Farmers’ organization finds : ਖਡੂਰ ਸਾਹਿਬ : ਕਿਸਾਨ-ਮਜਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਬਲਾਕ ਵਿਕਾਸ ਦਫਤਰ ਖਡੂਰ ਸਾਹਿਬ ਦੇ ਪਟਵਾਰੀ ਵਲੋਂ ਲਈ 5000 ਰੁਪਏ ਦੀ ਰਿਸ਼ਵਤ ਦੇ ਵਿੱਚ ਬਲਾਕ ਦਫਤਰ ਵਿਖੇ ਲਗਾਏ ਧਰਨੇ ਨੇ ਉਸ ਵੇਲੇ ਦਫਤਰ ਦੇ ਕਰਮਚਾਰੀਆਂ ਦੀਆਂ ਪਰਤਾਂ ਉਧੇੜ ਦਿੱਤੀਆਂ ਜਦੋਂ ਬੀ.ਡੀ.ਪੀ.ਓ ਦਫਤਰ ਦੇ ਨਜਦੀਕ ਕਮਰੇ ‘ਚੋਂ ਕਰੀਬ ਦੋ ਦਰਜਨ ਖਾਲੀ ਸ਼ਰਾਬ ਦੀਆਂ ਬੋਤਲਾਂ ਧਰਨਕਾਰੀਆਂ ਨੂੰ ਬਰਾਮਦ ਹੋਈਆਂ।ਧਰਨੇ ਦੀ ਅਗਵਾਈ ਕਰ ਰਹੇ ਸ਼ਹੀਦ ਬਾਬਾ ਬਲਾਕ ਸਿੰਘ ਜ਼ੋਨ ਕੰਗ ਦੇ ਪ੍ਰਧਾਨ ਹਰਬਿੰਦਰਜੀਤ ਸਿੰਘ ਕੰਗ ਤੇ ਸਤਨਾਮ ਸਿੰਘ ਕਲਾਹ ਨੇ ਧਰਨੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬੀਤੇ ਦਿਨੀਂ ਬਲਾਕ ਦੇ ਪਟਵਾਰੀ ਹਰਮਨਜੀਤ ਸਿੰਘ ਨੇ ਪਿੰਡ ਜਹਾਂਗੀਰ ਦੇ ਵਾਸੀ ਰਮਨਪ੍ਰੀਤ ਕੋਲੋਂ ਰਸਤੇ ਦੀ ਨਿਸ਼ਾਨਦੇਹੀ ਬਦਲੇ 5000 ਰੁਪਏ ਦੀ ਰਿਸ਼ਵਤ ਲਈ ਸੀ।ਜਦੋਂ ਇਸ ਸਬੰਧੀ ਜਥੇਬੰਦੀ ਕੋਲ ਮਸਲਾ ਪੁੱਜਾ ਤਾਂ ਕੁਝ ਆਗੂਆਂ ਨੇ ਮਾਮਲਾ ਬੀ.ਡੀ.ਪੀ.ਓ ਖਡੂਰ ਸਾਹਿਬ ਗੁਰਮੀਤ ਸਿੰਘ ਕਾਹਲੋਂ ਦੇ ਧਿਆਨ ਵਿਚ ਲਿਆਉਣ ਲਈ ਉਨ੍ਹਾਂ ਨਾਲ ਮੁਲਾਕਾਤ ਕੀਤੀ ਅਤੇ ਪਟਵਾਰੀ ਕੋਲੋਂ ਪੈਸੇ ਵਾਪਸ ਕਰਵਾਉਣ ਬਾਰੇ ਕਿਹਾ।
ਪਰ ਅੱਗੋਂ ਛੱਪੜ ਦਾ ਡੱਡੂ ਗਵਾਹ ਵਾਲੀ ਕਹਾਵਤ ਨੂੰ ਸੱਚ ਕਰਦੇ ਹੋਏ ਪਟਵਾਰੀ ਕੋਲੋਂ ਰਿਸ਼ਵਤ ਦੇ ਪੈਸੇ ਵਾਪਸ ਕਰਵਾਉਣ ਦੀ ਜਗ੍ਹਾ ਜਥੇਬੰਦੀ ਦੇ ਆਗੂਆਂ ਨੁੰ ਗਲਤ ਸ਼ਬਦ ਬੋਲਣ ਲੱਗ ਪਿਆ।ਜਿਸ ਕਾਰਨ ਮਜਬੂਰ ਹੋ ਕਿ ਜਥੇਬੰਦੀ ਨੂੰ ਧਰਨਾ ਦੇਣਾ ਪੈ ਰਿਹਾ ਹੈ।ਇਸ ਮੌਕੇ ਆਗੂਆਂ ਨੇ ਦੱਸਿਆ ਕਿ ਧਰਨੇ ਦੌਰਾਨ ਬੀ.ਡੀ.ਪੀ.ਓ ਦਫਤਰ ਦੇ ਨੇੜੇ ਕਮਰੇ ਵਿੱਚੋਂ ਵੋਦਕਾ, ਇੰਪੀਰੀਅਲ ਬਿਲਿਊ, ਗਿੰਨੀ, ਮਿਕਡਾਵਲ ਆਦਿ ਬਰੈਂਡ ਦੀ ਸ਼ਰਾਬ ਦੇ ਖਾਲੀ ਅਦੀਏ, ਪਊਏ ਤੇ ਬੋਤਲਾਂ ਬਰਾਮਦ ਹੋਈਆਂ।ਜਿਸ ਤੋਂ ਇਹ ਸਾਫ ਦਿਖਾਈ ਦਿੰਦਾ ਹੈ ਕਿ ਸਰਕਾਰੀ ਦਫਤਰਾਂ ਵਿੱਚ ਮੁਲਾਜ਼ਮ ਲੋਕਾਂ ਦੇ ਸਿਰੋਂ ਰਿਸ਼ਵਤ ਦੇ ਪੈਸਿਆਂ ਨਾਲ ਕਿਵੇਂ ਐਸ਼ ਲੈ ਰਹੇ ਹਨ।
ਇਸ ਮੌਕੇ ਆਗੂਆਂ ਨੇ ਮੰਗ ਕੀਤੀ ਕਿ ਪਟਵਾਰੀ ਉਪਰ ਰਿਸ਼ਵਤ ਲੈਣ ਅਤੇ ਦਫਤਰ ਨੂੰ ਸ਼ਰਾਬ ਦਾ ਅਹਾਤਾ ਬਣਾਉਣ ਵਾਲਿਆਂ ਕਰਮਾਚੀਆਂ ਉਪਰ ਵੀ ਸਖਤ ਕਾਰਵਾਈ ਕੀਤੀ ਜਾਵੇ।।ਇਸ ਮੌਕੇ ਦਫਤਰ ਦੇ ਕਰਮਚਾਰੀ ਆਪਣੀਆਂ ਕੁਰਸੀਆਂ ਛੱਡ ਕੇ ਗਾਇਬ ਰਹੇ। ਉਕਤ ਮਸਲੇ ਸਬੰਧੀ ਜਦੋਂ ਬੀ.ਡੀ.ਪੀ.ਓ ਖਡੂਰ ਸਾਹਿਬ ਗੁਰਮੀਤ ਸਿੰਘ ਕਾਹਲੋਂ ਨਾਲ ਫੋਨ ਤੇ ਰਾਬਤਾ ਕੀਤਾ ਤਾਂ ਉਹਨਾਂ ਕਿਹਾ ਕਿ ਰਿਸ਼ਵਤ ਲੈਣ ਦੀ ਪੜਤਾਲ ਕਰਕੇ ਬਣਦੀ ਕਾਰਵਾਈ ਕੀਤੀ ਜਾਵੇਗੀ ਅਤੇ ਜੋ ਸ਼ਰਾਬ ਦੀਆਂ ਖਾਲੀ ਬੋਤਲਾਂ ਮਿਲੀਆਂ ਹਨ ।ਉਹ ਸਾਡੇ ਕਿਸੇ ਵੀ ਕਰਮਚਾਰੀ ਦੀਆਂ ਨਹੀ ਹਨ।