ ਨੂੰ ਕਿਸਾਨਾਂ ਦਾ ਧਰਨਾ ਹੋਰ ਤੇਜ਼ ਹੁੰਦਾ ਦਿਖਿਆ। ਅੰਮ੍ਰਿਤਸਰ, ਬਠਿੰਡਾ ਤੇ ਮਾਨਸਾ ਸਮੇਤ ਇੱਕ ਦਰਜਨ ਤੋਂ ਵੱਧ ਥਾਵਾਂ ‘ਤੇ ਕਿਸਾਨ ਧਰਨੇ ‘ਤੇ ਬੈਠੇ। ਮਾਲਵਾ ਦੇ ਵੱਖ-ਵੱਖ ਹਿੱਸਿਆਂ ‘ਚ ਰੇਲਵੇ ਟਰੈਕ ‘ਤੇ ਜਾਰੀ ਧਰਨਿਆਂ ‘ਚ ਸੈਂਕੜੇ ਕਿਸਾਨਾਂ ਨੇ ਹਿੱਸਾ ਲਿਆ। ਅੰਮ੍ਰਿਤਸਰ ‘ਚ ਕਿਸਾਨਾਂ ਨੇ ਅਰਧ ਨਗਨ ਹੋ ਕੇ ਪ੍ਰਦਰਸ਼ਨ ਕੀਤਾ। ਇਹ ਖੇਤੀ ਬਿੱਲਾਂ ਨੂੰ ਰੱਦ ਕਰਨ ਸਮੇਤ ਕਈ ਮੰਗਾਂ ਕਰ ਰਹੇ ਹਨ।
ਸੰਗਰੂਰ ਦੇ ਛਾਜਲੀ ‘ਚ ਰੇਲਵੇ ਟਰੈਕ ‘ਤੇ ਧਰਨਾ 54 ਘੰਟਿਆਂ ਬਾਅਦ ਚੁੱਕ ਲਿਆ ਗਿਆ। ਪ੍ਰਦਰਸ਼ਨਕਾਰੀਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਕੇਂਦਰ ਸਰਕਾਰ ਨੇ ਖੇਤੀ ਬਿੱਲਾਂ ਨੂੰ ਵਾਪਸ ਨਹੀਂ ਲਿਆ ਤਾਂ 1 ਅਕਤੂਬਰ ਤੋਂ ਦੁਬਾਰਾ ਰੇਲਵੇ ਟਰੈਕ ਜਾਮ ਕੀਤਾ ਜਾਵੇਗਾ ਜੋ ਬਿੱਲ ਵਾਪਸ ਲੈਣ ਤੱਕ ਜਾਰੀ ਰਹੇਗਾ। ਭਾਕਿਯੂ ਕੋਰ ਕਮੇਟੀ ਨੇ ਬੈਠਕ ਕਰਕੇ ਰਣਨੀਤੀ ਤੈਅ ਕੀਤੀ ਅਤੇ ਐਲਾਨ ਕੀਤਾ ਕਿ ਆਉਣ ਵਾਲੇ ਦਿਨਾਂ ‘ਚ ਕਿਸਾਨ ਪ੍ਰਦਰਸ਼ਨ ਹੋਰ ਤੇਜ਼ ਕਰਨਗੇ।
ਕਾਂਗਰਸ ਵਿਧਾਇਕ ਰਮਿੰਦਰ ਆਂਵਲਾ ਦੀ ਅਗਵਾਈ ‘ਚ ਅਨਾਜ ਮੰਡੀ ‘ਚ ਟਰੈਕਟਰ ਕਿਸਾਨ ਰੋਸ ਰੈਲੀ ਕੱਢੀ। ਇਸ ‘ਚ 2000 ਤੋਂ ਵੱਧ ਟਰੈਕਟਰਾਂ ‘ਤੇ ਸਵਾਰ ਕਿਸਾਨਾਂ ਤੇ ਪਾਰਟੀ ਵਰਕਰਾਂ ਨੇ ਹਿੱਸਾ ਲਿਆ। ਇਸੇ ਤਰ੍ਹਾਂ ਖੇਤੀ ਬਿੱਲਾਂ ਖਿਲਾਫ ਧਰਮਕੋਟ ‘ਚ ਕਿਸਾਨਾਂ ਨੇ ਨੈਸ਼ਨਲ ਹਾਈਵੇ ਮੋਗਾ-ਜਲੰਧਰ ਨੂੰ ਬਾਬਾ ਗੇਂਦੀ ਰਾਮ ਦੀ ਨਹਿਰਾਂ ‘ਤੇ ਜਾਮ ਕੀਤਾ। ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਬਲਾਕ ਪ੍ਰਧਾਨ ਨਛੱਤਰ ਸਿੰਘ ਰਸੂਲਪੁਰ ਨੇ ਕਿਹਾ ਕਿ ਕਾਲੇ ਕਾਨੂੰਨ ਕਿਸਾਨੀ ਨੂੰ ਤਬਾਹ ਕਰ ਦੇਣਗੇ।